ਜਿੰਨਾ ਵਿਕਾਸ ਪਿਛਲੇ ਪੰਜ ਸਾਲਾਂ ਵਿੱਚ ਅਕਾਲੀ-ਭਾਜਪਾ ਸਰਕਾਰ ਕਰਵਾ ਚੁੱਕੀ ਹੈ ਉਤਨਾ ਵਿਕਾਸ ਦੇਸ਼ 'ਤੇ ਕਾਂਗਰਸ ਪਾਰਟੀ 50 ਸਾਲ ਦੇਸ਼ 'ਤੇ ਰਾਜ ਕਰਨ ਦੇ ਬਾਵਜੂਦ ਵੀ ਨਹੀਂ ਕਰਵਾ ਸਕੀ। ਪੰਜਾਬ ਵਿੱਚ ਜਦੋਂ ਕਦੇ ਵੀ ਵਿਕਾਸ ਹੋਇਆ ਤਾਂ ਉਹ ਸਿਰਫ਼ ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿੱਚ ਹੀ ਸੰਭਵ ਹੋ ਸਕਿਆ ਹੈ। ਪ੍ਰੰਤੂ ਆਪਣੇ ਆਪ ਨੂੰ ਆਉੇਣ ਵਾਲੇ ਸਮੇਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਵਿਕਾਸ ਨਜ਼ਰ ਹੀ ਨਹੀਂ ਆ ਰਿਹਾ। ਉਕਤ ਵਿਚਾਰ ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਹਲਕਾ ਖਰੜ ਤੋਂ ਅਕਾਲੀ-ਭਾਜਪਾ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਦੇ ਹੱਕ ਵਿੱਚ ਅਨਾਜ ਮੰਡੀ ਖਰੜ ਵਿਖੇ ਆਯੋਜਿਤ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਹਲਕਾ ਖਰੜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 30 ਜਨਵਰੀ ਨੂੰ ਤੱਕੜੀ ਦੇ ਨਿਸ਼ਾਨ ਵਾਲਾ ਬਟਨ ਦਬਾ ਕੇ ਜਥੇਦਾਰ ਉਜਾਗਰ ਸਿੰਘ ਬਡਾਲੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਅਕਾਲੀ-ਭਾਜਪਾ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।ਸ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਕਿਹਾ ਕਿ ਹੈਲੀਕਾਪਟਰਾਂ 'ਤੇ ਉਡਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਸਾਢੇ ਚਾਰ ਸਾਲਾਂ ਦੇ ਸਮੇਂ ਵਿੱਚ ਕਦੇ ਪੰਜਾਬ ਦੀ ਚਿੰਤਾ ਨਹੀਂ ਹੋਈ ਅਤੇ ਹੁਣ ਚੋਣਾਂ ਦੇ ਨੇੜੇ ਆ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ 'ਤੇ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਵਿੱਚ ਪੰਜਾਬ ਵਿੱਚ ਵਿਕਾਸ ਕਾਰਜਾਂ ਦੀ ਹਨ੍ਹੇਰੀ ਲਿਆਂਦੀ ਹੈ ਅਤੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਪੂਰੇ ਕਾਰਜਕਾਲ ਵਿੱਚ ਆਪ ਜਾ ਜਾ ਕੇ ਹਰੇਕ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਆਪ ਸੁਣਦੇ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਰਹੇ ਹਨ। ਪ੍ਰੰਤੂ ਇਸ ਦੇ ਉਲਟ ਕਾਂਗਰਸੀ ਚੋਣਾਂ ਦੇ ਨੇੜੇ ਆ ਕੇ ਬਰਸਾਤੀ ਡੱਡੂਆਂ ਵਾਂਗ ਬਾਹਰ ਨਿਕਲਦੇ ਹਨ ਅਤੇ ਚੋਣ ਤੋਂ ਬਾਅਦ ਫਿਰ ਅਲੋਪ ਹੋ ਜਾਂਦੇ ਹਨ।ਇਸ ਤੋਂ ਪਹਿਲਾਂ ਹਲਕਾ ਖਰੜ ਤੋਂ ਉਮੀਦਵਾਰ ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲੋਂ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਸਵਾਗਤ ਕੀਤਾ ਗਿਆ। ਰੈਲੀ ਨੂੰ ਨਗਰ ਕੌਂਸਲ ਖਰੜ ਦੇ ਪ੍ਰਧਾਨ ਗੁਰਪ੍ਰੇਮ ਸਿੰਘ ਰੋਮਾਣਾ, ਕੈਨੇਡਾ ਦੀ ਸਾਬਕਾ ਐਮ.ਪੀ. ਮੈਡਮ ਰੂਬੀ ਢੱਲਾ, ਮੈਡਮ ਮੰਜੂ ਕੁਰੈਸ਼ੀ, ਹਰਪਾਲ ਸਿੰਘ ਦਾਤਾਰਪੁਰ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਜਸਜੀਤ ਸਿੰਘ ਬਨੀ, ਸਾਹਿਬ ਸਿੰਘ ਬਡਾਲੀ, ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ (ਦੋਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ), ਮਨਜੀਤ ਸਿੰਘ ਮੁੰਧੋਂ ਚੇਅਰਮੈਨ ਕੋਆਪ੍ਰੇਟਿਵ ਬੈਂਕ, ਦਰਸ਼ਨ ਸਿੰਘ ਸ਼ਿਵਜੋਤ, ਬਲਵਿੰਦਰ ਕੌਰ, ਸ਼ਸ਼ੀ ਬਾਲਾ, ਜਗਜੀਤ ਸਿੰਘ ਲਵਲੀ, ਬੀਬੀ ਪਰਮਜੀਤ ਕੌਰ ਬਡਾਲੀ, ਭਾਜਪਾ ਆਗੂ ਤਿਲਕ ਰਾਜ ਚੱਢਾ, ਰਵਿੰਦਰ ਸਿੰਘ ਸੈਣੀ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਸੁਧੀਰ ਕੁਮਾਰ ਗੁਲੇਰੀਆ, ਫਕੀਰ ਮੁਹੰਮਦ, ਸਤਾਰ ਅਲੀ, ਜਸਬੀਰ ਸਿੰਘ ਜੱਸਾ ਚੇਅਰਮੈਨ ਮਾਰਕੀਟ ਕਮੇਟੀ ਬਨੂੜ, ਬੀਬੀ ਕੁਲਦੀਪ ਕੌਰ ਕੰਗ, ਜਸਪਾਲ ਸਿੰਘ ਬੱਸੀ, ਆਦਿ ਵੀ ਹਾਜ਼ਰ ਸਨ।