ਔਰਤਾਂ ਪ੍ਰਤੀ ਸਮਾਜ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸਮਾਜ ਦਾ ਹਰ ਵਰਗ ਇਸ ਵਿੱਚ ਆਪਣਾ ਯੋਗਦਾਨ ਪਾਵੇ ਕਿਉਂਕਿ ਔਰਤ ਦਾ ਦਰਜਾ ਸਮਾਜ ਵਿੱਚ ਸਭ ਤੋਂ ਵੱਡਾ ਹੈ। ਇਸ ਲਈ ਔਰਤ ਦਾ ਮਾਣ ਸਨਮਾਨ ਕਰਨਾ ਸਾਡੀ ਨੈਤਿਕ ਜਿਮੇਵਾਰੀ ਬਣਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਸ੍ਰ ਪਰਮਿੰਦਰ ਸਿੰਘ ਢੀਂਡਸਾ ਨੇ ਮੁਹਾਲੀ ਪ੍ਰੈਸ ਕਲੱਬ ਵੱਲੋਂ ਪਰਲਜ਼ ਗਰੁੱਪ ਦੇ ਸਹਿਯੋਗ ਨਾਲ ਕਲੱਬ ਦੇ ਪ੍ਰਧਾਨ ਸ੍ਰੀ ਸੁਖਦੇਵ ਸਿੰਘ ਪਟਵਾਰੀ ਦੀ ਅਗਵਾਈ ਵਿੱਚ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ –71 ਮੁਹਾਲੀ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਕਰਨ ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਵਿੱਤ ਤੇ ਯੋਜਨਾਂ ਮੰਤਰੀ ਪੰਜਾਬ ਨੇ ਇਸ ਮੌਕੇ ਮੁਹਾਲੀ ਪ੍ਰੈਸ ਕਲੱਬ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਔਰਤਾਂ ਦੇ ਹੱਕਾਂ ਬਾਰੇ ਵਿਚਾਰ ਚਰਚਾ ਸਬੰਧੀ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਵਿੱਚ ਔਰਤਾਂ ਪ੍ਰਤੀ ਚੇਤੰਨਤਾ ਪੈਦਾ ਕਰਦੇ ਹਨ ਅਤੇ ਇਹਨਾਂ ਸਮਾਗਮਾਂ ਵਿੱਚ ਔਰਤਾਂ ਨੂੰ ਮਰਦਾਂ ਦੇ ਸਾਹਮਣੇ ਆਪਣੀ ਗੱਲ ਕਰਨ ਦਾ ਖੁੱਲ੍ਹਾ ਮੌਕਾ ਮਿਲਦਾ ਹੈ। ਉਹਨਾਂ ਕਿਹਾ ਕਿ ਭਾਵੇਂ ਅਸੀਂ ਇਸ ਗੱਲ ਵਿੱਚ ਯਕੀਨ ਰੱਖਦੇ ਹਾਂ ਕਿ ਔਰਤਾਂ ਦਾ ਵੱਡਾ ਰੁਤਬਾ ਹੈ ਪ੍ਰੰਤੂ ਇਸ ਨੂੰ ਸ਼ਬਦਾਂ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ ਸਗੋਂ ਸਾਨੂੰ ਔਰਤਾਂ ਨੂੰ ਪੂਰਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ। ਉਹਨਾਂ ਹੋਰ ਕਿਹਾ ਕਿ ਸਾਨੂੰ ਪਰਿਵਾਰਾਂ ਵਿੱਚ ਵੀ ਔਰਤਾਂ ਨੂੰ ਬਰਾਬਰਤਾ ਦੇਣ ਦੀ ਲੋੜ ਹੈ। ਵਿੱਤ ਮੰਤਰੀ ਪੰਜਾਬ ਨੇ ਕਿਹਾ ਕਿ ਔਰਤਾਂ ਦੇ ਹੋ ਰਹੇ ਸ਼ੋਸਣ ਨੂੰ ਰੋਕਣ ਲਈ ਮੀਡੀਆ ਬਹੁਤ ਵੱਡਾ ਰੋਲ ਅਦਾ ਕਰ ਸਕਦਾ ਹੈ। ਇਸ ਕਰਕੇ ਮੀਡੀਏ ਨੂੰ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅੱਜ ਔਰਤਾਂ ਮਰਦਾਂ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹਨ ਅਤੇ ਔਰਤਾਂ ਵੱਡੇ ਵੱਡੇ ਆਹੁਦਿਆਂ ਤੇ ਕੰਮ ਕਰ ਰਹੀਆਂ ਹਨ ਅਤੇ ਆਪਣੀ ਜਿੰਮੇਵਾਰੀਆਂ ਬਾਖੂਬੀ ਨਿਭਾ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੇ ਮਹਾਨ ਗੁਰੂਆਂ ਨੇ ਵੀ ਔਰਤ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਹੈ ਪ੍ਰੰਤੂ ਜੋ ਅੱਜ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਉਹ ਇੱਕ ਬਹੁਤ ਹੀ ਮੰਦਭਾਗੀ ਗੱਲ ਹੈ ਉਹਨਾਂ ਦਿੱਲੀ ਵਿਖੇ ਵਾਪਰੀ ਦਾਮਨੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੇ ਦੇਸ਼ ਦੇ ਸਮੁੱਚੇ ਵਰਗਾਂ ਨੂੰ ਸ਼ਰਮਸਾਰ ਕੀਤਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਘਟਨਾ ਸੀ ਪ੍ਰੰਤੂ ਇਸ ਘਟਨਾ ਤੋਂ ਬਾਅਦ ਸਮਾਜ ਵਿੱਚ ਇੱਕ ਚੇਤੰਨਤਾ ਜਰੂਰ ਪੈਦਾ ਹੋਈ ਹੈ ਕਿਉਂਕਿ ਇਹ ਘਟਨਾ ਇੱਕ ਅਸਹਿ ਘਟਨਾ ਸੀ । ਸਾਨੂੰ ਅੱਜ ਲੋੜ ਹੈ ਕਿ ਉਸਾਰੂ ਸਮਾਜ ਸਿਰਜਣ ਦੀ ਤਾਂ ਜੋ ਅਜਿਹੀਆਂ ਘਟਨਾਵਾਂ ਮੁੜ ਨਾ ਵਾਪਰਨ। ਉਹਨਾਂ ਇਸ ਮੌਕੇ ਪ੍ਰਸਿੱਧ ਗਾਇਕਾ ਡੋਲੀ ਗੁਲੇਰੀਆ, ਬੀਬੀ ਪਰਮਜੀਤ ਕੌਰ ਲਾਂਡਰਾ ਚੇਅਰਪਰਸ਼ਨ ਮਹਿਲਾ ਕਮਿਸ਼ਨ ਪੰਜਾਬ, ਬੀਬੀ ਅਮਨਜੋਤ ਕੌਰ ਰਾਮੂਵਾਲੀਆ ਕੌਮੀ ਜਨਰਲ ਸਕੱਤਰ ਇਸਤਰੀ ਅਕਾਲੀ ਦਲ, ਸ੍ਰੀਮਤੀ ਕੁਲਵੰਤ ਕੌਰ ਸ਼ੇਰਗਿੱਲ ਪ੍ਰਧਾਨ ਪੈਰਾਗਾਨ ਐਜੂਕੇਸ਼ਨਲ ਸੋਸਾਇਟੀ, ਡਾ. ਊਮਾ ਸ਼ਰਮਾ ਡਿਪਟੀ ਡਾਇਰੈਕਟਰ(ਸੇਵਾ ਮੁਕਤ) ਸੂਚਨਾਂ ਤੇ ਲੋਕ ਸੰਪਰਕ ਵਿਭਾਗ , ਡਾ. ਸਰਬਜੀਤ ਕੌਰ ਸੋਹਲ ( ਰਾਸ਼ਟਰਪਤੀ ਐਵਾਰਡੀ) , ਸ੍ਰੀਮਤੀ ਜਸਵਿੰਦਰ ਕੌਰ ਵਾਲੀਆ ਐਮ.ਡੀ. ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੋਹਾਲੀ, ਬੀਬੀ ਜਸਵੰਤ ਕੌਰ ਬਲੱਡ ਡੋਨਰ (ਲਿਮਕਾ ਬੁੱਕ ਰਿਕਾਰਡ ਹੋਲਡਰ) ਅਤੇ ਸ੍ਰੀਮਤੀ ਹਰਪ੍ਰੀਤ ਕੌਰ ਏ.ਆਈ.ਜੀ. (ਲਿਟੀਗੇਸ਼ਨ) ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ। ਪ੍ਰੈਸ ਕਲੱਬ ਦੇ ਆਹੁਦੇਦਾਰਾਂ ਵੱਲੋਂ ਵਿੱਤ ਤੇ ਯੋਜਨਾ ਮੰਤਰੀ ਪੰਜਾਬ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੁੱਖ ਸੰਸਦੀ ਸਕੱਤਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਸ੍ਰੀਮਤੀ ਐਫ. ਨਿਸਾਰਾ ਖਾਤੂਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਦੇ ਲੋਕਾਂ ਨੂੰ ਔਰਤ ਦੀ ਅਹਿਮੀਅਤ ਤੇ ਜਰੂਰਤ ਸਮਝਣ ਦੀ ਲੋੜ ਹੈ ਕਿਉਂਕਿ ਔਰਤ ਜਿੱਥੇ ਮਹਾਨ ਸ਼ਕਤੀ ਹੈ ਉੱਥੇ ਔਰਤ ਹੀ ਜਨਮ ਦਾਤਾ ਹੈ। ਉਹਨਾਂ ਕਿਹਾ ਕਿ ਅੱਜ ਔਰਤਾਂ ਕਿਸੇ ਵੀ ਪੱਖੋਂ ਮਰਦਾਂ ਤੋਂ ਪਿੱਛੇ ਨਹੀਂ ਹਨ ਔਰਤਾਂ ਮਰਦਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ। ਔਰਤ ਦੀ ਇੱਜਤ ਤੇ ਸਨਮਾਨ ਸਮਝਣ ਦੀ ਲੋੜ ਹੈ ਅਤੇ ਸਰਕਾਰੀ ਮਸ਼ਨਿਰੀ ਨੂੰ ਔਰਤਾਂ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਦੀ ਲੋੜ ਹੈ। ਇਸ ਮੌਕੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸ਼ਨ ਨੇ ਬੋਲਦਿਆਂ ਕਿਹਾ ਕਿ ਸਵਿਧਾਨਿਕ ਤੌਰ ਤੇ ਔਰਤਾਂ ਨੂੰ ਬਰਾਬਰ ਦੇ ਹੱਕ ਪ੍ਰਾਪਤ ਹਨ ਪ੍ਰੰਤੂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਨਹੀਂ ਹਨ ਉਹਨਾਂ ਔਰਤਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਕੌਮੀ ਜਨਰਲ ਸਕੱਤਰ ਇਸਤਰੀ ਅਕਾਲੀ ਦਲ ਸ੍ਰੀਮਤੀ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਔਰਤਾਂ ਵਿਰੁੱਧ ਹੋ ਰਹੇ ਅਤਿਆਚਾਰ ਨੂੰ ਰੋਕਣ ਲਈ ਜਿੱਥੇ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ ਉੱਥੇ ਫਾਸਟ ਟਰੈਕ ਅਦਾਲਤਾਂ ਦੀ ਵੀ ਸਥਾਪਨਾ ਹੋਣੀ ਚਾਹੀਦੀ ਹੈ ਉਹਨਾ ਕਿਹਾ ਕਿ ਨੌਜਵਾਨ ਲੜਕੇ ਲੜਕੀਆਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਬਿਨਾਂ ਦਾਜ ਦਹੇਜ ਤੋਂ ਵਿਆਹ ਕਰਵਾਉਣਗੇ ਕਿਉਂਕਿ ਅਜੋਕੇ ਯੁੱਗ ਵਿੱਚ ਵੀ ਧੀਆਂ ਦਾਜ ਦਹੇਜ ਦੀ ਬਲੀ ਚੜ ਰਹੀਆਂ ਹਨ। ਉਹਨਾਂ ਸਮਾਜ ਵਿੱਚ ਅਸ਼ਲੀਲ ਸੰਗੀਤ ਨੂੰ ਬੰਦ ਕਰਨ ਦੀ ਲੋੜ ਤੇ ਵੀ ਜੋ ਦਿੱਤਾ। ਇਸ ਮੌਕੇ ਉਹਨਾਂ ਕਲੱਬ ਦਾ ਕੈਲੰਡਰ ਵੀ ਰਿਲੀਜ਼ ਕੀਤਾ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਨੇ ਆਪਣੀ ਕਵਿਤਾ ਔਰਤ ਦੀ ਸੋਚ ਪੇਸ਼ ਕੀਤੀ। ਇਸ ਸਮਾਗਮ ਦਾ ਉਦਘਾਟਨ ਬੀਬੀ ਮਨਜੀਤ ਕੌਰ ਬਾਜਵਾ ਨੇ ਕੀਤਾ ਅਤੇ ਪ੍ਰਸਿੱਧ ਲੋਕ ਗਾਇਕਾ ਡੋਲੀ ਗੁਲੇਰੀਆ ਨੇ ਸਮ੍ਹਾਂ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਮੰਚ ਸੰਚਾਲਨ ਡਾ. ਊਮਾ ਸ਼ਰਮਾ ਸਾਬਕਾ ਡਿਪਟੀ ਡਾਇਰੈਕਟਰ ਲੋਕ ਸੰਪਰਕ ਵਿਭਾਗ ਪੰਜਾਬ ਨੇ ਬਾਖੂਬੀ ਕੀਤਾ। ਕਲੱਬ ਦੇ ਪ੍ਰਧਾਨ ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਪੁੱਜੀਆਂ ਸਖ਼ਸੀਅਤਾਂ ਨੂੰ ਜੀ ਆਇਆ ਆਖਿਆ ਅਤੇ ਕਲੱਬ ਦੀਆਂ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਐਸ.ਡੀ.ਐਮ. ਸ੍ਰੀ ਲਖਮੀਰ ਸਿੰਘ, ਸ੍ਰ ਬਲਜੀਤ ਸਿੰਘ ਕੁੰਭੜਾ ਉੱਘੇ ਸਮਾਜ ਸੇਵਕ, ਸ੍ਰੀ ਚਰਨਜੀਤ ਸਿੰਘ ਵਾਲੀਆ ਚੇਅਰਮੈਨ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੋਹਾਲੀ , ਸਬਾਕਾ ਕੌਂਸਲਰ ਸ੍ਰ ਪਰਮਜੀਤ ਸਿੰਘ ਕਾਹਲੋਂ, ਕਲੱਬ ਦੇ ਜਨਰਲ ਸਕੱਤਰ ਸ੍ਰੀ ਗੁਰਮੀਤ ਸਿੰਘ ਸਾਹੀ ਸਮੇਤ ਕਲੱਬ ਦੇ ਹੋਰ ਆਹੁਦੇਦਾਰ ਅਤੇ ਹੋਰ ਪ੍ਰਮੁੱਖ ਸਖ਼ਸੀਅਤਾਂ ਵੀ ਮੌਜੂਦ ਸਨ। ਸਮਾਗਮ ਦੌਰਾਨ ਐਸ.ਯੂ. ਐਸ.ਕਾਲਜ ਤੰਗੋਰੀ ਅਤੇ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।