ਲੋਕਤੰਤਰੀ ਪ੍ਰੰਪਰਾਵਾਂ ਦੀਆਂ ਧੱਜ਼ੀਆਂ ਉਡਾਉਣ ਵਾਲੇ ਕਾਂਗਰਸ ਦੇ ਆਗੂ ਸ੍ਰੀ ਰਾਹੁਲ ਗਾਂਧੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁੱਦੇ ਦੇ ਸੁਪਨੇ ਨਹੀਂ ਲੈਣੇ ਚਾਹੀਦੇ ਕਿਉਂਕਿ ਸਮੇਂ-ਸਮੇਂ ਤੇ ਉਹਨਾਂ ਵੱਲੋਂ ਦਿੱਤੇ ਜਾਂਦੇ ਬਚਕਾਨਾ ਬਿਆਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਇਸ ਅਹੁੱਦੇ ਲਈ ਕਾਬਲੀਅਤ ਹੀ ਨਹੀਂ ਰੱਖਦੇ। ਇੱਕ ਪਾਸੇ ਤਾਂ ਕੁੱਝ ਦਿਨ ਪਹਿਲਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਮਰੀਕਾ ਵਿਖੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨੀ ਸੀ ਤਾਂ ਉਸ ਸਮੇਂ ਰਾਹੁਲ ਗਾਂਧੀ ਵੱਲੋਂ ਦਾਗੀ ਨੇਤਾਵਾਂ ਸਬੰਧੀ ਕੈਬਨਿਟ ਵੱਲੋਂ ਆਰਡੀਨੈਂਸ ਜਾਰੀ ਕਰਨ ਦੇ ਫੈਸਲੇ ਵਿਰੁੱਧ ਘਟੀਆਂ ਸ਼ਬਦਾਵਲੀ ਵਰਤ ਕੇ ਪ੍ਰਧਾਨ ਮੰਤਰੀ ਦੀ ਪੱਗ ਉਛਾਲੀ ਸੀ, ਉਥੇ ਪੰਜਾਬ ਵਿੱਚ ਆ ਕੇ ਉਹਨਾਂ ਵੱਲੋਂ ਡਾ. ਮਨਮੋਹਨ ਸਿੰਘ ਨੂੰ ਆਪਣਾ ਰਾਜਨੀਤਿਕ ਗੁਰੂ ਮੰਨਣ ਦੇ ਬਿਆਨ ਤੋਂ ਦੋਹਰੀ ਰਾਜਨੀਤੀ ਝਲਕਦੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਮਾਲ, ਮੁੜ ਵਸੇਬਾ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰ. ਬਿਕਰਮ ਸਿੰਘ ਮਜੀਠੀਆ ਨੇ ਕਿਚਲੂ ਨਗਰ ਵਿਖੇ ਸ੍ਰੀ ਰਾਮ ਸ਼ਰਣਨਮ ਆਸ਼ਰਮ ਵੱਲੋਂ ਕਰਵਾਏ ਗਏ 'ਰਮਾਇਣ ਗਿਆਨ ਯੱਗ' ਵਿੱਚ ਸ਼ਮੂਲੀਅਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦਾ ਇਹ ਰਿਕਾਰਡ ਹੈ ਕਿ ਉਹ ਦੇਸ਼ ਦੇ ਜਿਸ ਵੀ ਰਾਜ ਵਿੱਚ ਚੋਣਾਂ ਦੌਰਾਨ ਪ੍ਰਚਾਰ ਕਰਨ ਵਾਸਤੇ ਗਏ, ਉਥੇ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਹੋਈ। ਅਜਿਹਾ ਹੀ ਬਿਹਾਰ ਯੂ.ਪੀ. ਅਤੇ ਗੁਜਰਾਤ ਵਿੱਚ ਵਾਪਰਿਆ ਅਤੇ ਹੁਣ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਦਾ ਬੋਰੀਆ ਬਿਸਤਰਾ ਪੂਰੀ ਤਰ੍ਹਾਂ ਗੋਲ ਕਰ ਦੇਣਗੇ।
