ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਅਤੇ ਪੰਜਾਬ ਰਾਇਫ਼ਲਜ਼ ਸ਼ੂਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਨੂੰ ਨਿਸ਼ਾਨੇਬਾਜ਼ੀ ਤੋਂ ਕਾਫ਼ੀ ਉਮੀਦਾਂ ਹਨ, ਜਿਸ ਲਈ ਪੰਜਾਬ ਸਰਕਾਰ ਅਤੇ ਪੰਜਾਬ ਰਾਇਫ਼ਲ ਸ਼ੂਟਿੰਗ ਐਸੋਸੀਏਸ਼ਨ ਨੇ ਨਿਸ਼ਾਨੇਬਾਜ਼ੀ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨ ਨਿਸ਼ਾਨੇਬਾਜਾਂ ਦੇ ਹੁਨਰ ਨੂੰ ਸਕੂਲ ਪੱਧਰ ਤੋਂ ਹੀ ਨਿਖ਼ਾਰਨ ਲਈ ਵਿਸ਼ੇਸ਼ ਯੋਜਨਾ ਉਲੀਕੀ ਹੈ ਤਾਂ ਜੋ ਉਲੰਪਿਕ ਤੇ ਹੋਰ ਕੌਮਾਂਤਰੀ ਮੁਕਾਬਲਿਆਂ 'ਚ ਵੱਧ ਤੋਂ ਵੱਧ ਤਗਮੇਂ ਜਿੱਤੇ ਜਾ ਸਕਣ। ਸ. ਮਜੀਠੀਆ ਅੱਜ ਪਟਿਆਲਾ ਨੇੜੇ ਪਿੰਡ ਮੈਣ ਵਿਖੇ ਨਿਊ ਮੋਤੀ ਬਾਗ ਗੰਨ ਕਲੱਬ ਵਿਖੇ 10ਵੇਂ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਜ਼ ਸ਼ੂਟਿੰਗ ਮੁਕਾਬਲਿਆਂ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਹੋਏ ਸਨ।ਇਸ ਮੌਕੇ ਸ. ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਮਾਝਾ, ਮਾਲਵਾ ਅਤੇ ਦੁਆਬੇ ਵਿਖੇ ਨਿਸ਼ਾਨੇਬਾਜੀ ਨੂੰ ਪ੍ਰਫ਼ੁਲਤ ਕਰਨ ਲਈ ਲੁਧਿਆਣਾ, ਅੰਮ੍ਰਿਤਸਰ, ਮੋਹਾਲੀ ਅਤੇ ਬਠਿੰਡਾ ਵਿਖੇ ਕੌਮਾਂਤਰੀ ਪੱਧਰ ਦੀਆਂ ਸ਼ੂਟਿੰਗ ਰੇਂਜਾਂ ਉਸਾਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨਿਸ਼ਾਨੇਬਾਜ਼ੀ 'ਚ ਉਲੰਪਿਕ ਤੇ ਹੋਰ ਕੌਮੀ ਮੁਕਾਬਲਿਆਂ 'ਚ ਤਗਮਿਆਂ ਲਈ ਕਾਫ਼ੀ ਉਮੀਦਾਂ ਹੋਣ ਕਾਰਨ ਜ਼ਿਲ੍ਹਾ ਪੱਧਰ 'ਤੇ ਵੀ ਸ਼ੂਟਿੰਗ ਰੇਂਜਾਂ ਸਥਾਪਤ ਕੀਤੀਆਂ ਜਾਣਗੀਆਂ ਤਾਂ ਜੋ ਸਕੂਲ ਪੱਧਰ ਤੋਂ ਹੀ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਪੰਜਾਬ ਰਾਇਫ਼ਲ ਸ਼ੂਟਿੰਗ ਐਸੋਸੀਏਸ਼ਨ ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕਰਨ ਲਈ ਵਚਨਬੱਧ ਹੈ ਤਾਂ ਜੋ ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਦੇ ਖਿਡਾਰੀ ਵੱਧ ਤੋਂ ਵੱਧ ਤਗਮੇ ਜਿੱਤ ਸਕਣ ਅਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਪੀ.ਆਰ.ਐਸ.ਏ. ਨੇ ਨੌਜਵਾਨਾਂ ਦੇ ਹੁਨਰ ਨੂੰ ਉਭਾਰਨ ਲਈ ਅੰਤਰ ਸਕੂਲ ਚੈਂਪੀਅਨਸ਼ਿਪ ਲਈ 10 ਲੱਖ ਰੁਪਏ ਦੇ ਕਰੀਬ ਇਨਾਮੀ ਰਾਸ਼ੀ ਐਲਾਨੀ ਹੈ ਅਤੇ ਪੀ.ਆਰ.ਐਸ.ਏ. ਜਲਦ ਹੀ ਪੰਜਾਬ ਸਟੇਟ ਓਪਨ ਸ਼ੂਟਿੰਗ ਚੈਂਪੀਅਨਸ਼ਿਪ ਕਰਵਾਉਣ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਿਸ਼ਾਨੇਬਾਜੀ 'ਚ ਪੰਜਾਬ ਦੇ ਖਿਡਾਰੀਆਂ ਅਭਿਨਵ ਬਿੰਦਰਾ, ਮਾਨਵਜੀਤ ਸੰਧੂ, ਮਨਸ਼ੇਰ ਸਿੰਘ, ਅਮਨਪ੍ਰੀਤ ਸਿੰਘ, ਅਵਨੀਤ ਕੌਰ ਸਿੱਧੂ, ਹਰਵੀਨ ਸਰਾਉ ਅਤੇ ਹਿਨਾ ਸਿੱਧੂ ਨੇ ਵੀ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।ਇਸ ਦੌਰਾਨ ਸ. ਮਜੀਠੀਆ ਨੇ ਦੱਸਿਆ ਕਿ ਪਿੰਡ ਬਾਦਲ ਵਿਖੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਸ਼ੂਟਿੰਗ ਰੇਂਜ ਦੇਸ਼ ਦੀਆਂ ਬਿਹਤਰੀਨ ਰੇਂਜਾਂ ਵਿੱਚੋਂ ਇੱਕ ਹੈ। ਇਸ ਰੇਂਜ ਲਈ 60 ਲੱਖ ਰੁਪਏ ਦੀ ਲਾਗਤ ਨਾਲ ਅਸਲਾ ਅਤੇ ਗੋਲੀ ਸਿੱਕਾ ਖਰੀਦਿਆ ਗਿਆ ਹੈ। ਇਸ ਤੋਂ ਬਿਨ੍ਹਾਂ ਪੰਜਾਬ ਸਰਕਾਰ ਨੇ ਲੜਕੀਆਂ ਲਈ ਵੀ ਪਿੰਡ ਬਾਦਲ ਵਿਖੇ ਸ਼ੂਟਿੰਗ ਅਕੈਡਮੀ ਸਥਾਪਤ ਕੀਤੀ ਹੈ, ਜਿੱਥੇ ਵਿਸ਼ੇਸ਼ ਸਿਖਲਾਈ ਦੇ ਨਾਲ-ਨਾਲ ਰਹਿਣ ਤੇ ਖਾਣ ਪੀਣ ਲਈ ਵੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਖੇਡਾਂ ਲਈ ਬਜਟ 'ਚ 12 ਕਰੋੜ ਤੋਂ ਵਧਾ ਕੇ 142 ਕਰੋੜ ਤੱਕ ਕਰਕੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਖਿਡਾਰੀਆਂ ਨੂੰ ਏ ਕਲਾਸ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਹਨ।
ਇਸ ਮੌਕੇ ਐਨ.ਆਰ.ਏ.ਆਈ ਦੇ ਪ੍ਰਧਾਨ ਸ. ਰਣਇੰਦਰ ਸਿੰਘ ਨੇ ਸ. ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨ.ਆਰ.ਏ.ਆਈ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਮਿਆਰੀ ਤੇ ਆਧੁਨਿਕ ਸਿਖਲਾਈ ਦੇ ਕੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਤਗਮੇ ਹਾਸਲ ਕਰਨ ਦੇ ਸਮਰੱਥ ਬਣਾਇਆ ਜਾਵੇਗਾ। ਉਨ੍ਹਾਂ ਉਮੀਦ ਜਤਾਈ ਕਿ ਨਿਸ਼ਾਨੇਬਾਜ਼ੀ ਦੇ ਵਿਸ਼ਵ ਪੱਧਰੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਨਿਸ਼ਾਨੇਬਾਜ਼ ਯਕੀਨੀ ਤੌਰ 'ਤੇ ਵੱਡੀਆਂ ਮੱਲਾਂ ਮਾਰ ਕੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਗੇ।