ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਸਰਵਣ ਸਿੰਘ ਫਿਲੌਰ ਨੇ ਰਾਜ ਦੇ ਲੋਕਾਂ ਨੂੰ ਪਸ਼ੂ ਪਾਲਣ ਲਈ ਮਿਆਰੀ ਸਹੂਲਤਾਂ ਮੁਹਈਆ ਕਰਵਾਉਣ ਲਈ ਜਿਲ੍ਹਾ ਅਤੇ ਪਹਿਸੀਲ ਪੱਧਰ ਦੇ ਪਸ਼ੂ ਹਸਪਤਾਲਾਂ ਅਤੇ ਪੌਲੀਕਲੀਨਿਕਸ ਵਿੱਚ ਦੋ ਸ਼ਿਫਟਾਂ ਵਿੱਚ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ।ਅੱਜ ਸਥਾਨਿਕ ਪੰਜਾਬ ਭਵਨ ਵਿਖੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਫਿਲੌਰ ਨੇ ਰਾਜ ਵਿੱਚ ਖੇਤੀ ਵਿਭਿੰਨਤਾ ਦੇ ਮੱਦੇਨਜਰ ਸੂਰ ਪਾਲਣ ਅਤੇ ਬੱਕਰੀ ਪਾਲਣ ਵਰਗੇ ਧੰਦੇ ਅਪਣਾਉਣ 'ਤੇ ਜੋਰ ਦਿੱਤਾ ਹੈ ਕਿਉਂਕਿ ਉੱਤਰੀ ਭਾਰਤ ਖਾਸ ਕਰਕੇ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਇਸ ਦੀ ਤਿਆਰ ਬਰ ਤਿਆਰ ਮਾਰਕੀਟ ਉਪਲਭਦ ਹੈ। ਸ. ਫਿਲੌਰ ਨੇ ਕਿਹਾ ਕਿ ਇਨ੍ਹਾਂ ਧੰਦਿਆਂ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਪਸ਼ੂ ਪਾਲਣ ਵਿਭਾਗ ਵਲੋਂ ਸਿਖਲਾਈ ਮੁਹਈਆ ਕਰਵਾਉਣ ਤੋਂ ਇਲਾਵਾ ਬੈਂਕਾਂ ਤੋਂ ਕਰਜੇ ਦਿਵਾਉਣ ਵਿੱਚ ਵੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤੀ ਉਤਪਾਦਨ ਪਹਿਲਾਂ ਹੀ ਉਚਤਮ ਪੱਧਰ 'ਤੇ ਪਹੁੰਚ ਚੁੱਕਾ ਹੈ ਜਿੱਥੇ ਰਾਜ ਦੇ ਖੇਤੀ ਉਤਪਾਦਨ ਦੇ ਵਧਣ ਦੀਆਂ ਸੰਭਾਵਨਾਵਾਂ ਨਹੀਂ ਹਨ ਪਰ ਪਸ਼ੂ ਪਾਲਣ ਸੈਕਟਰ 'ਤੇ ਧਿਆਨ ਕੇਂਦਰਤ ਕਰਨ ਨਾਲ ਇਸ ਵਿੱਚ ਵਾਧਾ ਦਰ 6 ਤੋਂ 8 ਫੀਸਦੀ ਪ੍ਰਾਪਤ ਕੀਤੀ ਜਾ ਸਕਦੀ ਹੈ ਜਦਕਿ ਫਸਲਾਂ ਦੇ ਉਤਪਾਦਨ ਵਿੱਚ ਵਾਧਾ ਦਰ ਕੇਵਲ ਦੋ ਫੀਸਦੀ ਹੈ।
ਸ. ਫਿਲੌਰ ਨੇ ਦੱਸਿਆ ਕਿ ਸੀਮੈਨ ਬੈਂਕ ਨਾਭਾ ਅਤੇ ਮੁਰਹਾ ਬਫਲੋਬੁਲ ਪ੍ਰੋਜਨੀਟੈਸਟਿੰਗ ਲਈ ਰਾਸ਼ਟਰੀ ਡੇਅਰੀ ਪਲਾਨ ਹੇਠ 32 ਕਰੋੜ 88 ਲੱਖ ਰੁਪਏ ਦੀ ਗ੍ਰਾਂਟ ਪ੍ਰਵਾਨ ਹੋਈ ਹੈ। ਇਸ ਨਾਲ ਗਾਵਾਂ ਅਤੇ ਮੱਝਾਂ ਦੀਆਂ ਨਸਲਾਂ ਵਿੱਚ ਸੁਧਾਰ ਕਰਨ ਅਤੇ ਦੁੱਧ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਸਹਾਇਤਾ ਮਿਲੇਗੀ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪਸ਼ੂ ਧੰਨ ਮੇਲਾ 2013 ਸ੍ਰੀ ਮੁਕਤਸਰ ਸਾਹਿਬ ਵਿਖੇ 8 ਜਨਵਰੀ ਤੋਂ 12 ਜਨਵਰੀ ਤੱਕ ਕਰਵਾਇਆ ਜਾ ਰਿਹਾ ਹੈ ਜਿੱਥੇ ਜੇਤੂ ਪਸ਼ੂਆਂ ਦੇ ਮਾਲਕਾਂ ਨੂੰ 1ਕਰੋੜ 25 ਲੱਖ ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਬੋਲਦੇ ਹੋਏ ਪਸ਼ੂ ਪਾਲਣ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਸ. ਦੇਸ ਰਾਜ ਧੁੱਗਾ ਨੇ ਅਧਿਕਾਰੀਆਂ ਨੂੰ ਰਾਜ ਸਰਕਾਰ ਦੀਆਂ ਨੀਤੀਆਂ ਪੂਰੀ ਸੰਜੀਦਗੀ ਅਤੇ ਆਤਮ ਸਮਰਪਣ ਨਾਲ ਕਰਨ ਦੇ ਲਈ ਆਖਿਆ ਤਾਂ ਜੋ ਦਿਹਾਤੀ ਆਰਥਿਕਤਾ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ। ਸ੍ਰੀ ਜਗਪਾਲ ਸਿੰਘ ਸੰਧੂ ਵਿੱਤ ਕਮਿਸ਼ਨਰ ਨੇ ਭਰੋਸਾ ਦੁਆਇਆ ਕਿ ਪਸ਼ੂ ਧੰਨ ਲਈ ਕਰਜੇ ਵਿੱਚ ਆਉਂਦੀਆਂ ਸਾਰੀਆਂ ਅੜਚਨਾਂ ਨੂੰ ਛੇਤੀਂ ਦੂਰ ਕਰਵਾ ਦਿੱਤਾ ਜਾਵੇਗਾ ਤਾਂ ਜੋ ਬੇਰੁਜਗਾਰ ਨੌਜਵਾਨ ਇਸ ਸੈਕਟਰ ਵਿੱਚ ਉਪਲਭਦ ਰੁਜਗਾਰ ਦੇ ਮੌਕਿਆਂ ਨੂੰ ਅਪਣਾ ਕੇ ਲਾਪਣੀ ਰੋਜੀ ਰੋਟੀ ਕਮਾ ਸਕਣ। ਇਸ ਤੋਂ ਪਹਿਲਾਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਐਚ ਐਸ ਸੰਧਾ ਨੇ ਵਿਭਾਗ ਦੀਆਂ ਵਿਭਿੰਨ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਾਜ ਦੇ ਸਾਰੇ ਜਿਲ੍ਹਿਆਂ ਦੇ ਡਿਪਟੀ ਡਾਇਰੈਕਟਰ ਹਾਜ਼ਰ ਸਨ।