ਅਨੁਰਾਗ ਵਰਮਾ, ਵਿੱਤੀ ਕਮਿਸ਼ਨਰ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਬਲਾਕ ਮਾਜਰੀ ਦੇ ਕੰਸਲਾ ਪਿੰਡ ਵਿੱਚ 90 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਪੰਚਾਇਤ ਦੇ ਹੱਕ ਵਿੱਚ ਲਿਆ ਗਿਆ ਹੈ। ਇਹ ਜ਼ਮੀਨ ਈਕੋ ਸਿਟੀ-2 ਅਤੇ ਓਮੈਕਸ ਟਾਵਰ ਦੇ ਫਲੈਟਾਂ ਨੇੜੇ ਪੈਂਦੀ ਹੈ ਤੇ ਇਸ ਦੀ ਕੀਮਤ ਲਪਭਗ 90 ਕਰੋੜ ਰੁਪਏ ਹੈ। ਸ੍ਰੀ ਵਰਮਾ ਨੇ ਦੱਸਿਆ ਕਿ ਪੰਚਾਇਤ ਵਿਭਾਗ ਵੱਲੋਂ ਇਸ ਜ਼ਮੀਨ ਦਾ ਕਬਜ਼ਾ ਲੈਣ ਲਈ ਕਾਫ਼ੀ ਦੇਰ ਤੋਂ ਚਾਰਾਜੋਈ ਕੀਤੀ ਜਾ ਰਹੀ ਸੀ ਪਰ ਕਬਜ਼ਾਕਾਰਾਂ ਨੇ ਮਾਣਯੋਗ ਹਾਈ ਕੋਰਟ ਤੋਂ ਸਟੇਅ ਹਾਸਲ ਕੀਤੀ ਹੋਈ ਸੀ। ਵਿਭਾਗ ਦੇ ਅਧਿਕਾਰੀਆਂ ਨੇ ਇਸ ਕੇਸ ਦੀ ਪੂਰੀ ਪੈਰਵੀ ਕਰਦਿਆਂ ਮਾਣਯੋਗ ਹਾਈ ਕੋਰਟ ਸਾਹਮਣੇ ਆਪਣਾ ਕਾਨੂੰਨੀ ਪੱਖ ਰੱਖਿਆ, ਜਿਸ ਨੂੰ ਵੇਖਦੇ ਹੋਏ ਮਾਣਯੋਗ ਹਾਈ ਕੋਰਟ ਨੇ ਸਟੇਅ ਹਟਾ ਦਿੱਤੀ । ਇਸ ਦੇ ਮੱਦੇ ਨਜ਼ਰ ਫੌਰੀ ਤੌਰ ਤੇ ਸ੍ਰੀਮਤੀ ਦਿਲਾਵਰ ਕੌਰ ਬੀ.ਡੀ.ਪੀ.ਓ ਬਲਾਕ ਮਾਜਰੀ ਵੱਲੋਂ ਡੀ.ਡੀ.ਪੀ.ਓ ਐਸ.ਏ.ਐਸ ਨਗਰ ਸ੍ਰੀ ਡੀ.ਕੇ ਸਾਲਦੀ ਤੋਂ ਕਬਜ਼ਾ ਵਾਰੰਟ ਰੀਨਿਊ ਕਰਵਾਇਆ ਗਿਆ। ਉਨਾ੍ਹਂ ਦੱਸਿਆ ਕਿ ਇਹ ਕੇਸ ਅਤੇ ਅਜਿਹੇ ਹੀ ਹੋਰ ਬਕਾਇਆ ਕੇਸਾਂ ਸਬੰਧੀ ਉਨ੍ਹਾਂ ਵੱਲੋਂ ਮਿਤੀ 23.2.2018 ਨੂੰ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਚਰਨਦੇਵ ਸਿੰਘ ਮਾਨ , ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਗਰਗ , ਡੀ.ਡੀ.ਪੀ.ਓ ਅਤੇ ਐਸ.ਏ.ਐਸ ਨਗਰ ਦੇ ਸਾਰੇ ਬੀ.ਡੀ.ਪੀ.ਓਜ਼ ਦੇ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਆਦੇਸ਼ ਦਿੱਤਾ ਗਿਆ ਕਿ ਪੰਚਾਇਤੀ ਜ਼ਮੀਨ ਤੋਂ ਨਜ਼ਾਇਜ਼ ਕਬਜ਼ੇ ਹਟਾਉਣ ਲਈ ਮਾਲ ਵਿਭਾਗ ਅਤੇ ਵਿਕਾਸ ਵਿਭਾਗ ਆਪਸ ਵਿੱਚ ਤਾਲਮੇਲ ਕਰਕੇ ਕੰਮ ਕਰਨ। ਸ੍ਰੀ ਵਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਨਾਲ ਤਾਲਮੇਲ ਕਰਕੇ ਪੁਲਿਸ ਪਾਰਟੀ ਦੀ ਮਦਦ ਲਈ ਗਈ । ਬੀ.ਡੀ.ਪੀ.ਓ ਮਾਜਰੀ ਨੇ ਏ.ਐਸ.ਆਈ ਅਵਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਜ਼ਮੀਨ ਦਾ ਕਾਬਜ਼ਾ ਲਿਆ । ਇਹ ਜ਼ਮੀਨ ਸਾਲ 2007 ਤੋਂ ਨਜ਼ਾਇਜ਼ ਕਬਜ਼ੇ ਅਧੀਨ ਸੀ । ਸ੍ਰੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਏਡੀਸੀ(ਵਿਕਾਸ) ਨੂੰ ਹਦਾਇਤ ਕੀਤੀ ਹੈ ਕਿ ਉਹ ਡੀਡੀਪੀਓ, ਬੀਡੀਪੀਓ ਅਤੇ ਪਿੰਡ ਦੀ ਗ੍ਰਾਮ ਸਭਾ ਨਾਲ ਵਿਚਾਰ ਵਿਟਾਂਦਰਾ ਕਰਕੇ ਅਤੇ ਗਮਾਡਾ ਦੀ ਸਲਾਹ ਲੈ ਕੇ ਦੱਸਣ ਕਿ ਪੰਚਾਇਤ ਇਸ ਜ਼ਮੀਨ ਦਾ ਵੱਧ ਤੋਂ ਵੱਧ ਲਾਭ ਕਿਵੇਂ ਲੈ ਸਕਦੀ ਹੈ।