ਭਾਰਤ ਦੇ ਸੜਕੀ ਅਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਅੱਜ ਇੱਕ ਅਹਿਮ ਫੈਸਲਾ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਤੋ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਨੰਦੇੜ (ਮਹਾਰਾਸਟਰਾ) ਤੱਕ ਦੇ 3080.47 ਕਿਲੋਮੀਟਰ ਲੰਮੇ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਰਾਜ ਮਾਰਗ (ਨੈਸ਼ਨਲ ਹਾਈਵੇ) ਦਾ ਦਰਜਾ ਦੇਣ ਨੂੰ ਹਰੀ ਝੰਡੀ ਦੇ ਦਿੱਤੀ। ਇਸ ਦੇ ਨਾਲ ਉਨਾਂ 7 ਆਰ.ਓ.ਬੀਜ਼ ਨੂੰ ਵੀ ਮੰਨਜੂਰੀ ਦੇ ਦਿੱਤੀ।ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋ ਕੇਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿੱਚ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਅ ਮੰਤਰੀ ਸ੍ਰੀ ਨਿਤੀਨ ਗਡਕਰੀ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ੍ਰੀ ਅਬਚਲ ਨਗਰ ਹਜ਼ੂਰ ਸਾਹਿਬ (ਮਹਾਂਰਾਸ਼ਟਰ) ਦੇ ਗੁਰੂ ਗੋਬਿੰਦ ਸਿੰਘ ਮਾਰਗ ਨੂੰ ਕੌਮੀ ਮਾਰਗ ਐਲਾਨਿਆ ਜਾਵੇ, ਜਿਸ ਤੋ ਬਾਅਦ ਸ੍ਰੀ ਗਡਕਰੀ ਨੇ ਇਹ ਫੈਸਲਾ ਕੀਤਾ। ਉਪ ਮੁੱਖ ਮੰਤਰੀ ਨੇ ਦੱਸਿਆ ਕਿ ਕੁੱਲ 3080.47 ਕਿਲੋਮੀਟਰ ਵਿਚੋ 1469 ਕਿਲੋਮੀਟਰ ਨੂੰ ਪਹਿਲਾਂ ਹੀ ਕੌਮੀ ਰਾਜ ਮਾਰਗ ਐਲਾਨੀਆ ਜਾ ਚੁੱਕਾ ਹੈ ਜਦੋ ਕਿ ਬਾਕੀ ਦੇ 1611 ਕਿਲੋਮੀਟਰ ਦੇ ਬਾਰੇ ਵਿੱਚ ਇਹ ਐਲਾਨ ਹੋਣਾ ਬਾਕੀ ਹੈ।