ਪਰਿਵਾਰਾਂ ਨੂੰ ਜੋੜਨ ਵਿੱਚ ਸਹਾਈ ਵਿਮੈਨ ਪੁਲਿਸ ਸਟੇਸ਼ਨ: ਜ਼ਿਲਾ ਪੁਲਿਸ ਮੁਖੀ
ਵਿਮੈਨ ਪੁਲਿਸ ਸਟੇਸ਼ਨ ਰਾਹੀਂ ਇਸ ਸਾਲ 31 ਮਈ ਤੱਕ 307 ਕੇਸਾਂ ਦਾ ਕੀਤਾ ਗਿਆ ਨਿਬੇੜਾ
5 Dariya News
ਐਸ.ਏ.ਐਸ. ਨਗਰ , 06 Jun 2019
Last updated on: Jun 06, 2019, 00:00 IST
ਘਰੇਲੂ ਝਗੜਿਆਂ ਨੂੰ ਨਿਬੇੜਨ ਲਈ ਪੰਜਾਬ ਸਰਕਾਰ ਵੱਲੋਂ ਖੋਲੇ ਗਏ ਵਿਮੈਨ ਪੁਲਿਸ ਸਟੇਸ਼ਨ ਬੇਹੱਦ ਲਾਹੇਵੰਦ ਸਾਬਿਤ ਹੋ ਰਹੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲੇ ਵਿੱਚ ਵਿਮੈਨ ਪੁਲਿਸ ਸਟੇਸ਼ਨ ਰਾਹੀਂ ਇਸ ਸਾਲ 31 ਮਈ ਤੱਕ 307 ਕੇਸਾਂ ਦਾ ਨਿਬੜਾ ਕੀਤਾ ਜਾ ਚੁੱਕਾ ਹੈ।ਇਸ ਸਬੰਧੀ ਜ਼ਿਲਾ ਪੁਲਿਸ ਮੁਖੀ ਐਸ.ਏ.ਐਸ. ਨਗਰ ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਵਿਮੈਨ ਪੁਲਿਸ ਸਟੇਸ਼ਨ, ਜੋ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀ ਤੀਜੀ ਮੰਜ਼ਿਲ ’ਤੇ ਸਥਿਤ ਹੈ, ਵਿਖੇ ਜ਼ਿਲੇ ਵਿੱਚ ਪੈਂਦੀਆਂ ਸਬ-ਡਿਵੀਜ਼ਨਾਂ ਮੁਹਾਲੀ, ਖਰੜ ਅਤੇ ਡੇਰਾਬਸੀ ਨਾਲ ਸਬੰਧਤ ਮਹਿਲਾਵਾਂ ਸਬੰਧੀ ਘਰੇਲੂ ਝਗੜਿਆਂ ਦੇ ਫੈਸਲੇ ਦੋਵਾਂ ਧਿਰਾਂ ਦੀ ਸੁਣਵਾਈ ਕਰਨ ਮਗਰੋਂ ਆਪਸੀ ਸਹਿਮਤੀ ਨਾਲ ਕਰਾਉਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹੇ ਵਿਮੈਨ ਪੁਲਿਸ ਸਟੇਸ਼ਨ ਪੰਜਾਬ ਭਰ ਵਿੱਚ ਪਰਿਵਾਰਾਂ ਨੂੰ ਆਪਸ ਵਿੱਚ ਜੋੜਨ ਵਿੱਚ ਬੇਹੱਦ ਸਹਾਈ ਸਿੱਧ ਹੋ ਰਹੇ ਹਨ।