ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾ ਵਚਨਬੱਧ ਹੈ ਅਤੇ ਰਾਜ ਦੀਆਂ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਦਨ ਮੋਹਨ ਮਿੱਤਲ ਨੇ ਰਾਜ ਸਿਹਤ ਅਤੇ ਪਰਿਵਾਰ ਭਲਾਈ ਸਿਖਲਾਈ ਸੰਸਥਾ ਐਸ.ਏ.ਐਸ.ਨਗਰ ਦੇ ਆਡੀਟੋਰੀਅਮ ਵਿਖੇ ਨਵੇਂ ਭਰਤੀ ਕੀਤੇ ਮੈਡੀਕਲ ਅਫ਼ਸਰਾਂ ਦੀ ਇੰਡਕਸਨ ਟਰੇਨਿੰਗ ਦੀ ਸਮਾਪਤੀ ਮੌਕੇ ਕਰਵਾਏ ਗਏ ਸਮਾਗਮ ਵਿੱਚ ਸਮੂਲੀਅਤ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਰਾਜ ਸਰਕਾਰ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ ਰਾਹੀਂ 300 ਡਾਕਟਰਾਂ ਦੀ ਭਰਤੀ ਪੂਰੀ ਪਾਰਦਰਸ਼ਤਾ ਅਤੇ ਬਿਨਾਂ ਕਿਸੇ ਦੇਰੀ ਤੋਂ ਕੀਤੀ ਗਈ ਹੈ। ਜਿਸ ਵਿੱਚ 300 ਨਵੇਂ ਡਾਕਟਰ ਮੈਰਿਟ ਤੇ ਭਰਤੀ ਕੀਤੇ ਗਏ ਹਨ। ਹੁਣ ਇਹਨਾਂ ਡਾਕਟਰਾਂ ਦੀ ਇੰਡਕਸ਼ਨ ਟਰੇਨਿੰਗ ਦੀ ਸਮਾਪਤੀ ਹੋ ਗਈ ਹੈ । ਜਿਹਨਾਂ ਨੂੰ ਇੱਕ ਹਫ਼ਤੇ ਦੇ ਅੰਦਰ ਅੰਦਰ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ।
ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਇੱਕ ਵਿਸ਼ੇਸ਼ ਨੀਤੀ ਤਿਆਰ ਕੀਤੀ ਹੈ ਜਿਸ ਤਹਿਤ ਨਵੇਂ ਭਰਤੀ ਕੀਤੇ ਡਾਕਟਰਾਂ ਨੂੰ ਉਹਨਾਂ ਦੀ ਇੱਛਾਂ ਮੁਤਾਬਿਕ ਪਹਿਲ ਦੇ ਅਧਾਰ ਤੇ ਸਟੇਸ਼ਨ ਦਿੱਤੇ ਜਾਣਗੇ। ਖਾਸ ਕਰਕੇ ਕਪਿਲ ਕੇਸਾਂ ਵਿੱਚ ਅਤੇ ਕੁਆਰੇ ਹੋਣ ਦੀ ਸੂਰਤ ਵਿੱਚ ਖਾਸ ਖਿਆਲ ਰੱਖਿਆ ਜਾਵੇਗਾ ਤਾਂ ਜੋ ਉਹਨਾਂ ਨੂੰ ਦੂਰ ਦੁਰਾਡੇ ਨਾ ਜਾਣਾ ਪਵੇ ਅਤੇ ਇੱਛਾ ਮੁਤਾਬਿਕ ਹੀ ਸਟੇਸ਼ਨ ਅਲਾਟ ਕੀਤੇ ਜਾਣਗੇ ਪ੍ਰੰਤੂ ਡਾਕਟਰਾਂ ਨੂੰ ਆਪਣੀ ਡਿਊਟੀ ਸਮਰਪਿਤ ਅਤੇ ਤਨਦੇਹੀ ਬਿਨਾਂ ਕਿਸੇ ਲੋਭ ਲਾਲਚ ਤੋਂ ਕਰਨੀ ਹੋਵੇਗੀ ਅਤੇ ਉਹਨਾਂ ਨੂੰ ਆਪਣੀ ਡਿਊਟੀ ਦੇ ਸਮੇਂ ਲਈ ਪੂਰਾ ਪਾਬੰਦ ਹੋਣਾ ਪਵੇਗਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਆਖਿਆ ਕਿ ਨਵੇਂ ਭਰਤੀ ਕੀਤੇ ਗਏ ਡਾਕਟਰਾਂ ਨੂੰ ਵਿਭਾਗੀ ਤੌਰ ਤੇ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿੱਚ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਅਜਿਹਾ ਬੁਨਿਆਦੀ ਢਾਚਾ ਕਾਇਮ ਕਰ ਰਹੀ ਹੈ ਤਾਂ ਕਿ ਕਿਸੇ ਵੀ ਮਰੀਜ਼ ਨੂੰ ਦਵਾਈ ਲੈਣ ਲਈ 15 ਕੋਲਮੀਟਰ ਤੋਂ ਦੂਰ ਨਾ ਜਾਣਾ ਪਵੇ।
ਉਹਨਾਂ ਹੋਰ ਦੱਸਿਆ ਕਿ ਰਾਜ ਸਰਕਾਰ ਨੇ 100 ਪੋਸਟ ਗਰੈਜੁਏਟ ਡਾਕਟਰਾਂ ਦੀ ਭਰਤੀ ਕੀਤੀ ਹੈ ਜਲਦੀ ਹੀ ਸਟੇਸ਼ਨ ਅਲਾਟ ਕਰ ਦਿੱਤੇ ਜਾਣਗੇ। ਪੱਤਰਕਾਰਾਂ ਵੱਲੋਂ ਰਾਜ ਵਿੱਚ ਨੈਸ਼ਨਲ ਰੂਰਲ ਮਿਸ਼ਨ ਤਹਿਤ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੰਜਾਬ ਨੇ ਇਸ ਮਿਸ਼ਨ ਤਹਿਤ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ ਅਤੇ ਰਾਜ ਅੰਦਰ ਸੈਕਸ ਰੇਸੋ ਵਿੱਚ ਵੀ ਵੱਡਾ ਸੁਧਾਰ ਆਇਆ ਹੈ। ਉਹਨਾਂ ਦੱਸਿਆ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ ਤਹਿਤ ਰਾਜ ਵਿੱਚ ਦਿੱਤੀਆਂ ਜਾ ਰਹੀਆਂ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਬਦਲੇ ਕੇਂਦਰ ਸਰਕਾਰ ਨੇ 107 ਕਰੋੜ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਹੈ। ਜਿਸ ਨੂੰ ਕਿ ਰਾਜ ਦੀਆਂ ਸਿਹਤ ਸੇਵਾਵਾਂ ਤੇ ਖਰਚ ਕੀਤਾ ਜਾਵੇਗਾ।
ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸਿਟੀ ਸਕੈਨ, ਡਿਜ਼ੀਟਲ ਐਕਸਰੇ ਮਸ਼ੀਨ , 3 ਡੀ ਅਲਟਰਾ ਸੋਨੋਗ੍ਰਾਫੀ, ਮੈਮੋਗ੍ਰਾਫੀ, ਐਮ ਆਰ ਆਈ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਡਾਇਗਨੋਜ਼ਿਟਕ ਸੈਂਟਰ ਖੋਲ੍ਹਣ ਲਈ ਇੱਕ ਨਿੱਜੀ ਕੰਪਨੀ ਨਾਲ ਸਮਝੌਤਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਸਮਝੌਤੇ ਨਾਲ ਪੰਜਾਬ ਰਾਜ ਦੇ ਲੋਕਾਂ ਨੂੰ ਸਸਤੀਆਂ ਦਰਾਂ ਤੇ ਵਧੀਆ ਟੈਸਟਾਂ ਦੀ ਸੁਵਿਧਾ ਉਪਲੱਬਧ ਹੋਵੇਗੀ ਅਤੇ ਭਵਿੱਖ ਵਿੱਚ ਲੋਕਾਂ ਨੂੰ ਮਹਿੰਗੇ ਟੈਸਟ ਕਰਵਾਉਣ ਲਈ ਵੱਡੇ ਸਹਿਰਾਂ ਵਿੱਚ ਨਹੀਂ ਜਾਣਾ ਪਵੇਗਾ ਅਤੇ ਨਾਲ ਹੀ ਡਾਕਟਰਾਂ ਨੂੰ ਵੀ ਬਿਮਾਰੀ ਡਾਇਗਨੋਜ਼ਿ ਕਰਨ ਵਿੱਚ ਅਸਾਨੀ ਹੋਵੇਗੀ । ਜਿਸ ਸਦਕੇ ਇਲਾਜ ਹੋਰ ਵਧੀਆ ਤਰੀਕੇ ਨਾਲ ਹੋ ਸਕੇਗਾ। ਉਹਨਾਂ ਦੱਸਿਆ ਕਿ ਇਸ ਯੋਜਨਾਂ ਨੂੰ ਲਾਗੂ ਕਰਨ ਲਈ ਪੰਜਾਬ ਰਾਜ ਨੂੰ 3 ਕਲੱਸਟਰਾਂ ਵਿੱਚ ਵੰਡਿਆ ਗਿਆ ਹੈ। ਇਸ ਤੋਂ ਪਹਿਲਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਨਵੀਂ ਭਰਤੀ ਕੀਤੇ ਗਏ ਮੈਡੀਕਲ ਅਫ਼ਸਰਾਂ ਦੀ ਚੱਲ ਰਹੀ ਇੰਡਕਸ਼ਨ ਟਰੇਨਿੰਗ ਦੀ ਸਮਾਪਤੀ ਮੌਕੇ ਨਵੇਂ ਭਰਤੀ ਕੀਤੇ ਗਏ ਡਾਕਟਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪ੍ਰੋਤੋਸਾਹਿਤ ਕੀਤਾ। ਉਹਨਾਂ ਡਾਕਟਰਾਂ ਨੂੰ ਸੱਦਾ ਦਿੱਤਾ ਕਿ ਉਹ ਰਾਜ ਦੇ ਲੋਕਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਬਹੁਤ ਹੀ ਸੁਚੱਜੇ ਢੰਗ ਨਾਲ ਦੇਣ ਲਈ ਤਿਆਰ ਰਹਿਣ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ।
ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸ਼੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਡਾਕਟਰਾਂ ਨੂੰ ਆਪਣੀ ਡਿਊਟੀ ਸਮਰਪਿਤ ਭਾਵਨਾਂ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਮਰੀਜ਼ਾਂ ਦਾ ਡਾਕਟਰਾਂ ਵਿੱਚ ਅਥਾਹ ਵਿਸ਼ਵਾਸ ਹੁੰਦਾ ਹੈ ਅਤੇ ਡਾਕਟਰਾਂ ਨੂੰ ਮਰੀਜ਼ਾਂ ਦਾ ਵਿਸ਼ਵਾਸ ਜਿੱਤਣ ਨਾਲ ਹੀ ਵਧੀਆਂ ਸਿਹਤ ਸੇਵਾਵਾਂ ਪ੍ਰਦਾਨ ਹੋ ਸਕਦੀਆਂ ਹਨ। ਨਿਰਦੇਸ਼ਕ ਸਿਹਤ ਤੇ ਪਰਿਵਾਰ ਭਲਾਈ ਡਾ ਅਸ਼ੋਕ ਨਈਅਰ ਨੇ ਕਿਹਾ ਕਿ ਨਵੇਂ ਭਰਤੀ ਕੀਤੇ ਡਾਕਟਰਾਂ ਨੂੰ ਆਪਣੇ ਸੀਨੀਅਰ ਨਾਲ ਪੂਰਾ ਤਾਲਮੇਲ ਰੱਖਣਾ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ । ਉਹਨਾਂ ਨਵੇਂ ਭਰਤੀ ਕੀਤੇ ਡਾਕਟਰਾਂ ਨੂੰ ਆਪਣੀ ਡਿਊਟੀ ਸੇਵਾਂ ਭਾਵਨਾਂ ਨਾਲ ਕਰਨ ਲਈ ਆਖਿਆ । ਇਸ ਮੌਕੇ ਐਨ ਆਰ ਐਚ ਐਮ ਦੇ ਮਿਸ਼ਨ ਡਾਇਰੈਕਟਰ ਅਤੇ ਐਮ.ਡੀ.ਹੈਲਥ ਸ਼ਿਸਟਮਜ਼ ਕਾਰਪੋਰੇਸ਼ਨ ਸ਼੍ਰੀ ਹੁਸਨ ਲਾਲ ਵੀ ਮੋਜੂਦ ਸਨ ।
ਇਸ ਮੌਕੇ ਸੰਸਥਾ ਦੀ ਪ੍ਰਿੰਸੀਪਲ ਡਾ: ਜਤਿੰਦਰ ਕੌਰ ਨੇ ਮੁੱਖ ਮਹਿਮਾਨ ਦਾ ਸੁਆਗਤ ਕਰਦਿਆਂ ਦੱਸਿਆ ਕਿ ਇਹਨਾਂ ਨਵੇਂ ਭਰਤੀ ਕੀਤੇ ਗਏ ਡਾਕਟਰਾਂ ਨੂੰ ਸਿਹਤ ਸੇਵਾਵਾਂ ਸੁਚਾਰੂ ਢੰਗ ਨਾਲ ਪ੍ਰਦਾਨ ਕਰਨ ਲਈ ਡਿਊਟੀ ਤੇ ਹਾਜ਼ਰ ਹੋਣ ਤੋ ਪਹਿਲਾਂ ਹੀ 12 ਹਫਤਿਆਂ ਦੀ ਟ੍ਰੇਨਿੰਗ ਨੁੰ ਕਰਵਾਉਣ ਅਤੇ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਉੱਚ- ਅਧਿਕਾਰੀਆ ਦਾ ਬਹੁਤ ਅਹਿਮ ਰੋਲ ਰਿਹਾ ਹੈ।ਇਸ ਸੰਸਥਾ ਨੇ ਇੰਡਕਸ਼ਨ ਟ੍ਰੇਨਿੰਗ ਦੋਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਤੋਂ ਇਹਨਾਂ ਡਾਕਟਰਾਂ ਨੂੰ ਸਿਖਲਾਈ ਕਰਵਾਈ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦੋਰਾਨ ਕੁੱਲ 2253 ਮੁਲਾਜਮਾਂ ਨੁੰ ਟ੍ਰੇਨਿੰਗ ਕਰਵਾਈ ਗਈ ਸੀ ਜਦ ਕਿ ਇਸ ਸਾਲ ਹੁਣ ਤੱਕ ਨਵੇਂ ਭਰਤੀ 402 ਮੈਡੀਕਲ ਅਫਸਰਾਂ ਅਤੇ 469 ਸਟਾਫ ਨਰਸਾਂ ਦੀ ਇੰਡਕਸ਼ਨ ਟ੍ਰੇਨਿੰਗ ਸਫਲਤਾਪੂਰਵਕ ਮੁਕੰਮਲ ਕੀਤੀ ਜਾ ਚੁੱਕੀ ਹੈ। ਇਸ ਮੌਕੇ ਸਟੇਟ ਪ੍ਰੋਗਰਾਮ ਅਫ਼ਸਰ ਡਾ. ਰਾਜੂ ਧੀਰ, ਡਾ. ਐਮ ਐਲ ਸ਼ਰਮਾ, ਡਾ. ਦਪਿੰਦਰ ਸਮੇਤ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।