ਅੱਜ ਅੰਮ੍ਰਿਤਸਰ ਵਿਖੇ ਕੈਪੀਟਲ ਲੋਕਲ ਏਰੀਆ ਬੈਂਕ ਦਾ ਉਦਘਾਟਨੀ ਸਮਾਰੋਹ ਉਸ ਸਮੇਂ ਹੋਰ ਵੀ ਯਾਦਗਾਰੀ ਤੇ ਖੁਸ਼ਗਵਾਰ ਹੋ ਗਿਆ ਜਦੋਂ ਉਦਘਾਟਨ ਸਮੇਂ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਕਾਂਗਰਸ ਦੇ ਸਾਬਕਾ ਮੰਤਰੀ ਸ. ਅਮਰਜੀਤ ਸਿੰਘ ਸਮਰਾ, ਪ੍ਰਮੁੱਖ ਕਾਂਗਰਸੀ ਆਗੂ ਵੀ ਆ ਗਏ। ਬੈਂਕ ਦੇ ਉਦਘਾਟਨ ਤੋਂ ਬਾਅਦ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਕਾਂਗਰਸ ਦੇ ਸਾਬਕਾ ਮੰਤਰੀ ਸ. ਅਮਰਜੀਤ ਸਿੰਘ ਸਮਰਾ, ਕਾਂਗਰਸੀ ਵਿਧਾਨਕਾਰ ਸ੍ਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੇਂਦਰੀ ਮੰਤਰੀ ਸ੍ਰੀ ਰਘੁਨੰਦਨ ਲਾਲ ਭਾਟੀਆ, ਸਾਬਕਾ ਵਿਧਾਇਕ ਸ. ਜਸਬੀਰ ਸਿੰਘ ਡਿੰਪਾ ਤੇ ਹੋਰ ਪ੍ਰਮੁੱਖ ਕਾਂਗਰਸੀ ਵਿਧਾਇਕਾਂ ਨੇ ਇਕੱਠਿਆਂ ਚਾਹ ਦਾ ਪਿਆਲਾ ਪੀਤਾ ਅਤੇ ਆਪਸੀ ਵਿਚਾਰਾਂ ਦੀ ਸਾਂਝ ਪਾਈ। ਸੱਤਾ ਧਿਰ ਅਤੇ ਵਿਰੋਧੀ ਧਿਰ ਵੱਲੋਂ ਜਿਸ ਪਿਆਰ ਅਤੇ ਸਦਭਾਵਨਾਂ ਨਾਲ ਸਾਂਝੇ ਤੌਰ 'ਤੇ ਇਸ ਬੈਂਕ ਦਾ ਉਦਘਾਟਨ ਕੀਤਾ ਗਿਆ ਉਸ ਤੋਂ ਮੀਡੀਆ ਅਤੇ ਹਾਜ਼ਰ ਲੋਕ ਵੀ ਹੈਰਾਨ ਸਨ।
ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਕੈਪੀਟਲ ਲੋਕਲ ਏਰੀਆ ਬੈਂਕ ਦੀ ਅੰਮ੍ਰਿਤਸਰ ਬ੍ਰਾਂਚ ਦਾ ਉਦਘਾਟਨ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਸ. ਮਜੀਠੀਆ ਨੇ ਕਿਹਾ ਕਿ ਉਹ ਸ. ਅਮਰਜੀਤ ਸਿੰਘ ਸਮਰਾ ਦਾ ਉਹ ਬਹੁਤ ਸਤਿਕਾਰ ਕਰਦੇ ਹਨ ਅਤੇ ਸਮਰਾ ਸਾਹਿਬ ਵੱਲੋਂ ਦਿੱਤੇ ਉਦਘਾਟਨ ਦੇ ਸੱਦੇ ਨੂੰ ਉਹ ਮੋੜ ਨਹੀਂ ਸੀ ਸਕਦੇ। ਸ. ਮਜੀਠੀਆ ਨੇ ਕਿਹਾ ਕਿ ਬੈਂਕ ਦੇ ਉਦਘਾਟਨ ਮੌਕੇ ਕਾਂਗਰਸ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਦਾ ਇਕੱਠਿਆਂ ਸ਼ਾਮਲ ਹੋਣਾ ਇੱਕ ਸ਼ੁਭ ਸ਼ਗਨ ਹੈ ਅਤੇ ਇਸ ਨਾਲ ਰਾਜਨੀਤੀਵਾਨਾਂ 'ਚ ਆਪਸੀ ਪਿਆਰ ਤੇ ਸਦਭਾਵਨਾ ਵਧੇਗੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜਿਕ ਕਾਰਜਾਂ ਵਿੱਚ ਸਾਰਿਆਂ ਦੇ ਸਾਂਝੇ ਯਤਨਾਂ ਦੀ ਲੋੜ ਹੁੰਦੀ ਹੈ ਅਤੇ ਅਜਿਹੇ ਸਾਂਝੇ ਯਤਨ ਹਮੇਸ਼ਾਂ ਹੀ ਚੰਗੇ ਨਤੀਜੇ ਸਾਹਮਣੇ ਲਿਆਉਂਦੇ ਹਨ। ਸ. ਮਜੀਠੀਆ ਨੇ ਕਿਹਾ ਕਿ ਜਿਸ ਤਰਾਂ ਦੇ ਸਦਭਾਵਨਾਂ ਭਰੇ ਮਾਹੌਲ ਵਿੱਚ ਇਸ ਬੈਂਕ ਦੀ ਸ਼ੁਰੂਆਤ ਹੋਈ ਹੈ, ਕਿਹਾ ਜਾ ਸਕਦਾ ਹੈ ਕਿ ਇਹ ਬੈਂਕ ਕਾਮਯਾਬੀ ਦੀਆਂ ਨਵੀਆਂ ਮੰਜ਼ਿਲਾਂ ਨੂੰ ਛੂਹੇਗੀ।
ਇਸ ਮੌਕੇ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੈਪੀਟਲ ਲੋਕਲ ਏਰੀਆ ਬੈਂਕ ਨੇ ਅੰਮ੍ਰਿਤਸਰ 'ਚ ਆਪਣੀ ਸ਼ਾਖਾ ਖੋਲ੍ਹੀ ਹੈ। ਉਨ੍ਹਾਂ ਕਿਹਾ ਕਿ 14 ਸਾਲ ਪਹਿਲਾਂ ਪੰਜਾਬ ਦੇ ਦੁਆਬਾ ਖੇਤਰ ਤੋਂ ਸ਼ੁਰੂ ਹੋਈ ਇਸ ਬੈਂਕ ਨੇ ਜਿਥੇ ਸ਼ਹਿਰੀ ਲੋਕਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਉਥੇ ਇਸ ਬੈਂਕ ਨੇ ਪੇਂਡੂ ਇਲਾਕਿਆਂ ਵਿੱਚ ਵੀ ਆਪਣੀਆਂ ਬੇਮਿਸਾਲ ਬੈਂਕਿੰਗ ਸਹੂਲਤਾਂ ਦਿੱਤੀਆਂ ਹਨ।
ਇਸ ਮੌਕੇ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸ. ਸਰਵਜੀਤ ਸਿੰਘ ਸਮਰਾ ਨੇ ਦੱਸਿਆ ਕਿ ਕੈਪੀਟਲ ਲੋਕਲ ਏਰੀਆ ਬੈਂਕ ਨੇ ਆਪਣਾ ਕਾਰੋਬਾਰ 14 ਜਨਵਰੀ 2000 ਨੂੰ ਸ਼ੁਰੂ ਕੀਤਾ ਸੀ ਅਤੇ ਪਿਛਲੇ 14 ਸਾਲਾਂ ਤੋਂ ਇਸ ਬੈਂਕ ਵੱਲੋਂ ਪੰਜਾਬ ਦੇ ਦੁਆਬਾ ਖੇਤਰ 'ਚ ਬੈਂਕਿੰਗ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਬੈਂਕ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਵੀ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹਨ। ਸ. ਸਮਰਾ ਨੇ ਕਿਹਾ ਕਿ ਅੰਮ੍ਰਿਤਸਰ ਦੀ ਇਸ ਬ੍ਰਾਂਚ ਸਮੇਤ ਬੈਂਕ ਦੀਆਂ 31 ਬਰਾਚਾਂ ਪੰਜਾਬ ਵਿੱਚ ਕੰਮ ਕਰ ਰਹੀਆਂ ਅਤੇ 2,37,000 ਬੈਂਕ ਦੇ ਗ੍ਰਾਹਕ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬੈਂਕ ਦਾ ਕੁੱਲ ਕਾਰੋਬਾਰ 1800 ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੈ। ਉਨ੍ਹਾਂ ਕਿਹਾ ਛੇਤੀ ਹੀ ਬੈਂਕ ਵੱਲੋਂ ਪਿੰਡਾਂ ਵਿੱਚ ਵੀ ਆਪਣੀਆਂ ਸ਼ਾਖਾਵਾਂ ਵਧਾਈਆਂ ਜਾਣਗੀਆਂ।ਇਸ ਮੌਕੇ ਮੇਅਰ ਅੰਮ੍ਰਿਤਸਰ ਸ੍ਰੀ ਬਖਸ਼ੀ ਰਾਮ ਅਰੋੜਾ, ਕਾਂਗਰਸੀ ਵਿਧਾਨਕਾਰ ਸ੍ਰੀ ਓਮ ਪ੍ਰਕਾਸ਼ ਸੋਨੀ, ਸਾਬਕਾ ਕੇਂਦਰੀ ਮੰਤਰੀ ਸ੍ਰੀ ਰਘੁਨੰਦਨ ਲਾਲ ਭਾਟੀਆ, ਸਾਬਕਾ ਵਿਧਾਇਕ ਸ. ਜਸਬੀਰ ਸਿੰਘ ਡਿੰਪਾ, ਬੈਂਕ ਦੇ ਅਧਿਕਾਰੀ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵੀ ਹਾਜ਼ਰ ਸਨ।