ਜ਼ਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਜ਼ਿਲੇ ਵਿੱਚ ਇਸ ਸਾਲ 31 ਮਈ ਤੱਕ ਵਿਮੈਨ ਪੁਲਿਸ ਸਟੇਸ਼ਨ ਰਾਹੀਂ 307 ਕੇਸਾਂ ਦਾ ਨਿਬੇੜਾ ਕੀਤਾ ਗਿਆ। ਵਿਮੈਨ ਪੁਲਿਸ ਸਟੇਸ਼ਨ ਵਿੱਚ ਪੁੱਜੀਆਂ ਦਰਖਾਸਤਾਂ ਵਿੱਚੋਂ 48 ਤਲਾਕ ਦੇ ਫੈਸਲੇ ਕਰਵਾਏ ਗਏ, 71 ਕੇਸਾਂ ਵਿੱਚ ਇਕੱਠੇ ਰਹਿਣ ਦੇ ਫੈਸਲੇ ਕਰਵਾਏ ਗਏ, 176 ਕੇਸ ਦਫਤਰ ਦਾਖਲ ਕੀਤੇ ਗਏ ਅਤੇ 15 ਕੇਸਾਂ ਵਿੱਚ ਮੁਕੱਦਮੇ ਦਰਜ ਕੀਤੇ ਗਏ। ਉਨਾਂ ਦੱਸਿਆ ਕਿ ਵਿਮੈਨ ਪੁਲਿਸ ਸਟੇਸ਼ਨਾਂ ਰਾਹੀਂ ਮਹਿਲਾਵਾਂ ਨਾਲ ਸਬੰਧਤ ਵੱਖ-ਵੱਖ ਪਰਿਵਾਰਕ ਝਗੜਿਆਂ ਨੂੰ ਪਾਰਦਰਸ਼ਤਾ ਨਾਲ ਪਹਿਲ ਦੇ ਆਧਾਰ ’ਤੇ ਨਿਬੇੜਿਆ ਜਾਂਦਾ ਹੈ ਅਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਵਿਮੈਨ ਸੈੱਲ ਰਾਹੀਂ ਕਾਊਂਸਲਿੰਗ ਕੀਤੀ ਜਾਂਦੀ ਹੈ, ਜਿਸ ਨਾਲ ਦੋਵਾਂ ਧਿਰਾਂ ਵਿੱਚ ਆਪਸੀ ਤਕਰਾਰ ਖਤਮ ਹੁੰਦਾ ਹੈ ਅਤੇ ਮੁੜ ਤੋਂ ਨਵੀਂ ਪਰਿਵਾਰਕ ਜ਼ਿੰਦਗੀ ਸ਼ੁਰੂ ਹੁੰਦੀ ਹੈ। ਇਨਾਂ ਫੈਸਲਿਆਂ ਨਾਲ ਜਿੱਥੇ ਪਰਿਵਾਰਾਂ ਦੇ ਪੈਸੇ ਦੀ ਬੱਚਤ ਹੁੰਦੀ ਹੈ, ਉੱਥੇ ਉਨਾਂ ਦੀ ਖੱਜਲ-ਖੁਆਰੀ ਵੀ ਘਟਦੀ ਹੈ।ਸ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਕਾਊਂਸਲਿੰਗ ਰਾਹੀਂ, ਜਿਹੜੇ ਪਰਿਵਾਰਕ ਝਗੜੇ ਸਾਲਾਂਬੱਧੀ ਜਾਂ ਕਈ ਮਹੀਨਿਆਂ ਵਿੱਚ ਹੱਲ ਨਹੀਂ ਹੋ ਸਕੇ, ਉਹ ਝਗੜੇ ਵਿਮੈਨ ਪੁਲਿਸ ਸਟੇਸ਼ਨ ਵਿੱਚ ਦੋਵੇਂ ਧਿਰਾਂ ਦੀ ਕਾਊਂਸਲਿੰਗ ਕਰਕੇ ਹਫ਼ਤੇ ਦੇ ਅੰਦਰ ਅੰਦਰ ਨਿਬੇੜੇ ਗਏ ਹਨ। ਉਨਾਂ ਦੱਸਿਆ ਕਿ ਔਰਤਾਂ ਸਬੰਧੀ ਝਗੜੇ ਜਿਹੜੇ ਕਾਊਂਸਲਿੰਗ ਰਾਹੀਂ ਹੱਲ ਨਹੀਂ ਹੁੰਦੇ ਅਤੇ ਜਿਨਾਂ ਸਬੰਧੀ ਪਰਚੇ ਦਰਜ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ, ਉਨਾਂ ਵਿਰੁੱਧ ਹੀ ਮਾਮਲੇ ਦਰਜ ਕੀਤੇ ਜਾਂਦੇ ਹਨ।