ਜ਼ਿਲਾ ਐਸ.ਏ.ਐਸ. ਨਗਰ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀਆਂ ਹਦਾਇਤਾਂ ’ਤੇ ਫ਼ੌਰੀ ਕਾਰਵਾਈ ਕਰਦਿਆਂ ਪਿੰਡ ਸੋਤਲ ਕੋਲ ਐਸ.ਵਾਈ.ਐਲ. ਨਹਿਰ ਉਪਰ ਲੋਕਾਂ ਵੱਲੋਂ ਬਣਾਇਆ ਨਾਜਾਇਜ਼ ਬੰਨ ਅੱਜ ਪੋਕਲੇਨ ਮਸ਼ੀਨ ਦੀ ਮਦਦ ਨਾਲ ਤੋੜ ਦਿੱਤਾ ਗਿਆ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਖਰੜ ਸ਼ਹਿਰ ਦਾ ਟਰੀਟਡ ਸੀਵਰੇਜ ਪਾਣੀ ਪਿਛੇ ਕਈ ਸਾਲਾਂ ਤੋਂ ਬੰਦ ਪਈ ਐਸ.ਵਾਈ.ਐਲ. ਨਹਿਰ ਵਿੱਚ ਪੈ ਰਿਹਾ ਸੀ ਪਰ ਪਿੰਡ ਸੋਤਲ ਕੋਲ ਨੇੜਲੇ ਕਈ ਪਿੰਡਾਂ ਦੇ ਵਸਨੀਕਾਂ ਨੇ ਐਸ.ਵਾਈ.ਐਲ. ਵਿੱਚ ਨਾਜਾਇਜ਼ ਬੰਨ ਬਣਾ ਲਿਆ ਸੀ ਜਿਸ ਕਰਕੇ ਇਥੇ ਪਾਣੀ ਓਵਰ ਫ਼ਲੋਅ ਹੋ ਕੇ ਜੈਂਤੀ ਕੀ ਰਾਓ ਵਿੱਚ ਪੈ ਰਿਹਾ ਸੀ ਅਤੇ ਹਠੇਲੇ ਪਿੰਡਾਂ ਕੱਜਲ ਮਾਜਰਾ, ਮੈਣ ਮਾਜਰੀ, ਨੰਦਪੁਰ ਕਲੌੜ ਅਤੇ ਸ਼ੇਰਗੜ ਬਾੜਾ ਆਦਿ ਵਿਖੇ ਹੜਾਂ ਵਾਲੀ ਸਥਿਤੀ ਬਣੀ ਹੋਈ ਸੀ ਅਤੇ ਇਨਾਂ ਪਿੰਡਾਂ ਦੀ ਸੈਂਕੜੇ ਏਕੜ ਖੇਤੀਯੋਗ ਜ਼ਮੀਨ ਖ਼ਰਾਬ ਹੋ ਰਹੀ ਸੀ।ਉਨਾਂ ਦੱਸਿਆ ਕਿ ਅੱਜ ਐਸ.ਡੀ.ਐਮ. ਖਰੜ ਮੇਜਰ ਗੁਰਜਿੰਦਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਤਿੰਨ ਡਿਊਟੀ ਮੈਜਿਸਟਰੇਟਾਂ ਸ. ਮਨਦੀਪ ਸਿੰਘ ਢਿੱਲੋਂ ਤਹਿਸੀਲਦਾਰ ਖਰੜ, ਸ. ਗੁਰਪ੍ਰੀਤ ਸਿੰਘ ਢਿੱਲੋਂ ਨਾਇਬ ਤਹਿਸੀਲਦਾਰ ਮੋਹਾਲੀ ਤੇ ਸ. ਮਨਦੀਪ ਸਿੰਘ ਸਿੱਧੂ ਨਾਇਬ ਤਹਿਸੀਲਦਾਰ ਖਰੜ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ. ਕੁਲਭੂਸ਼ਣ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਤੇ ਹੋਰ ਅਮਲੇ ਦੀ ਮੌਜੂਦਗੀ ਵਿੱਚ ਇਸ ਬੰਨ ਨੂੰ ਤੋੜਿਆ ਗਿਆ। ਜਿਸ ਨਾਲ ਜ਼ਾਹਰਾ ਤੌਰ ’ਤੇ ਜੈਂਤੀ ਕੀ ਰਾਓ ਵਿੱਚ ਪੈ ਰਿਹਾ ਪਾਣੀ ਘਟੇਗਾ ਅਤੇ ਹੇਠਲੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਖੇਤੀਬਾੜੀ ਵਾਲੀ ਜ਼ਮੀਨ ਵਿੱਚ ਫ਼ਸਲ ਵੀ ਖ਼ਰਾਬ ਨਹੀਂ ਹੋਵੇਗੀ।