ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਭੋਜਨ ਮੁਹੱਇਆ ਕਰਵਾਇਆ ਜਾਵੇ ਅਤੇ ਤਿਉਹਾਰ ਦੇ ਸੀਜ਼ਨ ਦੇ ਵਿੱਚ ਖਾਸ ਤੌਰ ਤੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਹ ਨਿਰਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਡੈਜ਼ੀਗਨੇਟਡ ਅਫ਼ਸਰ ਤੇ ਫੂਡ ਸੈਫਟੀ ਅਫ਼ਸਰਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਮੀਟਿੰਗ ਦੌਰਾਨ ਦਿੱਤੇ।ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸਟੇਟ ਹੈੱਡਕੁਆਟਰ ਤੋਂ ਵਿਸ਼ੇਸ਼ ਟੀਮ ਜ਼ਿਲ੍ਹਿਆਂ ਦੇ ਵਿੱਚ ਛਾਪਾਮਾਰੀ ਕਰੇਗੀ ਅਤੇ ਦੁੱਧ ਤੋਂ ਬਣਨ ਵਾਲੇ ਖਾਣ-ਪੀਣ ਦੇ ਉਤਪਾਦਾਂ ਤੇ ਪਦਾਰਥਾਂ ਦੀ ਗੁਣਵੱਤਾ ਦੀ ਜਾਂਚ ਕਰੇਗੀ। ਉਨ੍ਹਾਂ ਨੇ ਲੋਕਾਂ ਨੂੰ ਸਾਫ ਪਾਣੀ ਪੀਣ ਦੀ ਅਪੀਲ ਕੀਤੀ। ਇਸੇ ਤਰ੍ਹਾਂ ਅਧਿਕਾਰੀਆਂ ਨੂੰ ਵੀ ਪੈਕਡ ਪਾਣੀ ਦੇ ਸਟੈਂਡਰਡ ਨੂੰ ਵੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਇਨ੍ਹਾਂ ਪਾਣੀ ਦੇ ਬੀ.ਆਈ.ਐਸ./ਆਈ.ਐਸ.ਆਈ. ਸਰਟੀਫਿਕੇਟ ਦੀ ਵੀ ਜਾਂਚ ਕਰਨ ਲਈ ਕਿਹਾ। ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਡੀ.ਓ. ਅਤੇ ਐਪ.ਐਸ.ਓ ਆਪਣੇ ਜ਼ਿਲ੍ਹੇ ਦੇ ਵਿੱਚ ਸਿੰਥੈਟਿਕ ਦੁੱਧ ਦੀ ਵਰਤੋਂ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਯਕੀਨੀ ਬਣਾਉਣ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਅਗਸਤ ਮਹੀਨੇ ਵਿੱਚ ਕੁੱਲ 5272 ਸੈਂਪਲ ਵਿੱਚ 1387 ਵਿੱਚ ਮਿਲਾਵਟ ਪਾਈ ਗਈ ਅਤੇ ਅਗਸਤ ਮਹੀਨੇ ਤੱਕ ਪੰਜਾਬ ਭਰ ਵਿੱਚ 5940 ਫੂਡ ਲਾਈਸੰਸ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ 16746 ਰਜਿਸਟਰੇਸ਼ਨ ਫੂਡ ਸੇਫ਼ਟੀ ਵਿਭਾਗ ਵਿੱਚ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬ ਭਰ ਵਿੱਚ ਅਗਸਤ ਮਹੀਨੇ ਵਿੱਚ 89 ਦੁੱਧ ਦੇ ਸੈਂਪਲਾਂ ਵਿੱਚ 33 ਸੈਂਪਲਾਂ ਵਿੱਚ ਮਿਲਾਵਟ ਸਾਹਮਣੇ ਆਈ ਹੈ, ਜਿਨ੍ਹਾਂ ਖਿਲਾਫ਼ ਫੂਡ ਸੇਫ਼ਟੀ ਅਤੇ ਸਟੈਂਡਰਡ ਐਕਟ 2006 ਦੇ ਤਹਿਤ ਕਾਰਵਾਈ ਕੀਤੀ ਗਈ ਹੈ।ਇਸ ਦੌਰਾਨ ਕਮਿਸ਼ਨਰ ਫੂਡ ਸੇਫਟੀ ਐਂਡ ਐਡਮਿਨਿਸਟਰੇਸ਼ਨ ਸ੍ਰੀ ਹੁਸਨ ਲਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਜਲੰਧਰ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਮੋਗਾ ਅਤੇ ਫਰੀਦਕੋਟ ਵਿੱਚ ਬੀ.ਆਈ.ਐਸ./ਆਈ.ਐਸ.ਆਈ. ਸਰਟੀਫਿਕੇਟ ਦੀ ਜਾਂਚ ਕਰਨ ਲਈ ਜੁਆਇੰਟ ਛਾਪਾਮਾਰੀ ਕੀਤੀ ਗਈ ਸੀ। ਅੰਮ੍ਰਿਤਸਰ ਵਿੱਚ ਪੰਜ ਫੈਕਟਰੀਆਂ ਬਿਨ੍ਹਾਂ ਬੀ.ਆਈ.ਐਸ./ਆਈ.ਐਸ.ਆਈ. ਸਰਟੀਫਿਕੇਟ ਤੋਂ ਬਿਨ੍ਹਾਂ ਪਾਣੀ ਦੀ ਮੈਨੁਫੈਕਚਰਿੰਗ ਕਰ ਰਹੀਆਂ ਸਨ, ਜਿਨ੍ਹਾਂ ਖਿਲਾਫ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਜਲੰਧਰ ਵਿੱਚ ਚਾਰ ਫੈਕਟਰੀਆਂ ਨੂੰ ਬੀ.ਆਈ.ਐਸ./ਆਈ.ਐਸ.ਆਈ. ਸਰਟੀਫਿਕੇਟ ਤੋਂ ਬਿਨ੍ਹਾਂ ਪਾਣੀ ਸਪਲਾਈ ਕਰਨ ਤੇ ਨੋਟਿਸ ਜਾਰੀ ਕੀਤਾ ਗਿਆ। ਜਦੋਂ ਕਿ ਕਪੂਰਥਲਾ ਵਿੱਚ ਵੀ ਇੱਕ ਫੈਕਟਰੀ ਨੂੰ ਸੀਲ ਕੀਤਾ ਗਿਆ ਅਤੇ ਦੋ ਨੂੰ ਬੀ.ਆਈ.ਐਸ./ਆਈ.ਐਸ.ਆਈ. ਸਰਟੀਫਿਕੇਟ ਨਾ ਹੋਣ ਕਾਰਣ ਦੋ ਫੈਕਟਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ।