ਬੈਂਕਾਂ ਦੀ ਸੁਰੱਖਿਆ ਨੂੰ ਲੈ ਕੇ ਅੱਜ ਬਟਾਲਾ ਪੁਲਿਸ ਵਲੋਂ ਬੈਂਕ ਮੈਨੇਜਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਜ਼ਿਲ੍ਹਾ ਬਟਾਲਾ ਦੀਆਂ ਸਮੂਹ ਬੈਂਕਾਂ ਦੇ ਮੈਨੇਜਰਾਂ ਅਤੇ ਡਿਪਟੀ ਮੈਨੇਜਰਾਂ ਨਾਲ ਮੀਟਿੰਗ ਕਰਦਿਆਂ ਬਟਾਲਾ ਪੁਲਿਸ ਦੇ ਕਪਤਾਨ ਸ. ਸੂਬਾ ਸਿੰਘ ਨੇ ਕਿਹਾ ਕਿ ਸਾਰੀਆਂ ਬੈਂਕਾਂ ਆਪਣੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਭਰੋਸੇਯੋਗ ਅਤੇ ਪੁਖਤਾ ਬਣਾਉਣ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿੱਚ ਕੋਈ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਹਰ ਬੈਂਕ ਵਿੱਚ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਰ ਸੁਰੱਖਿਆ ਗਾਰਡ ਦੀ ਵੈਰੀਫਿਕੇਸ਼ਨ ਵੀ ਲਾਜ਼ਮੀ ਕਰਵਾਈ ਜਾਵੇ।ਐੱਸ.ਪੀ. ਸੂਬਾ ਸਿੰਘ ਨੇ ਕਿਹਾ ਕਿ ਹਰ ਬੈਂਕ ਵਿੱਚ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ ਅਤੇ ਉਹ ਸਹੀ ਤਰਾਂ ਕੰਮ ਵੀ ਕਰਦੇ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆਂ ਦੇ ਰਿਕਾਰਡ ਨੂੰ ਸੰਭਾਲ ਕੇ ਰੱਖਿਆ ਜਾਵੇ ਅਤੇ ਇਸ ਦੀ ਰਿਕਾਰਡਿੰਗ ਨੂੰ ਇੰਟਰਨੈੱਟ ਨਾਲ ਕੁਨੈਕਟ ਕੀਤਾ ਜਾਵੇ। ਸ. ਸੂਬਾ ਸਿੰਘ ਨੇ ਕਿਹਾ ਕਿ ਸ਼ਹਿਰੀ ਜਾਂ ਖਾਸ ਕਰਕੇ ਦਿਹਾਤੀ ਖੇਤਰ ਦੀਆਂ ਬੈਂਕਾਂ ਵਿੱਚ ਜੇਕਰ ਜਿਆਦਾ ਕੈਸ਼ ਹੋਵੇ ਤਾਂ ਇਸਦੀ ਜਾਣਕਾਰੀ ਸਬੰਧਤ ਐੱਸ.ਐੱਚ.ਓ ਨੂੰ ਦਿੱਤੀ ਜਾਵੇ ਤਾਂ ਜੋ ਪੰਜਾਬ ਪੁਲਿਸ ਵਲੋਂ ਵੀ ਉਥੇ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾ ਸਕਣ। ਇਸੇ ਤਰਾਂ ਕੈਸ਼ ਲਿਜਾਣ ਵਾਲੀਆਂ ਵੈਨਾਂ ਵੀ ਜੇਕਰ ਜਿਆਦਾ ਕੈਸ਼ ਲਿਜਾ ਰਹੀਆਂ ਹੋਣ ਤਾਂ ਇਸਦੀ ਸੂਚਨਾ ਪਹਿਲਾਂ ਹੀ ਉਸ ਇਲਾਕੇ ਦੇ ਐੱਸ.ਐੱਚ.ਓ. ਨੂੰ ਦਿੱਤੀ ਜਾਵੇ। ਐੱਸ.ਪੀ. ਸੂਬਾ ਸਿੰਘ ਨੇ ਕਿਹਾ ਕਿ ਬੈਂਕ ਪ੍ਰਬੰਧਕ ਸੁਰੱਖਿਆ ਇੰਤਜਾਮਾਂ ਵਿੱਚ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। ਇਸ ਦੌਰਾਨ ਬੈਂਕ ਪ੍ਰਬੰਧਕਾਂ ਨੇ ਪੁਲਿਸ ਨੂੰ ਆਪਣੇ ਵਲੋਂ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ।
SSP Batala