ਸੱਚੀ ਅਧਿਆਤਮਿਕਤਾ ਕੇਵਲ ਧਾਰਮਿਕ ਰਸਮਾਂ, ਪੂਜਾ-ਪਾਠ ਜਾਂ ਬਾਹਰੀ ਆਡੰਬਰਾਂ ਤੱਕ ਸੀਮਿਤ ਨਹੀਂ ਹੁੰਦੀ, ਸਗੋਂ ਆਤਮ-ਮੰਥਨ ਰਾਹੀਂ ਆਪਣੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣਾ ਹੀ ਅਸਲ ਅਧਿਆਤਮਿਕਤਾ ਹੈ। ਇਹ ਵਿਚਾਰ ਸ਼੍ਰੀ ਜਗਤਾਰ ਕੁਰੀਲ ਜੀ, ਪ੍ਰਚਾਰਕ ਚੰਡੀਗੜ੍ਹ ਨੇ ਸੰਤ ਨਿਰੰਕਾਰੀ ਸਤਸੰਗ ਭਵਨ, ਸੈਕਟਰ-45 ਵਿਖੇ ਆਯੋਜਿਤ ਇੰਗਲਿਸ਼ ਮੀਡੀਅਮ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ।
ਉਨ੍ਹਾਂ ਅੱਗੇ ਕਿਹਾ ਕਿ ਜੇ ਪਰਮਾਤਮਾ ਦਾ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਵੀ ਮਨੁੱਖ ਦੇ ਅੰਦਰ ਅਹੰਕਾਰ, ਭੇਦਭਾਵ, ਈਰਖਾ, ਨਿੰਦਾ ਅਤੇ ਹੋਰ ਵਿਕਾਰ ਬਣੇ ਰਹਿਣ, ਤਾਂ ਅਜਿਹੀ ਅਧਿਆਤਮਿਕਤਾ ਕੇਵਲ ਦਿਖਾਵਾ ਬਣ ਕੇ ਰਹਿ ਜਾਂਦੀ ਹੈ। ਅਸਲ ਅਧਿਆਤਮਿਕਤਾ ਉਹ ਹੈ ਜੋ ਮਨੁੱਖ ਦੇ ਵਿਚਾਰਾਂ, ਵਿਹਾਰ ਅਤੇ ਚਰਿੱਤਰ ਵਿੱਚ ਨਿਮਰਤਾ, ਪ੍ਰੇਮ, ਸਮਾਨਤਾ ਅਤੇ ਮਨੁੱਖਤਾ ਦੇ ਗੁਣ ਪੈਦਾ ਕਰੇ।
ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਸੱਚਮੁੱਚ ਅਧਿਆਤਮਿਕ ਜੀਵਨ ਜੀ ਰਿਹਾ ਹੈ ਜਾਂ ਕੇਵਲ ਧਾਰਮਿਕ ਹੋਣ ਦਾ ਦਾਅਵਾ ਕਰ ਰਿਹਾ ਹੈ। ਆਤਮ-ਮੰਥਨ ਉਹ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੀਆਂ ਕਮੀਆਂ ਨੂੰ ਪਛਾਣ ਕੇ ਉਨ੍ਹਾਂ ਨੂੰ ਦੂਰ ਕਰ ਸਕਦਾ ਹੈ।
ਜਦ ਤੱਕ ਜੀਵਨ ਵਿੱਚ ਵਿਹਾਰਕ ਪਰਿਵਰਤਨ ਨਹੀਂ ਆਉਂਦਾ, ਤਦ ਤੱਕ ਅਧਿਆਤਮਿਕਤਾ ਅਧੂਰੀ ਰਹਿੰਦੀ ਹੈ। ਸ਼੍ਰੀ ਕੁਰੀਲ ਜੀ ਨੇ ਕਿਹਾ ਕਿ ਵੱਖ-ਵੱਖ ਥਾਵਾਂ 'ਤੇ ਸਮਾਗਮ ਆਯੋਜਿਤ ਕਰਨ ਦਾ ਮਕਸਦ ਕੇਵਲ ਸਤਸੰਗ ਸੁਣਾਉਣਾ ਨਹੀਂ, ਸਗੋਂ ਹਰ ਮਨੁੱਖ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣਾ ਹੈ।