ਇਸ ਮੰਗ ਨੂੰ ਮੰਨਦੇ ਹੋਏ ਗੁਰੂ ਗੋਬਿੰਦ ਸਿੰਘ ਮਾਰਗ ਦੇ 880 ਕਿਲੋਮੀਟਰ ਲੰਮੇ ਰਸਤੇ ਨੂੰ ਕੌਮੀ ਰਾਜ ਮਾਰਗ ਵਜੋ ਮੰਨਜੂਰੀ ਦਿੱਤੀ ਅਤੇ ਬਾਕੀ ਦੇ ਰਸਤੇ ਨੂੰ ਵੀ ਮੰਨਜੂਰੀ ਦੇਣ ਦਾ ਭਰੋਸਾ ਦਿੱਤਾ।
ਪੰਜਾਬ ਦੇ ਸੜਕੀ ਢਾਂਚੇ ਦੀ ਮਜ਼ਬੂਤੀ ਨਾਲ ਸਬੰਧਤ ਪ੍ਰੋਜੈਕਟਾਂ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਸ੍ਰੀ ਗਡਕਰੀ ਨਾਲ ਕਈ ਪ੍ਰੋਜੈਕਟਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਅਤੇ ਕਿਹਾ ਕਿ ਅਜਿਹੇ ਪ੍ਰਜੈਕਟਾਂ ਨੂੰ ਤੇਜ਼ੀ ਨਾਲ ਜਲਦ ਤੋਂ ਜਲਦ ਸਿਰੇ ਚਾੜ੍ਹਿਆ ਜਾਵੇ। ਇਸ ਮੀਟਿੰਗ ਦੌਰਾਨ ਸ. ਬਾਦਲ ਨੇ ਚੰਡੀਗੜ੍ਹ-ਖਰੜ-ਲੁਧਿਆਣਾ ਕੌਮੀ ਮਾਰਗ-95 ਨੂੰ ਚਾਰ ਤੇ ਛੇ ਮਾਰਗੀ ਬਣਾਉਣ ਲਈ ਜਲਦ ਸਹਿਮਤੀ ਦੇਣ ਦੀ ਵੀ ਕੀਤੀ ਮੰਗ ਕੀਤੀ ਅਤੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਜ਼ਮੀਨ ਹਾਸਲ ਕਰ ਲਈ ਗਈ ਹੈ ਅਤੇ ਜ਼ਰੂਰੀ ਮੰਨਜ਼ੂਰੀਆਂ ਲਈਆਂ ਜਾ ਚੁੱਕੀਆਂ ਹਨ। ਇਸ ਮੰਗ ਨੂੰ ਮੰਨਦੇ ਹੋਏ ਕੇਦਰੀ ਮੰਤਰੀ ਨੇ ਇਸ ਪ੍ਰਾਜੈਕਟ ਨੂੰ ਇੱਕ ਮਹੀਨੇ ਦੇ ਅੰਦਰ ਮੰਨਜੂਰੀ ਦੇਣ ਨੂੰ ਹਰੀ ਝੰਡੀ ਦੇ ਦਿੱਤੀ। ਉਨਾਂ ਨੈਸਨਲ ਹਾਈਵੇਜ ਅਥਾਰਟੀ ਆਫ ਇੰਡੀਆਂ ਨੂੰ ਹਦਾਇਤਾਂ ਕੀਤੀਆਂ ਕਿ ਰੋਪੜ-ਫਗਵਾੜਾ ਦੇ ਸੜਕੀ ਪ੍ਰਾਜੈਕਟ ਨੂੰ ਛੇਤੀ ਤੋ ਛੇਤੀ ਹਰੀ ਝੰਡੀ ਦਿੱਤੀ ਜਾਵੇ। ਕੌਮੀ ਰਾਜ ਮਾਰਗ-1 ਦੇ ਜਲੰਧਰ-ਢਿਲਵਾਂ ਸੈਕਸਨ, ਜੋ ਕਿ 20 ਕਿਲੋਮੀਟਰ ਲੰਮਾ ਹੈ ਨੂੰ ਛੇ ਮਾਰਗੀ ਅਤੇ ਕੌਮੀ ਰਾਜ ਮਾਰਗ-15 ਦੇ ਲੁਧਿਆਣਾ-ਤਲਵੰਡੀ ਭਾਈ ਸੈਕਸਨ ਨੂੰ ਚਹੂੰ ਮਾਰਗੀ ਬਣਾਉਣ ਵਿੱਚ ਹੋ ਰਹੀ ਦੇਰੀ ਬਾਰੇ ਕੇਦਰੀ ਮੰਤਰੀ ਨੇ ਆਪਣੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਠੇਕੇ ਦੇ ਨਿਯਮਾਂ ਅਨੂਸਾਰ ਕੌਤਾਹੀ ਕਰਨ ਵਾਲਿਆਂ ਖਿਲਾਫ ਜਲਦ ਕਾਰਵਾਈ ਕਰਨ ਲਈ ਕਿਹਾ।
ਉਨ੍ਹਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਲਾਂਡਰਾ-ਮੂਨਕ ਰੋਡ ਵਾਇਆ ਸਰਹਿੰਦ-ਪਟਿਆਲਾ ਬਾਈਪਾਸ-ਸਮਾਣਾ-ਪਾਤੜਾ-ਮੂਨਕ ਜੋ ਕਿ ਕੌਮੀ ਮਾਰਗ 148ਬੀ ਅਤੇ ਕੌਮੀ ਮਾਰਗ 205ਏ ਨਾਲ ਜੁੜਦੀ ਹੈ, ਨੂੰ ਵੀ ਕੌਮੀ ਮਾਰਗ ਦਾ ਦਰਜਾ ਦਿੱਤਾ ਜਾਵੇ।ਇਸ ਤੋਂ ਇਲਾਵਾ ਉਨ੍ਹਾਂ ਪ੍ਰਸਤਾਵ ਰੱਖਿਆ ਕਿ ਬੰਗਾ-ਗੜ੍ਹਸ਼ੰਕਰ-ਆਨੰਦਪੁਰ ਸਾਹਿਬ-ਨੈਣਾਂ ਦੇਵੀ, ਗੁਰਦਾਸਪੁਰ-ਡੇਰਾ ਬਾਬਾ ਨਾਨਕ-ਅਜਨਾਲਾ-ਅੰਮ੍ਰਿਤਸਰ-ਭਿਖੀਵਿੰਡ-ਖੇਮਕਰਨ, ਜ਼ੀਰਾ-ਫਿਰੋਜ਼ਪੁਰ-ਮੁਕਤਸਰ ਸਾਹਿਬ-ਮਲੋਟ ਰੋਡ, ਮੋਗਾ-ਹਰੀਕੇ-ਖਾਲੜਾ, ਪਟਿਆਲਾ-ਪਿਹੋਵਾ ਰੋਡ ਹਰਿਆਣਾ ਸਰਹੱਦ ਤੱਕ, ਅਬੋਹਰ-ਹਨੂੰਮਾਨਗੜ੍ਹ ਰੋਡ ਰਾਜਸਥਾਨ ਸਰਹੱਦ ਤੱਕ ਅਤੇ ਅਬੋਹਰ-ਸੀਤੋਗੁੰਨੂੰ-ਡਬਵਾਲੀ ਮਾਰਗਾਂ ਦੀ ਪੰਜਾਬ ਦੇ ਸੰਦਰਭ ਵਿਚ ਆਰਥਿਕ ਅਤੇ ਧਾਰਮਿਕ ਮਹੱਤਤਾ ਨੂੰ ਸਮਝਦਿਆਂ ਹੋਇਆਂ ਇਨ੍ਹਾਂ ਨੂੰ ਵੀ ਕੌਮੀ ਮਾਰਗ ਐਲਾਨਿਆਂ ਜਾਣਾ ਚਾਹੀਦਾ ਹੈ।ਉੱਪ ਮੁੱਖ ਮੰਤਰੀ ਨੇ ਸ੍ਰੀ ਗਡਕਰੀ ਕੋਲ ਇਹ ਮੰਗ ਵੀ ਰੱਖੀ ਕਿ ਉਹ ਐਨ.ਐਚ.ਏ.ਆਈ ਨੂੰ ਨਿਰਦੇਸ਼ ਜਾਰੀ ਕਰਨ ਕਿ ਲਾਡੋਵਾਲ ਬਾਈਪਾਸ ਵਾਇਆ ਲਾਡੋਵਾਲ ਸੀਡ ਫਾਰਮ ਲੁਧਿਆਣਾ, ਜੋ ਕਿ ਕੌਮੀ ਮਾਰਗ-95 ਅਤੇ ਕੌਮੀ ਸ਼ਾਹਰਾਹ-1 ਨੂੰ ਜੋੜਦਾ ਹੈ, ਨੂੰ ਚਾਰ ਮਾਰਗੀ ਕਰਨ ਲਈ ਗਰਾਂਟ ਮੰਨਜ਼ੂਰ ਕਰੇ। ਇਸ ਤੋਂ ਇਲਾਵਾ ਲੁਧਿਆਣਾ ਸ਼ਹਿਰ ਦੇ ਸਮਰਾਲਾ ਚੌਂਕ ਤੋਂ ਐਮ.ਸੀ. ਹੱਦ (ਕੌਮੀ ਮਾਰਗ-95) ਤੱਕ ਐਲੀਵੇਟਡ ਰੋਡ ਪ੍ਰੋਜੈਕਟ ਲਈ ਜ਼ਮੀਨ ਮੌਜੂਦ ਹੈ ਤੇ ਮੰਨਜ਼ੂਰੀਆਂ ਲੈ ਲਈਆਂ ਗਈਆਂ ਹਨ ਅਤੇ ਰੋਪੜ-ਫਗਵਾੜਾ ਰੋਡ ਦੀ ਅੱਪਗ੍ਰੇਡੇਸ਼ਨ ਲਈ ਵੀ ਉਨ੍ਹਾਂ ਗਰਾਂਟ ਦੀ ਮੰਗ ਕੀਤੀ। ਉਨ੍ਹਾਂ ਬਠਿੰਡਾ, ਫਰੀਦਕੋਟ, ਅੰਮ੍ਰਿਤਸਰ ਅਤੇ ਮਾਨਸਾ ਜ਼ਿਲ੍ਹੇ ਦੇ ਮੋੜ ਲਈ ਰੇਲਵੇ ਪੁਲਾਂ ਦੇ ਬਕਾਇਆ ਐਸਟੀਮੇਟਾਂ ਦੀ ਮੰਨਜ਼ੂਰੀ ਦੀ ਵੀ ਮੰਗ ਕੀਤੀ। ਇਸ ਮੰਗ ਨੂੰ ਸ੍ਰੀ ਗਡਕਰੀ ਨੇ ਤੁਰੰਤ ਪ੍ਰਵਾਨਗੀ ਦਿੰਦਿਆਂ ਇੱਕ ਹੋਰ ਮੰਗ ਮੰਨਦੇ ਹੋਏ ਬਰਨਾਲਾ ਅਤੇ ਮੁਕਤਸਰ ਦੇ ਆਰ ਓ ਬੀਜ਼ ਨੂੰ ਹਰੀ ਝੰਡੀ ਦੇ ਦਿੱਤੀ ਅਤੇ ਡੀ ਪੀ ਆਰ ਤਿਆਰ ਹੋਣ ਤੋ ਮਗਰੋ ਜਲਾਲਾਬਾਦ ਦੇ ਆਰ ਓ ਬੀ ਨੂੰ ਵੀ ਮੰਨਜੂਰੀ ਦੇਣ ਦਾ ਵਾਅਦਾ ਕੀਤਾ।
ਉਨ੍ਹਾਂ ਕਿਹਾ ਕਿ ਰਾਮਪੁਰਾ-ਤਲਵੰਡੀ ਸਾਬੋ ਰੋਡ ਜੋ ਕਿ ਰਿਫਾਇਨਰੀ ਤੱਕ ਹੈ, ਨਕੋਦਰ-ਮੋਗਾ-ਬਰਨਾਲਾ-ਮਾਨਸਾ-ਝੁਨੀਰ-ਸਰਦੂਲਗੜ੍ਹ ਰੋਡ, ਜਲੰਧਰ-ਕਪੂਰਥਲਾ-ਸੁਲਤਾਨਪੁਰ ਲੋਧੀ-ਗਿੱਦੜਪਿੰਡੀ ਅਤੇ ਮੁੱਦਕੀ-ਰਾਮਪੁਰਾ ਫੂਲ ਸੜਕਾਂ ਨੂੰ ਚੌੜਾ ਕਰਨ ਲਈ ਪੰਜਾਬ ਦੇ ਪੀ.ਡਬਲਿਊ.ਡੀ. ਵਿਭਾਗ ਵੱਲੋਂ ਭੇਜੇ ਗਏ ਐਸਟੀਮੇਟਾਂ ਨੂੰ ਵੀ ਤੁਰੰਤ ਮੰਨਜ਼ੂਰ ਕੀਤਾ ਜਾਵੇ। ਇਸ ਮੰਗ ਨੂੰ ਵੀ ਮੰਨਜੂਰ ਕਰਦੇ ਹੋਏ ਸ੍ਰੀ ਗਡਕਰੀ ਨੇ ਨਕੋਦਰ-ਮੋਗਾ-ਬਰਨਾਲਾ-ਮਾਨਸਾ-ਝੁਨੀਰ-ਸਰਦੂਲਗੜ੍ਹ ਰੋਡ ਕਿਲੋਮੀਟਰ 200.950 ਕਿਲੋਮੀਟਰ ਤੋ 221.950 ਅਤੇ ਕਿਲੋਮੀਟਰ 227.750 ਤੋ 234.620 ਅਤੇ ਜਲੰਧਰ-ਕਪੂਰਥਲਾ-ਸੁਲਾਤਨਪੁਰ ਲੋਧੀ-ਗਿੱਦੜਪਿੰਡੀ ਨੂੰ ਚੌੜਾ ਕਰਨ ਦੇ 100 ਕਰੋੜ ਰੁਪਏ ਤੋ ਵੱਧ ਦੇ ਪ੍ਰਾਜੈਕਟ ਨੂੰ ਵੀ ਮੰਨਜੂਰੀ ਦੇ ਦਿੱਤੀ।ਸ. ਬਾਦਲ ਨੇ ਇਹ ਮੰਗ ਵੀ ਰੱਖੀ ਕਿ ਕੌਮੀ ਮਾਰਗ (ਪੀਆਰ) ਤਹਿਤ 2015-16 ਵਿਚ ਮਿਲਣ ਵਾਲੀ ਰਾਸ਼ੀ ਨੂੰ 31.91 ਕਰੋੜ ਰੁਪਏ ਤੋਂ ਵਧਾਇਆ ਜਾਵੇ। ਇਸ ਨੂੰ ਮੰਨਜੂਰੀ ਦਿੰਦੇ ਹੋਏ ਸ੍ਰੀ ਗਡਕਰੀ ਨੇ 20 ਕਰੋੜ ਰੁਪਏ ਦੀ ਅਲਾਟਮੈਟ ਕੀਤੀ ਜਿੰਨਾਂ ਤਹਿਤ 100 ਨਵੇ ਕੰਮ ਪਹਿਲਾਂ ਹੀ ਸ਼ੁਰੂ ਕੀਤੇ ਜਾ ਚੁੱਕੇ ਹਨ। ਸ੍ਰੀ ਗਡਕਰੀ ਨੇ ਸ. ਬਾਦਲ ਦੀਆਂ ਸਾਰੀਆਂ ਮੰਗਾਂ ਬਹੁਤ ਧਿਆਨ ਨਾਲ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਬਾਕੀ ਬਚਦੀਆਂ ਸਾਰੀਆਂ ਮੰਗਾਂ 'ਤੇ ਜਲਦ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋ ਇਲਾਵਾ ਵਧੀਕ ਮੁੱਖ ਸਕੱਤਰ ਲੋਕ ਨਿਰਮਾਣ ਵਿਭਾਗ ਸ੍ਰੀ ਐਨ.ਐਸ ਕਲਸੀ, ਐਨ.ਐਚ.ਏ.ਆਈ ਦੇ ਮੈਬਰ ਵਿੱਤ ਸ੍ਰੀ ਸਤੀਸ ਚੰਦਰਾ, ਦਿੱਲੀ ਵਿਖੇ ਪੰਜਾਬ ਦੇ ਵਧੀਕ ਰੈਜੀਡੈਟ ਕਮਿਸਨਰ ਸ੍ਰੀ ਰਾਹੁਲ ਭੰਡਾਰੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੁੱਖ ਇੰਜੀਨੀਅਰ ਏ.ਕੇ.ਸਿੰਗਲਾ ਵੀ ਮੌਜੂਦ ਸਨ।