ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਇਸ਼ਾਰੇ 'ਤੇ ਆਪਣੇ ਪਿਆਦੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਿਰੁੱਧ ਅਦਾਲਤ ਵਿਚ ਕੇਸ ਦਾਇਰ ਕਰਵਾਇਆ ਹੈ ਜੋ ਕਿ ਸਰਨਾ ਵੱਲੋਂ ਮੁੜ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਦੀ ਕੋਝੀ ਕੋਸ਼ਿਸ਼ ਕੀਤੀ ਗਈ ਹੈ।ਦਿੱਲੀ ਵਾਸੀ ਜਤਿੰਦਰ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਵੰਗਾਰਨ ਲਈ ਦਿੱਲੀ ਹਾਈਕੋਰਟ ਵਿਚ ਦਾਖਲ ਪਟੀਸ਼ਨ 'ਤੇ ਪ੍ਰਤੀਕਰਮ ਜ਼ਾਹਰ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਨਾ ਉਸ ਪੰਥਕ ਦੋਖੀ ਕਾਂਗਰਸ ਦੇ ਮੋਹਰੇ ਬਣਕੇ ਸਿੱਖ ਧਰਮ ਵਿਰੋਧੀ ਸਾਜਿਸ਼ਾਂ ਰਚ ਰਹੇ ਹਨ ਜਿਸਨੇ ਪਹਿਲਾਂ ਸਿੱਖਾਂ ਦੀ ਸੁਪਰੀਮ ਅਥਾਰਟੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਇਸਨੂੰ ਢਹਿ-ਢੇਰੀ ਕੀਤਾ ਅਤੇ ਹੁਣ ਇਹੀ ਕਾਂਗਰਸ ਆਪਣੇ ਏਜੰਟ ਸਰਨਾ ਰਾਹੀਂ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ-ਪ੍ਰਵਾਨਤਾ ਅਤੇ ਸਰਵ-ਉੱਚਤਾ ਨਾਲ ਮੱਥਾ ਲਾ ਕੇ ਸਿੱਖਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦਾ ਯਤਨ ਕਰ ਰਹੀ ਹੈ।ਉਨ੍ਹਾਂ ਦੋਸ਼ ਲਾਇਆ ਕਿ ਸਰਨਾ ਵੱਲੋਂ ਸਾਲ 1984 ਦੇ ਸਿੱਖ ਨਸਲਕੁਸ਼ੀ ਪੀੜ੍ਹਤਾਂ ਦੀ ਦਿੱਲੀ ਵਿਖੇ ਯਾਦਗਾਰ ਦੀ ਉਸਾਰੀ ਰੋਕਣ ਲਈ ਅਦਾਲਤ ਵਿਚ ਪਟੀਸ਼ਨ ਪਾਉਣ ਬਦਲੇ ਸਰਨਾ ਨੂੰ ਇਸ ਕੌਮ ਵਿਰੋਧੀ ਕਦਮ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਤਨਖਾਹ ਵੀ ਲਾਈ ਗਈ ਸੀ ਪਰ ਸ਼ਾਇਦ ਸਰਨਾ ਕਾਂਗਰਸ ਪ੍ਰਧਾਨ ਤੇ ਸ਼ੀਲਾ ਦੀਕਸ਼ਤ ਦੇ ਏਨੇ ਥੱਲੇ ਲੱਗ ਗਏ ਹਨ ਕਿ ਉੁਨ੍ਹਾਂ ਨੂੰ ਕਾਂਗਰਸ ਪਾਰਟੀ ਸਿੱਖਾਂ ਦੇ ਸਰਵ-ਉਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਉੱਪਰ ਜਾਪਦੀ ਹੈ ਜਿਸ ਕਰਕੇ ਉਨ੍ਹਾਂ ਨੇ ਆਪਣੇ ਚੇਲੇ ਰਾਹੀਂ ਅਦਾਲਤ ਦਾ ਸਹਾਰਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਤੌਹੀਨ ਕਰਵਾਉਣ ਲਈ ਪਟੀਸ਼ਨ ਪਵਾਈ ਹੈ ਪਰ ਦੇਸ਼ ਦੇ ਸਮੂਹ ਸਿੱਖ ਕਾਂਗਰਸ ਦੋਖੀਆਂ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਗੇ।
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਸਰਨਾ ਭਰਾਵਾਂ ਨੂੰ ਹਾਰ ਦਾ ਗ਼ਮ ਹਾਲੇ ਭੁੱਲਾ ਨਹੀਂ ਜਿਸ ਕਰਕੇ ਉਹ ਮੁੜ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਿੱਧਾ ਮੱਥਾ ਲਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਸਰਨਾ ਨੇ ਨਾਨਕਸ਼ਾਹੀ ਕੈਲੰਡਰ ਨੂੰ ਲੈ ਕੇ ਸਿੱਖ ਪੰਥ ਵਿਚ ਦੁਫੇੜ ਪਾਉਣ ਦਾ ਕੋਝਾ ਯਤਨ ਕੀਤਾ ਸੀ ਪਰ ਸਿੱਖ ਸੰਗਤਾਂ ਨੇ ਇਸ ਪੰਥ ਦੋਖੀ ਕਾਫ਼ਰ ਦੀਆਂ ਘਿਨਾਉਣੀਆਂ ਹਰਕਤਾਂ ਨੂੰ ਪਛਾੜਕੇ ਰੱਖ ਦਿੱਤਾ।ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਹੁਣ ਜਦੋਂ ਕਾਂਗਰਸ ਨੂੰ ਅਗਾਮੀ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਹਾਰ ਪ੍ਰਤੱਖ ਦਿਖਾਈ ਦੇ ਰਹੀ ਹੈ ਤਾਂ ਸ੍ਰੀਮਤੀ ਸੋਨੀਆ ਗਾਂਧੀ ਤੇ ਸ੍ਰੀਮਤੀ ਦੀਕਸ਼ਤ ਵਲੋਂ ਆਪਣੇ ਏਜੰਟ ਸਰਨਾ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਦਖਲ ਦੇਣ ਲਈ ਮੋਹਰੇ ਵਜੋਂ ਵਰਤਿਆ ਜਾ ਰਿਹਾ ਹੈ। ਪ੍ਰੋ. ਚੰਦੂਮਾਜਰਾ ਨੇ ਚੇਤਾਵਨੀ ਦਿੱਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਕਰਕੇ ਸਿੱਖ ਸੰਗਤ ਸਰਨਾ ਨੂੰ ਕਦਾਚਿਤ ਮਾਫ ਨਹੀਂ ਕਰੇਗੀ। ਉਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਰਨਾ ਸਮੇਤ ਅਪੀਲ ਪਾਉਣ ਵਾਲੇ ਉਸ ਦੇ ਏਜੰਟ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਵੇ। ਉਨ੍ਹਾਂ ਸਮੂਹ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਕਾਂਗਰਸ ਪੱਖੀ ਅਜਿਹੇ ਪੰਥਕ ਦੋਖੀਆਂ ਦੀਆਂ ਚਾਲਾਂ ਨੂੰ ਸਮਝਦੇ ਹੋਏ ਆ ਰਹੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਰਾਰੀ ਹਾਰ ਦੇਣਗੇ।