ਪੰਜਾਬ ਸਰਕਾਰ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਇਸੇ ਸਾਲ 14 ਅਕਤੂਬਰ ਤੋਂ 3 ਨਵੰਬਰ, 2018 ਤੱਕ ਗਲੋਬਲ ਕਬੱਡੀ ਲੀਗ ਕਰਵਾਈ ਜਾਵੇਗੀ। ਇਹ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਨਕਾਰ ਫਤਹਿਜੰਗ ਸਿੰਘ ਬਾਜਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਸਹਿਯੋਗ ਨਾਲ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤੀ ਦਾ ਸੁਨੇਹਾ ਦੇਣ ਲਈ ਇਹ ਲੀਗ ਕਰਵਾਈ ਜਾਵੇਗੀ, ਜਿਸ ਵਿੱਚ ਦੇਸ਼-ਵਿਦੇਸ਼ ਦੀਆਂ ਟੀਮਾਂ ਹਿੱਸਾ ਲੈਣਗੀਆਂ। ਉਨਾਂ ਦੱਸਿਆ ਕਿ ਇਸ ਕਬੱਡੀ ਲੀਗ ਦੇ ਮੁਕਾਬਲੇ ਜਲੰਧਰ ਤੇ ਲੁਧਿਆਣਾ ’ਚ ਕਰਵਾਏ ਜਾਣਗੇ ਜਦੋਂ ਕਿ ਫਾਈਨਲ ਮੁਕਾਬਲਾ ਐਸ.ਏ.ਐਸ. ਨਗਰ (ਮੁਹਾਲੀ) ਵਿਖੇ ਕਰਵਾਇਆ ਜਾਵੇਗਾ।ਵਿਧਾਇਕ ਸ. ਬਾਜਵਾ ਨੇ ਦੱਸਿਆ ਕਿ ਇਹ ਲੀਗ ਸਪਾਂਸਰਸ਼ਿਪ ਨਾਲ ਕਰਵਾਈ ਜਾਵੇਗੀ ਜਿਸ ਉਤੇ ਸਰਕਾਰ ਦਾ ਕੋਈ ਖ਼ਰਚ ਨਹੀਂ ਹੋਵੇਗਾ। ਉਨਾਂ ਦੱਸਿਆ ਕਿ ਇਹ ਟੂਰਨਾਮੈਂਟ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕੀਤਾ ਜਾਵੇਗਾ ਜੋ ਕਿ ਨਵੀਂ ਤਰਜ਼ ’ਤੇ ਹੋਵੇਗਾ। ਸ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੀ ਖੇਡ ਨੀਤੀ ਤਿਆਰ ਕੀਤੀ ਜਾ ਰਹੀ ਹੈ ਜੋ ਛੇਤੀ ਹੀ ਲਾਗੂ ਕਰ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਨਵੀਂ ਖੇਡ ਨੀਤੀ ਤਹਿਤ ਨਿਯਮਾਂ ਨੂੰ ਵਿਚਾਰ ਕੇ ਵਿਸ਼ੇਸ਼ ਖਿਡਾਰੀਆਂ ਨੂੰ ਛੋਟ ਦੇਣ ’ਤੇ ਵੀ ਵਿਚਾਰ ਕੀਤਾ ਜਾਵੇਗਾ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਵਿਰਾਸਤੀ ਕਲਾਵਾਂ ਨਾਲ ਜੋੜਨ ਲਈ ਸੂਬਾ ਪੱਧਰੀ ਯੁਵਕ ਮੇਲੇ ਨਵੰਬਰ ਮਹੀਨੇ ’ਚ ਕਰਵਾਏ ਜਾਣਗੇ।