ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਜੋ ਕਿ ਜਿਲ੍ਹਾ ਰੈਡ ਕਰਾਸ ਸ਼ਾਖਾ ਦੇ ਪ੍ਰਧਾਨ ਵੀ ਹਨ ਦੀ ਯੋਗ ਅਗਵਾਈ ਹੇਠ ਵਿਸ਼ਵ ਰੈੱਡ ਕਰਾਸ ਦਿਵਸ ਦਾ ਜ਼ਿਲ੍ਹਾ ਪੱਧਰੀ ਸਮਾਗਮ 08 ਮਈ ਨੂੰ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ -71 ਵਿਖੇ ਸ਼ਾਨੋ ਸ਼ੋਕਤ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਡ ਕਰਾਸ ਦੇ ਅਵੇਤਨੀ ਸਕੱਤਰ ਅਤੇ ਸਹਾਇਕ ਕਮਿਸ਼ਨਰ (ਜਨਰਲ) ਸ. ਜਸਬੀਰ ਸਿੰਘ ਨੇ ਦੱਸਿਆ ਇਸ ਮੌਕੇ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸਖ਼ਸੀਅਤਾਂ, ਖੂਨਦਾਨੀਆਂ ਅਤੇ ਪੇਂਟਿੰਗ , ਲੇਖ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਪੁਜ਼ੀਸਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ।ਸਹਾਇਕ ਕਮਿਸ਼ਨਰ (ਜ) ਨੇ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਕਰਵਾਏ ਗਏ ਮੁਕਾਬਲਿਆਂ ਵਿੱਚ 13 ਸਕੂਲਾਂ ਦੇ 260 ਬੱਚਿਆਂ ਨੇ ਭਾਗ ਲਿਆ । ਇਸ ਤੋਂ ਇਲਾਵਾ ਸਬ ਡਿਵੀਜਨ ਖਰੜ ਅਤੇ ਡੇਰਾਬਸੀ ਵਿਖੇ ਵੀ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਪੇਂਟਿੰਗ, ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ। ਉਨਾ੍ਹਂ ਦੱਸਿਆ ਕਿ ਰੈਡ ਕਰਾਸ ਦਿਵਸ ਮੌਕੇ 8 ਮਈ ਨੂੰ ਸਿਵਲ ਹਸਪਤਾਲ ਫੇਜ਼ 6 ਵਿਖੇ ਜਿਲ੍ਹਾ ਰੈਡ ਕਰਾਸ ਸੋਸਇਟੀ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਇਸ ਖੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਖੂਨਦਾਨੀ ਆਪਣਾ ਯੋਗਦਾਨ ਪਾਉਣ ਨੂੰ ਤਰਜੀਹ ਦੇਣ। ਮੋਹਾਲੀ ਸਬ ਡਵੀਜ਼ਨ ਵਿਚ ਕਰਵਾਏ ਗਏ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਸ੍ਰੀ ਰਾਜ ਮਲ ਨੇ ਦੱਸਿਆ ਕਿ ਪੈਰਾਗਾਨ ਸਕੂਲ ਸੈਕਟਰ 71 ਵਿਖੇ ਕਰਵਾਏ ਮੁਕਾਬਲਿਆਂ ਵਿੱਚ ਬੱਚਿਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਬੱਚਿਆਂ ਨੇ ਭਰੂਣ ਹੱਤਿਆ ਅਤੇ ਨਸ਼ਿਆਂ ਦੀ ਰੋਕਥਾਮ ਅਤੇ ਹੋਰ ਸਮਾਜਿਕ ਬੁਰਾਈਆਂ ਦੀ ਰੋਕਥਾਮ ਦੇ ਵਿਸ਼ੇ ਤੇ ਪੇਟਿੰਗਾਂ ਤਿਆਰ ਕੀਤੀਆਂ ਅਤੇ ਭਾਸ਼ਣ ਮੁਕਾਬਲਿਆਂ ਦਾ ਵੀ ਇਹ ਵਿਸ਼ਾ ਰਿਹਾ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਨਿਰਮਲ ਸ਼ਰਮਾ, ਜਿਲ੍ਹਾ ਸਿੱਖਿਆ ਦਫਤਰ ਵੱਲੋਂ ਗਾਇਡ ਕੌਂਸਲਰ ਸ੍ਰੀ ਹਰਵਿੰਦਰ ਸਿੰਘ, ਰੈਡ ਕਰਾਸ ਸੋਸਾਇਟੀ ਦੇ ਜ਼ਿਲ੍ਹਾ ਸਿਖਲਾਈ ਅਫਸਰ ਸ੍ਰੀ ਸੁਖਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਵਿਦਿਆਰਥੀ ਮੌਜੂਦ ਸਨ।