ਪੰਜਾਬ ਸਰਕਾਰ ਵੱਲੋਂ ਖੂਨ ਦੇ ਰਿਸ਼ਤਿਆਂ ਦਰਮਿਆਨ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਜਾਇਦਾਦ ਦੇ ਤਬਾਦਲੇ 'ਤੇ ਲੱਗਣ ਵਾਲੀ ਰਜਿਸਟਰੀ ਫ਼ੀਸ ਨੂੰ ਪੂਰੀ ਤਰਾਂ ਖ਼ਤਮ ਕਰਨ ਦਾ ਪਿਛਲੇ ਸਮੇਂ ਦੌਰਾਨ ਲਿਆ ਗਿਆ ਫੈਸਲਾ ਲੋਕਾਂ ਲਈ ਲਾਭਕਾਰੀ ਸਿੱਧ ਹੋ ਰਿਹਾ ਹੈ। ਕਿਉਂਕਿ ਇਸ ਨਾਲ ਆਮ ਲੋਕਾਂ ਨੂੰ ਰਜਿਸਟਰੀਆਂ ਕਰਾਉਣ ਲੱਗੇ ਆਉਂਦੀਆਂ ਪ੍ਰੇਸ਼ਾਨੀਆਂ ਤੋਂ ਵੱਡੀ ਨਿਜ਼ਾਤ ਮਿਲੀ ਹੈ ਅਤੇ ਪੈਸੇ ਦੀ ਬਚਤ ਹੋਣ ਲੱਗੀ ਹੈ। ਇਸੇ ਹੀ ਤਰਾਂ ਮਾਲ ਵਿਭਾਗ ਦੀ ਹੈਲਪ ਲਾਈਨ ਵੀ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਹ ਜਾਣਕਾਰੀ ਅੱਜ ਜਿਲਾ੍ਹ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ ਨੇ ਦਿੱਤੀ।ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਤਹਿਤ ਰਜਿਸਟ੍ਰੇਸ਼ਨ ਫ਼ੀਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਫ਼ੰਡ ਅਤੇ ਬੁਨਿਆਦੀ ਢਾਂਚਾ ਸੈੱਸ ਵੀ ਨਹੀਂ ਵਸੂਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਤੀ-ਪਤਨੀ ਅਤੇ ਖੂਨ ਦੇ ਰਿਸ਼ਤਿਆਂ ਦਰਮਿਆਨ ਜਾਇਦਾਦ ਵਟਾਂਦਰੇ 'ਤੇ ਰਜਿਸਟਰੀ ਫ਼ੀਸ ਦੀ ਛੋਟ ਦੇ ਇਸ ਨਿਰਣੇ ਦਾ ਪਤੀ-ਪਤਨੀ ਤੋਂ ਇਲਾਵਾ ਮਾਤ-ਪਿਤਾ, ਭਰਾ- ਭੈਣ ਪੁੱਤਰ-ਧੀ ਅਤੇ ਪੋਤੇ-ਪੋਤੀਆਂ ਨੂੰ ਵੀ ਲਾਭ ਮਿਲ ਰਿਹਾ ਹੈ। ਇਸ ਫੈਸਲੇ ਉਪਰੰਤ ਅਜਿਹੀਆਂ ਰਜਿਸਟਰੀਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਭਾਵ ਅੱਜ ਕੱਲ ਹੁੰਦੀਆਂ ਰਜਿਸਟਰੀਆਂ ਵਿੱਚ 60-70 ਫੀਸਦੀ ਰਜਿਸਟਰੀਆਂ ਖੂਨ ਦੇ ਰਿਸ਼ਤਿਆਂ ਨਾਲ ਸੰਬੰਧਤ ਹੀ ਹੁੰਦੀਆਂ ਹਨ।
ਸ੍ਰੀ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਰਿਕਾਰਡ ਸਬੰਧੀ ਪਾਰਦਰਸ਼ਤਾ ਅਤੇ ਸੂਚਨਾ ਨੂੰ ਮਹਿਜ਼ ਇੱਕ ਫੋਨ ਕਾਲ 'ਤੇ ਉਪਲਬੱਧ ਕਰਾਉਣ ਲਈ ਨਿਵੇਕਲਾ ਉੱਦਮ ਕਰਦਿਆਂ ਸ਼ੁਰੂ ਕੀਤੀ ਇੱਕ ਵਿਆਪਕ ਹੈਲਪ ਲਾਈਨ (ਡਾਇਲ 168 ਜਾਂ 1800-1800-168) ਦੇ ਸਾਰਥਿਕ ਨਤੀਜੇ ਨਿਕਲਣ ਲੱਗੇ ਹਨ ਅਤੇ ਲੋਕਾਂ ਵੱਲੋਂ ਇਸ ਦਾ ਲਾਹਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਅਗਸਤ 2015 'ਚ ਸ਼ੁਰੂ ਕੀਤੀ ਗਈ ਇਹ ਹੈਲਪ-ਲਾਈਨ ਆਮ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਦੇ ਨਾਲ ਮਾਲ ਵਿਭਾਗ ਦੇ ਕੰਮ-ਕਾਜ ਵਿੱਚ ਹੋਰ ਵਧੇਰੇ ਕੁਸ਼ਲਤਾ ਅਤੇ ਪਾਰਦਸ਼ਤਾ ਵੀ ਲਿਆ ਰਹੀ ਹੈ। ਮਾਲ ਵਿਭਾਗ ਦੀ ਇਸ ਹੈਲਪ-ਲਾਈਨ ਰਾਹੀਂ ਜ਼ਮੀਨ ਅਤੇ ਜਾਇਦਾਦ ਨਾਲ ਸਬੰਧਤ ਸਾਰੀਆਂ ਸੇਵਾਵਾਂ ਸੁਚੱਜੇ ਢੰਗ ਨਾਲ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਹਨਾਂ ਅੱਗੇ ਦੱਸਿਆ ਕਿ ਉਕਤ ਹੈਲਪ-ਲਾਈਨ ਰਾਹੀਂ ਕੋਈ ਵੀ ਵਿਅਕਤੀ ਇੱਕ ਫੋਨ ਕਾਲ ਜ਼ਰੀਏ ਮਾਲ ਵਿਭਾਗ 'ਚ ਵਿਚਾਰ ਅਧੀਨ ਮਾਮਲਿਆਂ ਅਤੇ ਵਿਭਾਗ ਨਾਲ ਸਬੰਧਤ ਵੱਖ-ਵੱਖ ਸਮੱਸਿਆਵਾਂ ਦੇ ਨਿਪਟਾਰੇ ਸਬੰਧੀ ਜਾਣਕਾਰੀ ਲੈ ਸਕਦਾ ਹੈ।
ਉਹਨਾਂ ਕਿਹਾ ਕਿ ਹੈਲਪ-ਲਾਈਨ 'ਤੇ ਫੋਨ ਕਰਨ ਵਾਲੇ ਹਰ ਵਿਅਕਤੀ ਨੂੰ ਇੱਕ ਨਿਵੇਕਲਾ ਸ਼ਿਕਾਇਤ ਨੰਬਰ ਦਿੱਤਾ ਜਾਂਦਾ ਅਤੇ ਉਸ ਨੂੰ ਲੋੜੀਂਦੀ ਜਾਣਕਾਰੀ ਨਿਰਧਾਰਿਤ ਸਮੇਂ ਦੌਰਾਨ ਪ੍ਰਦਾਨ ਕੀਤੀ ਜਾਂਦੀ ਹੈ। ਇਹ ਹੈਲਪ-ਲਾਈਨ ਦੇਸ਼ ਭਰ ਅੰਦਰ ਸਵੇਰੇ ਸੱਤ ਤੋਂ ਸ਼ਾਮ ਸੱਤ ਵਜੇ ਤੱਕ ਉਪਲੱਬਧ ਹੈ ਅਤੇ ਪ੍ਰਵਾਸੀ ਭਾਰਤੀਆਂ ਲਈ ਇਹ ਸੇਵਾ 24 ਘੰਟੇ ਉਪਲੱਬਧ ਹੈ। ਉਹਨਾਂ ਦੱਸਿਆ ਕਿ ਪ੍ਰਾਪਤ ਕੀਤੀਆਂ ਗÎਈਆਂ ਸ਼ਿਕਾਇਤਾਂ ਡਿਪਟੀ ਕਮਿਸ਼ਨਰ ਅਤੇ ਉਪ-ਮੰਡਲ ਮੈਜਿਸਟ੍ਰੇਟ ਨੂੰ ਭੇਜੀਆਂ ਜਾਂਦੀਆਂ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਆਪਣੇ ਜ਼ਮੀਨੀ ਰਿਕਾਰਡ ਸਬੰਧੀ ਸੂਚਨਾ ਜਾਂ ਮਾਲ ਵਿਭਾਗ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਡਾਇਲ 168 ਜਾਂ 1800-1800-168 ਟੋਲ ਫ੍ਰੀ ਨੰਬਰ 'ਤੇ ਸੰਪਰਕ ਕਰ ਸਕਦਾ ਹੈ। ਉਹਨਾਂ ਕਿਹਾ ਕਿ ਟੋਲ ਫ੍ਰੀ ਨੰਬਰ 'ਤੇ ਮਿਲੀ ਸ਼ਿਕਾਇਤ ਨੂੰ ਸਮਾਂ-ਬੱਧ ਢੰਗ ਨਾਲ ਨਜਿੱਠਣ ਲਈ ਅਧਿਕਾਰੀਆਂ ਨੂੰ ਪੂਰੀ ਸਖ਼ਤੀ ਨਾਲ ਆਦੇਸ਼ ਦਿੱਤੇ ਗਏ ਹਨ।