ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਅਪਣਾਏ ਸਖਤ ਰੁੱਖ ਤਹਿਤ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਅਤੇ ਐਸ.ਐਸ.ਪੀ. ਦੀਪਕ ਹਿਲੋਰੀ ਵੱਲੋਂ ਚਲਾਈ ਸਾਂਝੀ ਮੁਹਿੰਮ ਤਹਿਤ ਅੱਜ ਸਿਵਲ, ਪੁਲਿਸ ਅਤੇ ਸਿਹਤ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹੇ ਦੇ ਉੱਚ ਸਿਵਲ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਸਿਹਤ ਅਧਿਕਾਰੀਆਂ ਤੋਂ ਇਲਾਵਾ ਸਮੂਹ ਥਾਣਿਆਂ ਦੇ ਐਸ.ਐਚ.ਓਜ਼ ਨੂੰ ਵੀ ਬੁਲਾਇਆ ਗਿਆ ਸੀ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਇਸ ਮੌਕੇ ਸਪੱਸ਼ਟ ਕੀਤਾ ਕਿ ਸਪਲਾਈ ਚੇਨ ਨੂੰ ਤੋੜੇ ਬਿਨਾਂ ਅਤੇ ਪੀੜਤਾਂ ਨੂੰ ਇਲਾਜ ਦਿੱਤੇ ਬਿਨਾਂ ਨਸ਼ਿਆਂ ਦੀ ਇਸ ਬੁਰਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ, ਇਸ ਲਈ ਸਮੂਹ ਅਧਿਕਾਰੀ ਟੀਮ ਵਾਂਗ ਕੰਮ ਕਰਨ ਅਤੇ ਉਨ੍ਹਾਂ ਕੋਲ ਮੌਜੂਦ ਸੂਚਨਾਵਾਂ ਨੂੰ ਪੁਲਿਸ ਅਧਿਕਾਰੀਆਂ ਨਾਲ ਸਾਂਝੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦਾ ਨਸ਼ਾ ਤਸਕਰਾਂ ਪ੍ਰਤੀ ਨਰਮ ਰੱਖ ਪਾਇਆ ਗਿਆ ਜਾਂ ਕਿਸੇ ਤਰ੍ਹਾਂ ਦੀ ਮਿਲੀਭੁਗਤ ਪਾਈ ਗਈ ਤਾਂ ਇਸ ਖਿਲਾਫ਼ ਸਖਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਸਮੂਹ ਐਸ.ਐਚ.ਓਜ਼ ਨੂੰ ਆਪੋ-ਆਪਣੇ ਇਲਾਕਿਆਂ ’ਚ ਨਸ਼ਾ ਤਸਕਰਾਂ ਪ੍ਰਤੀ ਪੂਰੀ ਤਰ੍ਹਾਂ ਚੌਕਸ ਰਹਿਣ ਦੇ ਆਦੇਸ਼ ਦਿੰਦਿਆਂ ਆਖਿਆ ਕਿ ਵਧੇਰੇ ਚੌਕਸੀ ਨਾਲ ਹੀ ਇਨ੍ਹਾਂ ਤਸਕਰਾਂ ਨੂੰ ਖਦੇੜਿਆ ਜਾ ਸਕਦਾ ਹੈ। ਉਨ੍ਹਾਂ ਨੇ ਐਸ.ਐਚ.