ਸ਼੍ਰੋਮਣੀ ਅਕਾਲੀ ਸੱਤਾਧਾਰੀ ਪਾਰਟੀ ਵੱਲੋਂ ਇਸਦੇ ਵਰਕਰਾਂ ਖਿਲਾਫ ਕੀਤੀ ਜਾ ਰਹੀ ਬਦਲਾਖੋਰੀ ਦੀ ਸਿਆਸਤ ਦੇ ਮਾਮਲੇ 'ਤੇ ਚੁੱਪ ਕਰ ਕੇ ਨਹੀਂ ਬੈਠੇਗਾ ਅਤੇ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਦਾ ਪਾਰਟੀ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ 'ਤੇ ਅੱਜ ਜਨਰਲ ਸਕੱਤਰ ਸ੍ਰੀ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਦੇ ਮੁੱਖ ਦਫਤਰ ਵਿਖੇ ਵੱਡੀ ਗਿਣਤੀ ਵਿਚ ਵਕੀਲਾਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਪੀੜਤ ਅਕਾਲੀ ਵਰਕਰਾਂ ਦੀ ਸਹਾਇਤਾ ਲਈ ਰਣਨੀਤੀ ਘੜਨ 'ਤੇ ਵਿਚਾਰ ਕੀਤਾ।ਹਾਲਾਤਾਂ ਦੀ ਵਿਸਥਾਰਤ ਸਮੀਖਿਆ ਕਰਦਿਆਂ ਅਕਾਲੀ ਲੀਡਰਸ਼ਿਪ ਨੇ ਨੋਟ ਕੀਤਾ ਕਿ ਦੋ ਹਫਤਿਆਂ ਦੇ ਕਾਂਗਰਸ ਦੇ ਰਾਜ ਦੌਰਾਨ 3 ਅਕਾਲੀ ਵਰਕਰਾਂ ਦਾ ਕਤਲ ਹੋਇਆ ਹੈ ਜਦਕਿ ਅਨੇਕਾਂ ਹੀ ਹਿੰਸਕ ਹਮਲਿਆਂ ਵਿਚ ਜ਼ਖ਼ਮੀ ਹੋਏ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅਜਿਹੀਆਂ ਕਈ ਘਟਨਾਵਾਂ ਪਾਰਟੀ ਦੇ ਨੋਟਿਸ ਵਿਚ ਆਈਆਂ ਹਲ ਜਿਥੇ ਚੁਣੀਆਂ ਹੋਈਆਂ ਸੰਸਥਾਵਾਂ ਦੇ ਅਕਾਲੀ ਆਗੂ ਜਿਹਨਾਂ ਦੇ ਅਹੁਦੇ ਦੀ ਮਿਆਦ ਹਾਲੇ ਪੂਰੀ ਹੋਣੀ ਬਾਕੀ ਹੈ, ਨੂੰ ਕਾਂਗਰਸ ਦੇ ਆਗੂਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਹ ਝੂਠੇ ਪਰਚੇ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਕੇ ਸਾਰੇ ਗੈਰ ਕਾਨੂੰਨੀ ਤਰੀਕਿਆਂ ਨਾਲ ਉਹਨਾਂ ਨੂੰ ਅਹੁਦਿਆਂ ਤੋਂ ਲਾਹੁਣ ਲਈ ਕੰਮ ਕਰ ਰਹੇ ਹਨ। ਸ੍ਰੀ ਗਰੇਵਾਲ ਤੇ ਡਾ. ਚੀਮਾ ਨੇ ਕਿਹਾ ਕਿ ਇਹ ਕਾਂਗਰਸੀ ਆਗੂਆਂ ਦੀ ਗੈਰ ਕਾਨੂੰਨੀ, ਗੈਰ ਲੋੜੀਂਦੀ ਤੇ ਗੈਰ ਲੋਕਤੰਤਰੀ ਕਾਰਵਾਈ ਹੈ ਜਿਸ ਨਾਲ ਉਹ ਲੋਕਤੰਤਰੀ ਪ੍ਰਕਿਰਿਆ ਦੀਆਂ ਸੰਸਥਾਵਾਂ ਨੂੰ ਢਾਹ ਲਾਉਣ ਲੱਗੇ ਹੋਏ ਹਨ।ਅਕਾਲੀ ਆਗੂਆਂ ਨੇ ਸਬ ਡਵੀਜ਼ਨ, ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਵਕੀਲਾਂ ਦੇ ਪੈਨਲ ਗਠਿਤ ਕਰਨ ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਤਾਂ ਕਿ ਪੀੜਤ ਅਕਾਲੀ ਵਰਕਰਾਂ ਨੂੰ ਸਰਵੋਤਮ ਸੰਭਾਵੀ ਕਾਨੂੰਨੀ ਮਦਦ ਦਿੱਤੀ ਜਾ ਸਕੇ।