'ਗੁਰੂ ਕੀ ਨਗਰੀ' ਸ੍ਰੀ ਅਮ੍ਰਿਤਸਰ ਨੂੰ 3 ਅਤੇ 4 ਦਸੰਬਰ 2016 ਨੂੰ ਹੋਣ ਵਾਲੀ 'ਹਾਰਟ ਆਫ਼ ਏਸ਼ੀਆ-ਇਸਤੰਬੋਲ ਪ੍ਰਕਿਰਿਆ' ਦੀ 6ਵੀਂ 'ਮਨਿਸਟ੍ਰੀਅਲ ਕਾਨਫ਼ਰੰਸ' ਦੀ ਮੇਜ਼ਬਾਨੀ ਦਾ ਮਾਣ ਮਿਲਣ ਨਾਲ ਅੱਜ ਇਸ ਦੀਆਂ ਪ੍ਰਾਪਤੀਆਂ ਵਿੱਚ ਇੱਕ ਹੋਰ ਮੀਲਪੱਥਰ ਜੁੜ ਗਿਆ।ਕੇਂਦਰੀ ਵਿਦੇਸ਼ ਰਾਜ ਮੰਤਰੀ ਜਨ. ਵੀ.ਕੇ. ਸਿੰਘ ਨਾਲ ਇਸ ਕਾਨਫ਼ਰੰਸ ਦੀ ਮੇਜ਼ਬਾਨੀ ਅਤੇ ਹੋਰ ਤਿਆਰੀਆਂ ਸਬੰਧੀ ਮੀਟਿੰਗ ਕਰਨ ਬਾਅਦ, ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਉਕਤ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਕਾਨਫ਼ਰੰਸ ਵਿੱਚ 'ਹਾਰਟ ਆਫ਼ ਏਸ਼ੀਆ' ਦੇ ਸਹਾਇਕ ਦੇਸ਼ਾਂ ਅਤੇ ਕੌਮਾਂਤਰੀ ਸੰਸਥਾਂਵਾਂ ਦੇ 40 ਵਿਦੇਸ਼ ਮੰਤਰੀਆਂ ਸਮੇਤ ਕਈ ਅਹਿਮ ਸਖਸ਼ੀਅਤਾਂ ਸ਼ਾਮਿਲ ਹੋਣਗੀਆਂ। ਵਧੇਰੇ ਜਾਣਕਾਰੀ ਦਿੰਦਿਆਂ, ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਅਮ੍ਰਿਤਸਰ ਦੀ ਇਸ ਇਤਿਹਾਸਕ ਕਾਨਫ਼ਰੰਸ ਦੀ ਮੇਜ਼ਬਾਨੀ ਲਈ ਚੋਣ ਹੋਣ ਬਾਅਦ, ਪੰਜਾਬ ਦੇ ਅਕਸ ਨੂੰ ਜਿੱਥੇ ਕੌਮਾਂਤਰੀ ਪੱਧਰ 'ਤੇ ਹੋਰ ਮਜ਼ਬੂਤੀ ਮਿਲੇਗੀ ਉੱਥੇ ਵਿਸ਼ਵ ਦੇ ਨਕਸ਼ੇ 'ਤੇ ਸੈਰ-ਸਪਾਟਾ ਅਤੇ ਮੇਜ਼ਬਾਨੀ ਪ੍ਰਬੰਧਨ ਵਿੱਚ ਵਿਲੱਖਣ ਪਛਾਣ ਵੀ ਮਿਲੇਗੀ।
ਉਨ੍ਹਾਂ ਆਖਿਆ ਕਿ ਅਮ੍ਰਿਤਸਰ ਲਈ ਆਪਣੇ ਅਮੀਰ ਅਤੇ ਮਾਣ-ਮੱਤੇ ਵਿਰਸੇ-ਭਰਾਵਾਂ ਦੇ ਢਾਂਬੇ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਦੀ ਸੜ੍ਹਕ ਨੂੰ ਦਿੱਤੀ ਗਈ ਵਿਰਾਸਤੀ ਦਿੱਖ, ਸ੍ਰੀ ਦਰਬਾਰ ਸਾਹਿਬ ਅੱਗੇ ਬਣਾਏ ਗਏ ਪਲਾਜ਼ਾ, ਪੰਜਾਬ ਦੇ ਕੁਰਬਾਨੀਆਂ ਭਰੇ ਅਜ਼ਾਦੀ ਇਤਿਹਾਸ ਦੇ ਗਵਾਹ ਜਲ੍ਹਿਆਂਵਾਲਾ ਬਾਗ਼, ਪਵਿੱਤਰ ਤੀਰਥ ਸ੍ਰੀ ਦਰਗਿਆਨਾ ਮੰਦਿਰ ਤੇ ਸ੍ਰੀ ਰਾਮ ਤੀਰਥ ਮੰਦਿਰ, ਨੂੰ ਇਨ੍ਹਾਂ ਕੌਮਾਂਤਰੀ ਸਖਸ਼ੀਅਤਾਂ ਨੂੰ ਦਿਖਾਉਣ ਦਾ ਇਹ ਬਹੁਤ ਹੀ ਢੁਕਵਾਂ ਅਵਸਰ ਹੋਵੇਗਾ।
ਸ. ਬਾਦਲ ਨੇ ਅੱਗੇ ਆਖਿਆ ਕਿ ਪੰਜਾਬ ਨੂੰ ਮਿਲੇ ਕੌਮਾਂਤਰੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਸੰਸਥਾਂਵਾਂ ਦੇ ਪ੍ਰਤੀਨਿਧਾਂ ਦੇ ਇਸ ਮੌਕੇ ਨੂੰ ਸਫ਼ਲ ਅਤੇ ਯਾਦਗਾਰੀ ਬਣਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰੱਖੀ ਜਾਵੇਗੀ ਅਤੇ ਇਸ ਵਿਸ਼ਾਲ ਕਾਨਫ਼ਰੰਸ ਵਾਸਤੇ ਹਰ ਤਰ੍ਹਾਂ ਦੀਆਂ ਤਿਆਰੀਆਂ ਹੁਣ ਤੋਂ ਹੀ ਆਰੰਭ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਉਹ ਨਿੱਜੀ ਤੌਰ 'ਤੇ 28 ਨਵੰਬਰ ਨੂੰ ਇਨ੍ਹਾਂ ਤਿਆਰੀਆਂ ਦਾ ਜਾਇਜ਼ਾ ਲੈਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ।ਉੱਪ ਮੁੱਖ ਮੰਤਰੀ ਵੱਲੋਂ ਕੇਂਦਰੀ ਵਿਦੇਸ਼ ਰਾਜ ਮੰਤਰੀ ਨੂੰ ਇਨ੍ਹਾਂ ਅਤਿ ਅਹਿਮ ਸਖਸ਼ੀਅਤਾਂ ਦੀ ਵਿਰਾਸਤੀ ਸੜ੍ਹਕ 'ਤੇ ਪੈਦਲ ਯਾਤਰਾ ਦੀ ਕੀਤੀ ਪੇਸ਼ਕਸ਼ ਵੀ ਉਨ੍ਹਾਂ ਵੱਲੋਂ ਤੁਰੰਤ ਸਵੀਕਾਰ ਕਰ ਲਈ।ਜ਼ਿਕਰਯੋਗ ਹੈ ਕਿ ਕਾਨਫ਼ਰੰਸ ਦੌਰਾਨ 'ਹਾਰਟ ਆਫ਼ ਏਸ਼ੀਆ' ਖੇਤਰ ਖਾਸਕਰ ਅਫ਼ਗਾਨਿਸਤਾਨ, ਨੂੰ ਦਰਪੇਸ਼ ਅਤਿਵਾਦ ਦੀ ਚਣੌਤੀ, ਮੁਕਾਬਲਾ ਅਤੇ ਸਭਿਆਚਾਰਕ ਤੇ ਨਾਗਰਿਕ ਸਮਾਨਤਾਵਾਂ ਅਤੇ ਵਿਦਿਅਕ ਖੇਤਰ ਵਿੱਚ ਸਹਿਯੋਗ 'ਤੇ ਵਿਚਾਰ-ਚਰਚਾ ਹੋਵੇਗੀ।