ਓਜ਼ ਵੱਲੋਂ ਇਲਾਜ ਲਈ ਪ੍ਰੇਰ ਕੇ ਲਿਆਏ ਜਾਂਦੇ ਨੌਜੁਆਨਾਂ ਅਤੇ ਪੀੜਤਾਂ ਨੂੰ ਓਟ ਸੈਂਟਰ ਬਲਾਚੌਰ ਤੇ ਨਵਾਂਸ਼ਹਿਰ, ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਵਿਖੇ ਲਿਆਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੀਆਂ ਥਾਂਵਾਂ ’ਤੇ ਟੈਸਟ ਅਤੇ ਦਵਾਈ ਮੁਫ਼ਤ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਸਮੁੱਚੇ ਜ਼ਿਲ੍ਹੇ ਨੂੰ 10-10 ਪਿੰਡਾਂ ਦੇ ਇੱਕ ਸੈਕਟਰ ’ਚ ਵੰਡ ਕੇ, ਹਰੇਕ ਸੈਕਟਰ ਦਾ ਇੰਚਾਰਜ ਇੱਕ ਜ਼ਿਲ੍ਹਾ ਪੱਧਰੀ ਅਧਿਕਾਰੀ ਲਗਾਇਆ ਹੈ ਜੋ ਕਿ ਆਪੋ-ਆਪਣੇ ਇਲਾਕੇ ਵਿੱਚ ਨਸ਼ੇ ਦੀ ਰੋਕਥਾਮ ਬਾਰੇ ਕੰਮ ਕਰਨ ਦੇ ਨਾਲ-ਨਾਲ ਨਸ਼ਾ ਪੀੜਤਾਂ ਦਾ ਸਰਵੇਖਣ ਵੀ ਕਰੇਗਾ। ਐਸ.ਐਸ.ਪੀ. ਦੀਪਕ ਹਿਲੋਰੀ ਨੇ ਇਸ ਮੌਕੇ ਆਖਿਆ ਕਿ ਉਨ੍ਹਾਂ ਦੀ ਪੁਰਜ਼ੋਰ ਕੋਸ਼ਿਸ਼ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਦੀ ਹੋਵੇਗੀ ਅਤੇ ਇਸ ਮਾਮਲੇ ’ਤੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਹੋਵੇਗਾ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਵੀ ਆਖਿਆ ਕਿ ਉਹ ਨਸ਼ਾ ਪੀੜਤਾਂ ਪ੍ਰਤੀ ਹਮਦਰਦੀ ਅਤੇ ਨਸ਼ਾ ਤਸਕਰਾਂ ਪ੍ਰਤੀ ਸਖਤੀ ਵਰਤਣ ਤਾਂ ਜੋ ਸਮਾਜ ਨੂੰ ਇਸ ਕੋਹੜ ਤੋਂ ਮੁਕਤ ਕਰਵਾਇਆ ਜਾ ਸਕੇ। ਉਨ੍ਹਾਂ ਨੇ ਸਮੂਹ ਪੁਲਿਸ ਅਫ਼ਸਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ 10-10 ਪਿੰਡਾਂ ਦੀ ਸੂਚੀ ਦੇ ਇੰਚਾਰਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਆਪਣਾ ਯੋਗਦਾਨ ਵੀ ਇਸ ਮੁਹਿੰਮ ’ਚ ਪਾਉਣ ਲਈ ਆਖਿਆ। ਐਸ.ਪੀ. (ਡੀ) ਮਨਵਿੰਦਰ ਸਿੰਘ ਨੇ ਇਸ ਮੌਕੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ੇ ਦੇ ਟੀਕਿਆਂ ਦੀ ਸਪਲਾਈ ਚੇਨ ਤੋੜਨ ਲਈ ਯੂ.