ਸ੍ਰ. ਮਜੀਠੀਆ ਨੇ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਦੀ ਬਾਂਹ ਫੜ੍ਹਨ ਦੇ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ, ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਵਿਤਕਰਾ ਕਰਕੇ ਹਮੇਸ਼ਾਂ ਧ੍ਰੋਹ ਕਮਾਇਆ ਹੈ, ਕਿਉਂਕਿ ਦੇਸ਼ ਦੇ ਹੋਰ ਰਾਜਾਂ ਦੇ ਕਿਸਾਨਾਂ, ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਵੱਡੀਆ ਰਿਆਇਤਾਂ ਦਿੱਤੀਆਂ ਗਈਆਂ ਹਨ, ਪ੍ਰਤੂੰ ਪੰਜਾਬ ਲਈ ਕੋਈ ਵੀ ਪੈਕੇਜ਼ ਦੇਣ ਦੀ ਥਾਂ ਤੇ ਫੋਕੀ ਬਿਆਨਬਾਜ਼ੀ ਕਰਕੇ ਮਗਰਮੱਛ ਦੇ ਹੰਝੂ ਵਹਾਏ ਜਾਂਦੇ ਹਨ। ਕੇਂਦਰ ਦੀ ਕਾਂਗਰਸ ਸਰਕਾਰ ਦੀ ਇਸ ਡਰਾਮੇਬਾਜ਼ੀ ਅਤੇ ਦੋਹਰੇ ਮਾਪਦੰਡਾਂ ਤੋਂ ਪੰਜਾਬ ਦੇ ਲੋਕ ਭਲੀ-ਭਾਂਤ ਜਾਣੂ ਹਨ। ਉਹਨਾਂ ਕਿਹਾ ਕਿ ਸੰਗਰੂਰ ਰੈਲੀ ਵਿੱਚ ਬਹੁਤ ਘੱਟ ਲੋਕਾਂ ਦੇ ਪੁੱਜਣ ਅਤੇ ਰਾਹੁਲ ਗਾਂਧੀ ਦੇ ਭਾਸ਼ਣ ਸਮੇਂ ਲੋਕਾਂ ਦੇ ਉਠ ਕੇ ਜਾਣ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਦੇਸ਼ ਵਿੱਚ ਗਾਂਧੀ ਪਰਿਵਾਰ ਰਾਜ ਕਰ ਹੈ ਜਿਸ ਨੇ ਦੇਸ਼ ਦੇ ਕਿਸੇ ਵੀ ਵਰਗ ਦਾ ਕੁੱਝ ਵੀ ਨਹੀਂ ਸਵਾਰਿਆ ਸਗੋਂ ਦੇਸ਼ ਨੂੰ ਗਰੀਬੀ, ਭੁੱਖਮਰੀ, ਅਨਪੜ੍ਹਤਾ, ਬੇਰੋਜ਼ਗਾਰੀ ਅਤੇ ਮਹਿੰਗਾਈ ਵਧਾ ਕੇ ਆਮ ਲੋਕਾਂ ਦਾ ਜੀਣਾ ਦੁਸ਼ਵਾਰ ਕਰ ਦਿੱਤਾ ਹੈ।
ਪੰਜਾਬ ਵਿੱਚ ਨਸ਼ਿਆਂ ਦੇ ਪ੍ਰਚਲਨ ਬਾਰੇ ਰਾਹੁਲ ਗਾਂਧੀ ਵੱਲੋਂ ਦਿੱਤੇ ਬਿਆਨ ਦੀ ਨਿੰਦਾ ਕਰਦਿਆਂ ਸ੍ਰ. ਮਜੀਠੀਆ ਨੇ ਕਿਹਾ ਕਿ ਅਫਗਾਨਿਸਤਾਨ ਅਤੇ ਹੋਰ ਗੁਆਂਢੀ ਦੇਸ਼ਾਂ ਤੋਂ ਹੈਰੋਈਨ ਅਤੇ ਹੋਰ ਨਸ਼ਿਆਂ ਦੀ ਤਸਕਰੀ ਲਈ ਸਿੱਧੇ ਤੌਰ ਤੇ ਕੇਂਦਰ ਸਰਕਾਰ ਜਿੰਮੇਵਾਰ ਹੈ, ਕਿਉਂਕਿ ਅੰਤਰ ਰਾਸ਼ਟਰੀ ਬਾਰਡਰ ਤੇ ਨਸ਼ਿਆਂ ਦੀ ਰੋਕਥਾਮ ਲਈ ਬੀ.ਐਸ.ਐਫ. ਜਿੰਮੇਵਾਰ ਹੁੰਦੀ ਹੈ ਜੋ ਕਿ ਸਿੱਧੀ ਕੇਂਦਰ ਦੇ ਅਧੀਨ ਹੈ। ਉਹਨਾਂ ਰਾਹੁਲ ਗਾਂਧੀ ਨੂੰ ਆਖਿਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸ੍ਰ. ਪ੍ਰਤਾਪ ਸਿੰਘ ਬਾਜਵਾ ਤੇ ਨਸ਼ਿਆਂ ਦੇ ਤਸਕਰਾਂ ਅਤੇ ਦੇਸ਼ ਵਿਰੋਧੀ ਅਨਸਰਾਂ ਨਾਲ ਸਬੰਧਾਂ ਬਾਰੇ ਲਾਏ ਦੋਸ਼ਾਂ ਦਾ ਸਪੱਸ਼ਟੀਕਰਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਦੇ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ ਅਨੁਸਾਰ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਵੱਡੀ ਪੱਧਰ ਤੇ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਵੱਡੀ ਮਾਤਰਾ ਵਿੱਚ ਹੈਰੋਈਨ ਅਤੇ ਹੋਰ ਨਸ਼ੇ ਫੜ੍ਹੇ ਗਏ ਹਨ।
ਮਜੀਠੀਆ ਨੇ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਹੋਰ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਪੰਜਾਬ ਦੇ ਯੂਥ ਕਾਂਗਰਸੀ ਆਗੂਆਂ ਵੱਲੋਂ ਸ਼ੁਰੂ ਕੀਤੀ ਗਈ ਅਧਿਕਾਰ ਯਾਤਰਾ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਅੰਤਿਮ ਯਾਤਰਾ ਸਿੱਧ ਹੋਵੇਗੀ। ਉਹਨਾਂ ਅੱਗੇ ਕਿਹਾ ਕਿ ਪੰਜਾਬ ਤੋਂ ਲੋਕ ਸਭਾ ਵਿੱਚ ਕਾਂਗਰਸ ਦੇ 8 ਮੈਂਬਰ ਪਾਰਲੀਮੈਂਟਾਂ ਨੂੰ 'ਚੁਪ ਰਹਿਣ ਦਾ ਖਿਤਾਬ' ਮਿਲਣਾ ਚਾਹੀਦਾ ਹੈ ਕਿਊਂਕਿ ਉਹਨਾਂ ਨੇ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਪਾਰਲੀਮੈਟ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ। ਉਹਨਾਂ ਆਖਿਆ ਕਿ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਕਾਂਗਰਸੀ ਐਮ.ਪੀਜ਼ ਦੀ ਹੱਦ ਸਿਰਫ ਸੰਬੈਰੀਅਰ ਤੱਕ ਹੈ ਅਤੇ ਉਹਨਾਂ ਦਾ ਆਮ ਲੋਕਾਂ ਵਿੱਚ ਕੋਈ ਅਧਾਰ ਨਹੀਂ ਹੈ।
ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਵਿੱਚ ਐਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ਬਨਾਉਣ ਲਈ ਮੋਹਰੀ ਭੂਮਿਕਾ ਨਿਭਾਉਣ ਲਈ ਅੱਗੇ ਆਉਣ ਤਾਂ ਜੋ ਦੇਸ਼ ਨੂੰ ਆਰਥਿਕ ਨਿਗਾਰ ਵਿੱਚੋਂ ਬਾਹਰ ਕੱਢਿਆ ਜਾ ਸਕੇ ਅਤੇ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਨਿਜਾਤ ਦਿਵਾਈ ਜਾ ਸਕੇ। ਇਸ ਤੋਂ ਪਹਿਲਾਂ ਸ੍ਰ. ਮਜੀਠੀਆ ਨੇ ਸ੍ਰੀ ਰਾਮ ਸ਼ਰਣਨਮ ਆਸ਼ਰਮ ਵੱਲੋਂ ਕਿਚਲੂ ਨਗਰ ਵਿਖੇ ਕਰਵਾਏ ਗਏ ਰਮਾਇਣ ਪਾਠ ਵਿੱਚ ਸ਼ਮੂਲੀਅਤ ਕੀਤੀ ਅਤੇ ਭਗਤ ਸ੍ਰੀ ਹੰਸ ਰਾਜ ਜੀ ਅਤੇ ਸ੍ਰੀ ਕ੍ਰਿਸ਼ਨ ਵਿੱਜ ਜੀ ਤੋਂ ਅਲਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੇਨ ਸ੍ਰ. ਹੀਰਾ ਸਿੰਘ ਗਾਬੜੀਆ ਅਤੇ ਸ੍ਰੀ ਪ੍ਰਵੀਨ ਚੌਧਰੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।