ਕਾਰਗਿਲ ਵਿਜੇ ਦਿਵਸ ਦੇ ਮੌਕੇ 'ਤੇ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਸਥਾਨਕ ਸ਼ਹੀਦੀ ਸਮਾਰਕ ਵਿਖੇ ਪਹੁੰਚ ਕੇ ਕਾਰਗਿਲ ਯੁੱਧ ਦੇ ਅਮਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਕੁਰਬਾਨੀ ਦੇਣ ਵਾਲੇ ਵੀਰ ਜਵਾਨਾਂ ਦੇ ਸਾਹਸ, ਬਹਾਦਰੀ ਅਤੇ ਬਲਿਦਾਨ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।ਵਿਧਾਇਕ ਜਿੰਪਾ ਨੇ ਕਿਹਾ ਕਿ ਕਾਰਗਿਲ ਵਿਜੇ ਦਿਵਸ ਸਿਰਫ਼ ਇੱਕ ਇਤਿਹਾਸਕ ਜਿੱਤ ਦਾ ਪ੍ਰਤੀਕ ਨਹੀਂ, ਸਗੋਂ ਇਹ ਭਾਰਤੀ ਫੌਜ ਦੇ ਬੇਮਿਸਾਲ ਕੁਰਬਾਨੀ, ਦ੍ਰਿੜ੍ਹ ਸੰਕਲਪ ਅਤੇ ਰਾਸ਼ਟਰ ਭਗਤੀ ਦਾ ਗੌਰਵਮਈ ਅਧਿਆਇ ਹੈ।
ਸਾਲ 1999 ਵਿੱਚ ਭਾਰਤੀ ਜਵਾਨਾਂ ਨੇ ਬੇਹੱਦ ਮੁਸ਼ਕਲ ਹਾਲਾਤਾਂ ਵਿੱਚ ਦੁਸ਼ਮਣ ਨੂੰ ਮਾਤ ਦੇ ਕੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕੀਤੀ ਅਤੇ ਪੂਰੀ ਦੁਨੀਆ ਅੱਗੇ ਭਾਰਤੀ ਫੌਜ ਦੀ ਬਹਾਦਰੀ ਦਾ ਸਬੂਤ ਦਿੱਤਾ।ਉਨ੍ਹਾਂ ਕਿਹਾ ਕਿ ਦੇਸ਼ ਦੇ ਵੀਰ ਜਵਾਨਾਂ ਦੇ ਬਲਿਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੇ ਤਿਆਗ ਅਤੇ ਸਮਰਪਣ ਸਦਕਾ ਹੀ ਦੇਸ਼ਵਾਸੀ ਸੁਰੱਖਿਅਤ ਮਾਹੌਲ ਵਿੱਚ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਰਾਸ਼ਟਰ ਸੇਵਾ, ਅਨੁਸ਼ਾਸਨ ਅਤੇ ਦੇਸ਼ਭਗਤੀ ਦੀ ਭਾਵਨਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ।
ਵਿਧਾਇਕ ਜਿੰਪਾ ਨੇ ਕਿਹਾ ਕਿ ਪੰਜਾਬ ਵੀਰਾਂ ਦੀ ਧਰਤੀ ਹੈ ਅਤੇ ਇੱਥੋਂ ਦੇ ਸੈਨਿਕਾਂ ਨੇ ਹਰ ਯੁੱਧ ਵਿੱਚ ਦੇਸ਼ ਦੀ ਰੱਖਿਆ ਲਈ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵੀ ਕਈ ਸਪੂਤਾਂ ਨੇ ਕਾਰਗਿਲ ਯੁੱਧ ਵਿੱਚ ਆਪਣੇ ਪ੍ਰਾਣਾਂ ਦਾ ਬਲਿਦਾਨ ਦੇ ਕੇ ਰਾਸ਼ਟਰ ਦਾ ਮਾਣ ਵਧਾਇਆ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਸਨਮਾਨ ਕਰਨਾ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਬਹਾਦਰੀ ਭਰੀਆਂ ਗਾਥਾਵਾਂ ਤੋਂ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ।ਇਸ ਮੌਕੇ ਹਾਜ਼ਰ ਸਾਰੇ ਲੋਕਾਂ ਨੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਕਾਰਗਿਲ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੇ ਦਿਖਾਏ ਰਾਹ 'ਤੇ ਚੱਲਣ ਦਾ ਸੰਕਲਪ ਵੀ ਲਿਆ।
ਵਿਧਾਇਕ ਜਿੰਪਾ ਨੇ ਕਿਹਾ ਕਿ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਲਈ ਸ਼ਹੀਦਾਂ ਦਾ ਬਲਿਦਾਨ ਸਦਾ ਹੀ ਦੇਸ਼ਵਾਸੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।ਇਸ ਮੌਕੇ ਕੌਂਸਲਰ ਪ੍ਰਵੀਣ ਸੈਣੀ, ਮੋਹਨ ਲਾਲ ਪਹਿਲਵਾਨ, ਬਹਾਦੁਰ ਸਿੰਘ ਸੁਨੇਤ, ਮਨਜੀਤ ਸਿੰਘ, ਪ੍ਰਦੀਪ ਸੈਣੀ, ਸੰਜੇ ਸ਼ਰਮਾ, ਸਤਪਾਲ, ਜਸਵੰਤ ਰਾਏ, ਜਸਬੀਰ ਸਿੰਘ ਕੋਚ, ਹਰਬਿੰਦਰ ਸਿੰਘ ਹੈਰੀ, ਮਦਨ ਲਾਲ, ਸੁਜਾਤਾ ਬਰਜਾਤਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।