ਪੀ. ਪੁਲਿਸ ਨਾਲ ਮਿਲ ਕੇ ਉੱਥੇ ਵਿਸ਼ੇਸ਼ ਓਪਰੇਸ਼ਨ ਚਲਾਇਆ ਹੈ ਜਿਸ ’ਚ ਕਾਫ਼ੀ ਸਫ਼ਲਤਾ ਮਿਲੀ ਹੈ। ਉਨ੍ਹਾਂ ਸਿਵਲ ਸਰਜਨ ਡਾ. ਗੁਰਿੰਦਰ ਕੌਰ ਨੂੰ ਆਖਿਆ ਕਿ ਪਿੰਡਾਂ ਵਿੱਚ ਕਿਸੇ ਵੀ ਸੂਹ ਦੇ ਅਧਾਰ ’ਤੇ ਅਣ-ਅਧਿਕਾਰਿਤ ਆਰ.ਐਮ.ਪੀਜ਼ ਜਾਂ ਮੈਡੀਕਲ ਸਟੋਰ ’ਤੇ ਛਾਪੇਮਾਰੀ ਲਈ ਥਾਣਾ ਅਧਾਰ ’ਤੇ ਮੈਡੀਕਲ ਅਫ਼ਸਰ ਦੀ ਡਿਊਟੀ ਲਾਈ ਜਾਵੇ ਤਾਂ ਜੋ ਸਬੰਧਤ ਥਾਣਾ ਮੁੱਖੀ ਲੋੜ ਪੈਣ ’ਤੇ ਸਬੰਧਤ ਮੈਡੀਕਲ ਅਫ਼ਸਰ ਨੂੰ ਨਾਲ ਲੈ ਕੇ ਕਾਰਵਾਈ ਕਰ ਸਕੇ।
ਸਿਵਲ ਸਰਜਨ ਡਾ. ਗੁਰਿੰਦਰ ਕੌਰ ਨੇ ਇਸ ਮੌਕੇ ਦੱਸਿਆ ਕਿ ਉਹ ਪੁਲਿਸ ਵੱਲੋਂ ਅਜਿਹੀ ਕਿਸੇ ਵੀ ਛਾਪੇਮਾਰੀ ਜਿਸ ਵਿੱਚ ਮੈਡੀਕਲ ਅਫ਼ਸਰ ਦੀ ਲੋੜ ਪੈਂਦੀ ਹੈ, ਵਾਸਤੇ ਮੈਡੀਕਲ ਅਫ਼ਸਰਾਂ ਨੂੰ ਆਦੇਸ਼ ਕਰ ਦੇਣਗੇ ਅਤੇ ਉਹ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਦੱਸਿਆ ਕਿ ਓਟ ਸੈਂਟਰ ਨਵਾਂਸ਼ਹਿਰ ਵਿਖੇ 126 ਅਤੇ ਬਲਾਚੌਰ ਵਿਖੇ 96 ਨਸ਼ਾ ਪੀੜਤ ਹੁਣ ਤੱਕ ਰਜਿਸਟਰ ਹੋ ਚੁੱਕੇ ਹਨ ਅਤੇ ਦਵਾਈ ਖਾ ਰਹੇ ਹਨ। ਮੀਟਿੰਗ ਵਿੱਚ ਏ.ਡੀ.ਸੀ. (ਡੀ) ਦਵਿੰਦਰ ਸਿੰਘ, ਐਸ.ਪੀ. (ਐਚ) ਦਿਆਮਾ ਹਰੀਸ਼, ਐਸ.ਡੀ.ਐਮ. ਨਵਾਂਸ਼ਹਿਰ ਅਦਿਤਿਆ ਉੱਪਲ, ਐਸ.ਡੀ.ਐਮ. ਬੰਗਾ ਅਨਮਜੋਤ ਕੌਰ, ਸਹਾਇਕ ਕਮਿਸ਼ਨਰ ਸਰਬਜੀਤ ਕੌਰ, ਏ.ਐਸ.ਪੀ. ਬੰਗਾ ਸਰਤਾਜ ਸਿੰਘ ਚਾਹਲ, ਡੀ.ਐਸ.ਪੀਜ਼ ਮੁਖਤਿਆਰ ਰਾਏ, ਹਰਵਿੰਦਰ ਸਿੰਘ ਡੱਲ੍ਹੀ, ਸੰਦੀਪ ਕੁਮਾਰ, ਡੀ.ਐਮ.ਸੀ. ਡਾ. ਦਿਆਲ ਸਰੂਪ ਤੋਂ ਇਲਾਵਾ ਐਸ.ਐਮ.ਓਜ਼ ਤੇ ਐਸ.ਐਚ.ਓਜ਼ ਵੀ ਮੌਜੂਦ ਸਨ। ਫ਼ੋਟੋ ਕੈਪਸ਼ਨ: 13.07.18 ਡੀ.ਸੀ., ਐਸ.ਐਸ.ਪੀ. ਮੀਟਿੰਗ: ਡੀ.ਸੀ. ਅਮਿਤ ਕੁਮਾਰ ਵੱਲੋਂ ਨਸ਼ਿਆਂ ਖਿਲਾਫ਼ ਸਾਂਝੀ ਰਣਨੀਤੀ ਉਲੀਕਣ ਲਈ ਬੁਲਾਈ ਗਈ ਮੀਟਿੰਗ ਵਿੱਚ ਐਸ.ਐਸ.ਪੀ. ਦੀਪਕ ਹਿਲੋਰੀ ਤੇ ਹੋਰ ਅਧਿਕਾਰੀ ਦਿਖਾਈ ਦੇ ਰਹੇ ਹਨ।