ਨਗਰ ਨਿਗਮ ਮੋਹਾਲੀ ਵਲੋਂ ਕੋਂਸਲਰ ਉਪਿੰਦਰਪ੍ਰੀਤ ਕੌਰ ਗਿੱਲ ਦੀ ਅਗਵਾਈ ਹੇਠ ਵਾਰਡ ਨੰਬਰ 29, ਐਚ.ਆਈ.ਜੀ ਫਲੈਟਸ, ਫੇਜ 11 ਵਿੱਚ ਪਾਰਕਿੰਗ ਸਪੇਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ । ਜਿਕਰਜੋਗ ਹੈ ਕਿ ਐਚ.ਆਈ.ਜੀ ਫਲੈਟਸ ਨਿਵਾਸੀਆਂ ਲਈ ਪਾਰਕਿੰਗ ਦੀ ਸੁਵਿਧਾ ਨਾ ਹੋਣ ਕਾਰਨ ਇਥੋਂ ਦੇ ਵਸਨੀਕਾਂ ਨੂੰ ਆਪਣੇ ਵਾਹਨਾਂ ਨੂੰ ਪਾਰਕਾਂ ਆਦਿ 'ਚ ਖੜ੍ਹਾ ਕਰਨਾ ਪੈਂਦਾ ਸੀ । ਜਿਸ ਕਾਰਨ ਇਥੋਂ ਦੇ ਬੱਚਿਆਂ ਨੂੰ ਪਾਰਕਾਂ 'ਚ ਖੇਡਣ ਅਤੇ ਵਸਨੀਕਾਂ ਨੂੰ ਸਵੇਰੇ-ਸ਼ਾਮ ਸੈਰ ਲਈ ਢੁਕਵੀਂ ਥਾਂ ਨਹੀਂ ਮਿਲ ਪਾਂਦੀ ਸੀ । ਜਿਸ ਕਾਰਣ ਪਾਰਕਿੰਗ ਸਪੇਸ ਇਥੋਂ ਦੀ ਮੁੱਢਲੀ ਜਰੂਰਤ ਬਣ ਗਿਆ ਸੀ । ਇਸ ਮੌਕੇ ਤੇ ਵਾਰਡ ਨੰਬਰ 29 ਤੋਂ ਕੋਂਸਲਰ ਬੀਬੀ ਉਪਿੰਦਰਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਉਹ ਸਮੇ ਸਮੇ ਤੇ ਵਾਰਡ ਨਿਵਾਸੀਆਂ ਨੂੰ ਮਿਲ ਕੇ ਉਹਨਾਂ ਦੀਆ ਸਮੱਸਿਆਂਵਾਂ ਨੂੰ ਸੁਣਕੇ ਓਹਨਾ ਨੂੰ ਦੂਰ ਕਰਨ ਲਈ ਭਰਪੂਰ ਕੋਸ਼ਿਸ਼ ਕਰਦੇ ਰਹਿੰਦੇ ਹਨ । ਜਦੋ ਓਹਨਾਂ ਨੂੰ ਵਾਰਡ ਵਾਸੀਆਂ ਨੇ ਵਾਹਨਾਂ ਦੀ ਪਾਰਕਿੰਗ ਸੰਬੰਧੀ ਆ ਰਹੀ ਸਮੱਸਿਆ ਬਾਰੇ ਦੱਸਿਆ ਤਾਂ ਓਹਨਾ ਜਲਦ ਇਸ ਨੂੰ ਹੱਲ ਕਰਨਾ ਦਾ ਵਾਅਦਾ ਕੀਤਾ ਸੀ ਅਤੇ ਅੱਜ ਆਪਣੇ ਉਸ ਵਾਅਦੇ ਨੂੰ ਪੂਰਾ ਕਰਦਿਆਂ ਹੋਈਆਂ ਵਾਹਨਾਂ ਦੀ ਪਾਰਕਿੰਗ ਲਈ ਪਾਰਕਿੰਗ ਸਪੇਸ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ । ਜਿਸ ਨਾਲ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਪਾਰਕਾਂ 'ਚ ਖੜ੍ਹਾ ਨਹੀ ਕਰਨਾ ਪਵੇਗਾ । ਹੁਣ ਪਾਰਕਾਂ ਨੂੰ ਪਾਰਕਿੰਗ ਲਈ ਨਹੀਂ ਬਲਕਿ ਖੇਡਣ ਅਤੇ ਸੈਰ ਕਰਨ ਲਈ ਵਰਤਿਆ ਜਾਏਗਾ । ਇਸ ਦੇ ਨਾਲ ਉਹਨਾਂ ਇਹ ਜਾਣਕਾਰੀ ਵੀ ਦਿਤੀ ਕਿ ਸੈਕਟਰ 48 ਸੀ ਵਿੱਚ ਦੋ ਥਾਵਾਂ ਤੇ ਸੀਵਰੇਜ ਦੀਆਂ ਨਵੀਆਂ ਪਾਈਪਾਂ ਅਤੇ ਮੇਨ ਹੋਲ ਪਾਏ ਜਾ ਰਹੇ ਹਨ । ਲੰਬੇ ਸਮੇਂ ਤੋਂ ਵਸਨੀਕਾਂ ਨੂੰ ਸੀਵਰੇਜ਼ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜੋਕਿ ਨਵੀਆਂ ਪਾਈਪਾਂ ਪੈਣ ਨਾਲ ਹੱਲ ਹੋ ਜਾਵੇਗਾ । ਇਸ ਮੌਕੇ ਤੇ ਵਾਰਡ ਵਾਸੀਆਂ ਨੇ ਕੋਂਸਲਰ ਬੀਬੀ ਉਪਿੰਦਰਪ੍ਰੀਤ ਕੌਰ ਗਿੱਲ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਕੰਮ ਕਰਨ ਲਈ ਪ੍ਰੇਰਿਆ ।