ਸ਼੍ਰੋਮਣੀ ਅਕਾਲੀ ਦਲ ਦੇ ਖਰੜ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਦੀ ਅਗਵਾਈ ਹੇਠ ਚੱਲ ਰਿਹਾ "ਬੋਲੇਗਾ ਖਰੜ, ਬਦਲੇਗਾ ਖਰੜ" ਪੈਦਲ ਮਾਰਚ ਸ਼ਨੀਵਾਰ ਨੂੰ ਆਪਣੇ ਸੱਤਵੇਂ ਦਿਨ 'ਚ ਦਾਖਲ ਹੋ ਗਿਆ। ਇਹ ਮਾਰਚ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਰਜ ਕਰ ਰਿਹਾ ਹੈ।ਸ਼ਨੀਵਾਰ ਦੇ ਮਾਰਚ ਨੇ ਵਾਰਡ ਨੰ. 9 ਅਤੇ 10 ਨੂੰ ਕਵਰ ਕੀਤਾ, ਜਿਸ ਦੀ ਸ਼ੁਰੂਆਤ ਗੁਰਦੁਆਰਾ ਸਾਹਿਬ ਸਨੀ ਇਨਕਲੇਵ, ਸੈਕਟਰ 125 ਤੋਂ ਹੋਈ ਅਤੇ ਇਹ ਸਨੀ ਕਲੱਬ, 6 ਰਾਹਾ ਚੌਂਕ, ਸਨਾਤਨ ਧਰਮ ਮੰਦਿਰ, ਸ਼ਹੀਦ ਭਗਤ ਸਿੰਘ ਮਾਰਕਿਟ, ਵੇਰਕਾ ਬੂਥ, ਪੁਲਿਸ ਚੌਂਕੀ ਸਨੀ ਇਨਕਲੇਵ ਅਤੇ ਇਲਾਕੇ ਦੀ ਪਾਣੀ ਵਾਲੀ ਟੈਂਕੀ ਵਿੱਚੋਂ ਹੁੰਦਾ ਹੋਇਆ ਸ਼ਨੀਵਾਰ ਦੇਰ ਸ਼ਾਮ ਮੇਨ ਗੇਟ ਸਨੀ ਇਨਕਲੇਵ ਵਿਖੇ ਸਮਾਪਤ ਹੋਇਆ।
ਇਕੱਠ ਨੂੰ ਸੰਬੋਧਨ ਕਰਦਿਆਂ ਖੇੜਾ ਨੇ ਮੌਜੂਦਾ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਦੇ ਇਸ ਦਾਅਵੇ 'ਤੇ ਸਵਾਲ ਖੜ੍ਹੇ ਕੀਤੇ ਕਿ ਖਰੜ ਦੇ ਵਿਕਾਸ 'ਤੇ ₹1,000 ਕਰੋੜ ਰੁਪਏ ਤੋਂ ਵੱਧ ਖਰਚ ਕੀਤਾ ਗਿਆ ਹੈ, ਜਿਸ ਦੀ ਉਹ ਕਥਿਤ ਤੌਰ 'ਤੇ ਦਸਤਾਵੇਜ਼ੀ ਫਿਲਮ ਬਣਾਉਣਾ ਚਾਹੁੰਦੇ ਹਨ। ਖੇੜਾ ਨੇ ਕਿਹਾ ਕਿ ਖਰੜ ਨਗਰ ਕੌਂਸਲ ਕੋਲ ₹500 ਤੋਂ ₹700 ਕਰੋੜ ਰੁਪਏ ਦਾ ਖਜ਼ਾਨਾ ਪਿਆ ਹੈ, ਜੋ ਕਿ ਟੈਕਸ ਭਰ ਰਹੇ ਲੋਕਾਂ ਦਾ ਪੈਸਾ ਹੈ ਅਤੇ ਇਸ ਨੂੰ ਸਾਫ਼ ਪੀਣ ਵਾਲੇ ਪਾਣੀ, ਸਫ਼ਾਈ, ਸੀਵਰੇਜ ਅਤੇ ਡਰੇਨੇਜ ਦੀ ਸਾਂਭ-ਸੰਭਾਲ ਅਤੇ ਸੜਕਾਂ ਦੀ ਮੁਰੰਮਤ ਵਰਗੀਆਂ ਬੁਨਿਆਦੀ ਸਹੂਲਤਾਂ 'ਤੇ ਖਰਚ ਕੀਤਾ ਜਾਣਾ ਚਾਹੀਦਾ ਹੈ।
ਖੇੜਾ ਨੇ ਕਿਹਾ ਕਿ ਖ਼ਜਾਨੇ ਵਿੱਚ ਵਾਧੂ ਪੈਸਾ ਹੋਣ ਦੇ ਬਾਵਜ਼ੂਦ ਵੀ ਸਰਕਾਰ ਉਸ ਨੂੰ ਲੋਕਾਂ ਦੀ ਭਲਾਈ ਲਈ ਵਰਤ ਨਹੀ ਰਹੀ ਅਤੇ ਦੱਸਿਆ ਕਿ ਵਾਰਡ ਨੰ. 8 ਦੇ ਵਸਨੀਕਾਂ ਨੇ ਉਨ੍ਹਾਂ ਨੂੰ ਮੰਗ ਪੱਤਰ ਦਿਖਾਏ, ਜਿਨ੍ਹਾਂ 'ਚ ਐਸਡੀਐਮ, ਵਿਧਾਇਕ, ਸੰਸਦ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਕੋਲ ਵਾਰ-ਵਾਰ ਕੀਤੀਆਂ ਅਪੀਲਾਂ ਦਰਜ ਹਨ, ਪਰ ਕਿਸੇ 'ਤੇ ਵੀ ਕਾਰਵਾਈ ਨਹੀਂ ਹੋਈ।ਵਾਰਡ 9 ਅਤੇ 10 'ਚ ਖੇੜਾ ਨੇ ਇੱਕ ਹੋਰ ਵੱਡੀ ਸਮੱਸਿਆ ਵੱਲ ਇਸ਼ਾਰਾ ਕੀਤਾ: ਇਸ ਵਾਰਡ ਦੇ ਸੈਕਟਰਾਂ ਨੂੰ ਬਣਾਉਣ ਵਾਲਾ ਪ੍ਰਾਈਵੇਟ ਬਿਲਡਰ ਧੋਖਾਧੜੀ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਹੋ ਕੇ ਜੇਲ੍ਹ ਜਾ ਚੁੱਕਾ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਜਦੋਂ ਕੋਈ ਬਿਲਡਰ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ 'ਚ ਨਾਕਾਮ ਰਹਿੰਦਾ ਹੈ ਤਾਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰ 'ਤੇ ਆ ਜਾਂਦੀ ਹੈ, ਪਰ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਅੱਗੇ ਆ ਕੇ ਕੁਝ ਨਹੀਂ ਕੀਤਾ, ਜਿਸ ਕਾਰਨ ਵਸਨੀਕਾਂ ਨੂੰ ਸੜਕਾਂ ਦੀ ਮੁਰੰਮਤ ਅਤੇ ਹੋਰ ਬੁਨਿਆਦੀ ਸਹੂਲਤਾਂ ਲਈ ਆਪਣੀ ਜੇਬ 'ਚੋਂ ਲਗਭਗ 50,000 ਰੁਪਏ ਪ੍ਰਤੀ ਵਿਅਕਤੀ ਖਰਚ ਕਰਨੇ ਪੈ ਰਹੇ ਹਨ।
ਖੇੜਾ ਨੇ ਇਲਾਕੇ 'ਚ ਅਵਾਰਾ ਕੁੱਤਿਆਂ ਦੀ ਸਮੱਸਿਆ ਵੀ ਉਠਾਈ ਅਤੇ ਦੋਸ਼ ਲਾਇਆ ਕਿ ਕਈ ਬਜ਼ੁਰਗ ਅਤੇ ਬੱਚੇ ਕੁੱਤਿਆਂ ਦੇ ਵੱਢਣ ਕਾਰਨ ਜ਼ਖ਼ਮੀ ਹੋ ਚੁੱਕੇ ਹਨ ਅਤੇ ਸਰਕਾਰ ਤੋਂ ਇਸ ਸਬੰਧੀ ਕਾਰਵਾਈ ਦੀ ਮੰਗ ਕੀਤੀ। ਵਾਰਡ ਦੀ ਪਾਣੀ ਵਾਲੀ ਟੈਂਕੀ ਬਾਰੇ ਉਨ੍ਹਾਂ ਦੱਸਿਆ ਕਿ ਵਸਨੀਕਾਂ ਨੂੰ ਨਗਰ ਕੌਂਸਲ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਕੋਲ ਟੈਂਕੀ ਸਾਫ਼ ਕਰਨ ਲਈ ਮਜ਼ਦੂਰ ਨਹੀਂ ਹਨ ਅਤੇ ਵਸਨੀਕਾਂ ਨੂੰ ਖੁਦ ਮਜ਼ਦੂਰਾਂ ਦਾ ਪ੍ਰਬੰਧ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਵਸਨੀਕਾਂ ਨੇ ਲਗਭਗ ਇੱਕ ਸਾਲ ਪਹਿਲਾਂ ਖੁਦ ਮਜ਼ਦੂਰਾਂ ਦਾ ਪ੍ਰਬੰਧ ਕਰਕੇ ਟੈਂਕੀ ਸਾਫ਼ ਕਰਵਾਈ ਸੀ, ਪਰ ਉਸ ਤੋਂ ਬਾਅਦ ਵੀ ਟੈਂਕੀ ਤੱਕ ਪਾਣੀ ਦੀ ਸਪਲਾਈ ਨਹੀਂ ਪਹੁੰਚੀ।
ਖੇੜਾ ਨੇ ਦੁਹਰਾਇਆ ਕਿ ਇਸ ਮਾਰਚ ਦਾ ਮਕਸਦ ਸਿੱਧੇ ਤੌਰ 'ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਾ ਅਤੇ ਪ੍ਰਸ਼ਾਸਨ 'ਤੇ ਉਨ੍ਹਾਂ 'ਤੇ ਕਾਰਵਾਈ ਕਰਨ ਲਈ ਦਬਾਅ ਬਣਾਉਣਾ ਹੈ।ਮਾਰਚ ਦੌਰਾਨ ਹਾਜ਼ਰ ਲੋਕਾਂ ਵਿੱਚ ਸ.ਹਰਬੰਸ ਸਿੰਘ ਸਿੱਧੂ, ਬਲਵਿੰਦਰ ਸਿੰਘ ਪਟਵਾਰੀ ਸ਼ਹਿਰੀ ਪ੍ਰਧਾਨ, ਹਰਸਿਮਰਨ ਸਿੰਘ ਬਿੰਨੀ, ਅਮਨ ਸ਼ਰਮਾ, ਮਿੰਟਾ ਖਰੜ, ਸੁਖਵਿੰਦਰ ਸਿੰਘ ਗੋਲਡੀ ਅਤੇ ਬਲਕਾਰ ਸਿੰਘ ਬੱਬੂ ਸ਼ਾਮਲ ਸਨ।