10ਵੇਂ ਸਰਦਾਰ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਜ਼ ਸ਼ੂਟਰਜ਼ ਮੁਕਾਬਲਿਆਂ ਦੇ ਸੀਨੀਅਰ ਟਰੈਪ (ਮਰਦਾਂ) ਦੇ ਵਰਗ ਵਿੱਚ ਉੱਤਰ ਪ੍ਰਦੇਸ਼ ਦੇ ਖਿਡਾਰੀ ਅਸਦ ਸੁਲਤਾਨ ਨੇ ਸੋਨੇ ਅਤੇ ਰਿਆਨ ਰਿਜ਼ਵੀ ਨੇ ਚਾਂਦੀ ਜਦਕਿ ਏਅਰ ਇੰਡੀਆ ਦੇ ਖਿਡਾਰੀ ਜ਼ੋਰਾਵਰ ਸੰਧੂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਮੁਕਾਬਲੇ ਵਿੱਚ ਪੰਜਾਬ ਦੇ ਖਿਡਾਰੀਆਂ ਰਣਇੰਦਰ ਸਿੰਘ ਤੇ ਵਿਸ਼ਵਦੇਵ ਸਿੱਧੂ ਨੂੰ ਕ੍ਰਮਵਾਰ ਚੌਥਾ ਤੇ ਪੰਜਵਾਂ ਸਥਾਨ ਹਾਸਲ ਹੋਇਆ। ਜੂਨੀਅਰ ਵਰਗ ਮੁਕਾਬਲੇ ਵਿੱਚ ਪੰਜਾਬ ਦੇ ਨਮਨਵੀਰ ਸਿੰਘ ਬਰਾੜ ਨੇ ਸੋਨੇ, ਉੱਤਰ ਪ੍ਰਦੇਸ਼ ਦੇ ਮੁਹੰਮਦ ਸ਼ੀਸ ਨੇ ਚਾਂਦੀ ਅਤੇ ਰਾਜਸਥਾਨ ਦੇ ਸੁਲੇਮਾਨ ਅਰਸ਼ ਇਲਾਹੀ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਅਮਨ ਇਲਾਹੀ ਨੇ ਚੌਥਾ ਤੇ ਚਾਰੂ ਵਿਕਰਮ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ।
ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਨੈਸ਼ਨਲ ਰਾਈਫਲਜ਼ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ) ਦੇ ਪ੍ਰਧਾਨ ਸ. ਰਣਇੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸ. ਅਵਤਾਰ ਸਿੰਘ ਸੇਠੀ, ਸਕੱਤਰ ਜਨਰਲ ਸ਼੍ਰੀ ਡੀ.ਬੀ.ਐਸ. ਰਾਓ, ਸਕੱਤਰ ਸ਼੍ਰੀ ਰਾਜੀਵ ਭਾਟੀਆ, ਰੈਫ਼ਰੀ ਸ਼੍ਰੀ ਰਵੀ ਕੁਠਾਰੀ, ਡਾਇਰੈਕਟਰ ਕੰਪੀਟੀਸ਼ਨ ਸ਼੍ਰੀ ਅਮਰਜੰਗ ਸਿੰਘ, ਮੇਅਰ ਨਗਰ ਨਿਗਮ ਸ. ਅਮਰਿੰਦਰ ਸਿੰਘ ਬਜਾਜ, ਸਾਬਕਾ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਸ. ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਯੂਥ ਡਵੈਲਪਮੈਂਟ ਬੋਰਡ ਸ਼੍ਰੀ ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ਼੍ਰੀ ਸੁੱਖੀ ਰੱਖੜਾ, ਸੀਨੀਅਰ ਆਗੂ ਤੇ ਕੌਂਸਲਰ ਸ਼੍ਰੀ ਹਰਪਾਲ ਜੁਨੇਜਾ, ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਸਤਬੀਰ ਸਿੰਘ ਖੱਟੜਾ, ਸ਼੍ਰੀ ਸੁਖਮਨ ਸਿੰਘ ਸਿੱਧੂ, ਸਾਬਕਾ ਚੇਅਰਮੈਨ ਸ਼੍ਰੀ ਬੰਟੀ ਰੁਮਾਣਾ, ਯੂਥ ਅਕਾਲੀ ਦਲ ਦਿਹਾਤੀ ਦੇ ਪ੍ਰਧਾਨ ਸ਼੍ਰੀ ਹਰਮੀਤ ਸਿੰਘ ਪਠਾਨਮਾਜਰਾ, ਸ. ਪਰਮਿੰਦਰ ਸਿੰਘ ਬਰਾੜ, ਸ. ਰਵੀਪ੍ਰੀਤ ਸਿੰਘ ਸਿੱਧੂ, ਸ. ਹਰਪ੍ਰੀਤ ਸਿੰਘ ਅਬਦੁਲਪੁਰ, ਸ. ਕਰਤਾਰ ਸਿੰਘ ਛੀਨਾ, ਸ਼੍ਰੀ ਬਿੱਟੂ ਚੱਠਾ ਸਮੇਤ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ।