ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਆਰੰਭੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਨ ਦੇ ਮੰਤਵ ਨਾਲ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰ ਵੱਲੋਂ ਜਿੱਥੇ ਸਿਹਤ ਦੇ ਖੇਤਰ ਵਿੱਚ ਮਹੱਤਵਪੂਰਣ ਭਲਾਈ ਸਕੀਮਾਂ ਨੂੰ ਸਫ਼ਲਤਾ ਨਾਲ ਲਾਗੂ ਕੀਤਾ ਜਾ ਰਿਹਾ ਹੈ, ਉਥੇ ਪਿੰਡਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਦਿਲਰਾਜ ਸਿੰਘ ਆਈ.ਏ.ਐਸ ਨੇ ਦੱਸਿਆ ਕਿ ਸਰਕਾਰ ਦੇ ਇਸ ਉਦੇਸ਼ ਦੀ ਪੂਰਤੀ ਲਈ ਮੋਗਾ ਜ਼ਿਲ੍ਹੇ ਵਿੱਚ ਮੋਬਾਈਲ ਮੈਡੀਕਲ ਬੱਸ ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਦੇ ਦਿਹਾਤੀ ਵਸਨੀਕਾਂ ਨੂੰ ਮੁਫ਼ਤ ਮੈਡੀਕਲ ਸਹੂਲਤਾਂ ਪ੍ਰਦਾਨ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਦੇ ਮੋਬਾਈਲ ਮੈਡੀਕਲ ਯੂਨਿਟ ਵੱਲੋਂ ਬੀਤੇ ਮਹੀਨੇ ਜੁਲਾਈ, 2018 ਦੌਰਾਨ ਜ਼ਿਲ੍ਹੇ ਦੇ 22 ਪਿੰਡਾਂ ਦਾ ਦੌਰਾ ਕਰਕੇ 557 ਮਰੀਜ਼ਾਂ ਦਾ ਮੈਡੀਕਲ ਚੈਕ-ਅਪ ਕੀਤਾ ਗਿਆ। ਉਨ੍ਹਾਂ ਦੱÎਸਿਆ ਕਿ ਇਸ ਮੈਡੀਕਲ ਸੁਵਿਧਾ ਰਾਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਈ.ਸੀ.ਜੀ, ਲੈਬ ਟੈਸਟ ਆਦਿ ਵੀ ਮੌਕੇ 'ਤੇ ਮੁਫ਼ਤ ਕੀਤੇ ਜਾਂਦੇ ਹਨ।ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਮੈਡੀਕਲ ਬੱਸ ਰਾਹੀ ਲੋੜਵੰਦਾਂ ਤੱਕ ਪਹੁੰਚ ਕਰਕੇ ਸਿਹਤ ਸੇਵਾਵਾਂ ਦੇਣ ਨਾਲ ਜ਼ਿਲ੍ਹੇ ਦੇ ਦੂਰ-ਦੁਰੇਡੇ ਦੇ ਖੇਤਰਾਂ ਦੇ ਲੋਕਾਂ ਨੂੰ ਵੱਡਾ ਲਾਭ ਮਿਲਦਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਰਹਿੰਦੇ ਬਜ਼ੁਰਗ, ਅਪਾਹਜ਼, ਬੱਚੇ ਅਤੇ ਹੋਰ ਲੋੜਵੰਦ ਵਿਅਕਤੀ ਜਿਹੜੇ ਹਸਪਤਾਲ ਤੱਕ ਦਵਾਈ ਲੈਣ ਲਈ ਨਹੀਂ ਪਹੁੰਚ ਸਕਦੇ, ਅਜਿਹੇ ਮਰੀਜ਼ਾਂ ਨੂੰ ਦਵਾਈ ਪਹੁੰਚਾਉਣ ਲਈ ਇਹ ਬੱਸ ਸੇਵਾ ਵਰਦਾਨ ਸਾਬਿਤ ਹੋ ਰਹੀ ਹੈ।
ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਨੇ ਦੱਸਿਆ ਕਿ ਇਸ ਮੋਬਾਈਲ ਮੈਡੀਕਲ ਯੂਨਿਟ ਦੇ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ਼ ਵੱਲੋਂ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜਾਨਾ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਵੱਖ-ਵੱਖ ਪਿੰਡਾਂ ਤੇ ਸਲਮ ਬਸਤੀਆਂ ਵਿੱਚ ਜਾ ਕੇ ਮਰੀਜਾਂ ਦਾ ਚੈਕ-ਅਪ ਕੀਤਾ ਜਾਂਦਾ ਹੈ। ਇਸ ਯੂਨਿਟ ਵੱਲੋਂ ਰੋਜਾਨਾ ਦੋ ਪਿੰਡਾਂ ਦੇ ਮਰੀਜ ਚੈਕ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਚਾਲੂ ਮਹੀਨਾ ਅਗਸਤ, 2018 ਦੌਰਾਨ ਇਸ ਮੋਬਾਈਲ ਮੈਡੀਕਲ ਯੂਨਿਟ ਵੱਲੋਂ 26 ਪਿੰਡਾਂ ਦਾ ਦੋਰਾ ਕਰਦੇ ਹੋਏ ਉਥੇ ਰਹਿਣ ਵਾਲੇ ਵਸਨੀਕਾਂ ਦਾ ਚੈਕ-ਅਪ ਕੀਤਾ ਜਾਵੇਗਾ। ਉਨ੍ਹਾਂ ਪਿੰਡਾਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਹ ਮੋਬਾਇਲ ਮੈਡੀਕਲ ਯੂਨਿਟ 6 ਅਗਸਤ ਨੂੰ ਪਿੰਡ ਫੂਲੇਵਾਲਾ, 7 ਅਗਸਤ ਨੂੰ ਨੱਥੋ ਕੇ, 8 ਨੂੰ ਮੌੜ ਨੌ ਆਬਾਦ, 9 ਨੂੰ ਉੱਗੋਕੇ, 10 ਨੂੰ ਕੋਟਲਾ ਮੇਹਰ ਸਿੰਘ ਵਾਲਾ, 11 ਨੂੰ ਲੰਗਿਆਣਾ ਪੁਰਾਣਾ, 13 ਅਗਸਤ ਨੂੰ ਵੈਰੋਕੇ, 14 ਨੂੰ ਕੋਟਲਾ ਰਾਏ ਕਾ, 16 ਨੂੰ ਗੰਜੀ ਗੁਲਾਬ ਸਿੰਘ, 17 ਨੂੰ ਜੀਤਾ ਸਿੰਘ ਵਾਲਾ, 18 ਨੂੰ ਡੇਮਰੂ ਖੁਰਦ, 20 ਨੂੰ ਮਾਹਲਾ ਕਲਾਂ, 21 ਨੂੰ ਮੱਲ ਕੇ, 22 ਨੂੰ ਸਾਹੋਕੇ, 23 ਨੂੰ ਖੋਟੇ, 24 ਨੂੰ ਜਵਾਹਰ ਸਿੰਘ ਵਾਲਾ, 25 ਨੂੰ ਨੰਗਲ, 27 ਨੂੰ ਬੌਡੇ, 28 ਨੂੰ ਦੀਦਾਰੇਵਾਲਾ, 29 ਨੂੰ ਦੀਨਾ, 30 ਨੂੰ ਰਣਸੀਂਹ ਕਲਾਂ ਅਤੇ 31 ਅਗਸਤ ਨੂੰ ਪਿੰਡ ਗਾਜੀਆਣਾ ਦਾ ਦੌਰਾ ਕਰਕੇ ਮਰੀਜ਼ਾਂ ਦਾ ਮੈਡੀਕਲ ਚੈਕਅਪ ਕਰੇਗੀ। ਸਿਵਲ ਸਰਜਨ ਨੇ ਇੰਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਇਸ ਮੋਬਾਈਲ ਮੈਡੀਕਲ ਯੂਨਿਟ ਦਾ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਮੋਬਾਈਲ ਮੈਡੀਕਲ ਯੂਨਿਟ ਮੋਗਾ ਦੇ ਨੋਡਲ ਅਫ਼ਸਰ-ਕਮ-ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਸੁਰਿੰਦਰ ਸੇਤੀਆ ਵੀ ਮੌਜੂਦ ਸਨ।