ਸੇਵਾ, ਸਿਮਰਨ ਅਤੇ ਸਤਸੰਗ ਤਦ ਹੀ ਸਾਰਥਕ ਹਨ ਜਦੋਂ ਇਨ੍ਹਾਂ ਦੇ ਪ੍ਰਭਾਵ ਨਾਲ ਮਨੁੱਖ ਦੇ ਅੰਦਰ ਨਿਮਰਤਾ, ਸਹਿਨਸ਼ੀਲਤਾ, ਪ੍ਰੇਮ ਅਤੇ ਨਿਸ਼ਕਾਮ ਸੇਵਾ ਦੀ ਭਾਵਨਾ ਵਿਕਸਿਤ ਹੋਵੇ। ਜੇ ਇਨ੍ਹਾਂ ਸਾਧਨਾਂ ਦੇ ਬਾਵਜੂਦ ਵੀ ਮਨੁੱਖ ਦੇ ਵਿਹਾਰ ਵਿੱਚ ਪਰਿਵਰਤਨ ਨਹੀਂ ਆਉਂਦਾ, ਤਾਂ ਉਸ ਨੂੰ ਦੁਬਾਰਾ ਆਤਮ-ਮੰਥਨ ਕਰਨ ਦੀ ਲੋੜ ਹੈ।
ਉਨ੍ਹਾਂ ਉਦਾਹਰਨਾਂ ਰਾਹੀਂ ਸਮਝਾਇਆ ਕਿ ਮਨੁੱਖ ਨੂੰ ਆਪਣੇ ਜੀਵਨ ਨੂੰ ਇੱਕ ਪੁਲ ਵਾਂਗ ਸਮਝਣਾ ਚਾਹੀਦਾ ਹੈ, ਜਿਸ 'ਤੇ ਸਥਾਈ ਨਿਵਾਸ ਨਹੀਂ ਬਣਾਇਆ ਜਾ ਸਕਦਾ। ਇਹ ਮਨੁੱਖਾ ਜੀਵਨ ਪਰਮਾਤਮਾ ਨਾਲ ਜੁੜ ਕੇ ਆਤਮਿਕ ਮੁਕਤੀ ਪ੍ਰਾਪਤ ਕਰਨ ਦਾ ਇੱਕ ਦੁਰਲੱਭ ਮੌਕਾ ਹੈ।
ਇਸ ਲਈ ਇਸ ਅਨਮੋਲ ਜੀਵਨ ਦਾ ਸਦਉਪਯੋਗ ਕਰਦਿਆਂ ਬ੍ਰਹਮ ਗਿਆਨ ਦੇ ਪ੍ਰਕਾਸ਼ ਵਿੱਚ ਅੱਗੇ ਵਧਣਾ ਹੀ ਜੀਵਨ ਦੀ ਅਸਲ ਸਫਲਤਾ ਹੈ। ਸਮਾਗਮ ਵਿੱਚ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਪ੍ਰੇਰਣਾਦਾਇਕ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਉਦੇਸ਼ ਕੇਵਲ ਮਨੋਰੰਜਨ ਨਹੀਂ, ਸਗੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਦਿਵਯ ਸੰਦੇਸ਼ ਨੂੰ ਹਰ ਇਕ ਤੱਕ ਪਹੁੰਚਾਉਣਾ ਹੈ।
ਹਰ ਸੰਤ-ਮਹਾਤਮਾ ਆਪਣੇ ਉੱਤਮ ਆਚਰਨ ਅਤੇ ਉੱਚ ਜੀਵਨ-ਮੁੱਲਾਂ ਰਾਹੀਂ ਮਿਸ਼ਨ ਦਾ ਸੱਚਾ ਪ੍ਰਚਾਰਕ ਬਣ ਸਕਦਾ ਹੈ। ਉਨ੍ਹਾਂ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਆਤਮ-ਮੰਥਨ ਰਾਹੀਂ ਆਪਣੇ ਜੀਵਨ ਵਿੱਚ ਆਤਮਿਕ ਪਰਿਵਰਤਨ ਲਿਆ ਕੇ ਪ੍ਰੇਮ, ਭਾਈਚਾਰੇ, ਸਮਾਨਤਾ ਅਤੇ ਮਨੁੱਖਤਾ ਦੀ ਸੇਵਾ ਦੇ ਸੰਦੇਸ਼ ਨੂੰ ਸਮਾਜ ਵਿੱਚ ਫੈਲਾਉਣ।
ਇਸ ਤੋਂ ਪਹਿਲਾਂ ਇੱਥੋਂ ਦੇ ਮੁਖੀ ਸ਼੍ਰੀ ਐਨ. ਕੇ. ਗੁਪਤਾ ਜੀ ਨੇ ਜ਼ੋਨਲ ਇੰਚਾਰਜ, ਸੰਯੋਜਕ, ਮੁਖੀਆਂ ਅਤੇ ਸ਼੍ਰੀ ਕੁਰੀਲ ਜੀ ਦਾ ਸਵਾਗਤ ਕਰਦਿਆਂ ਧੰਨਵਾਦ ਪ੍ਰਗਟ ਕੀਤਾ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ ਅਤੇ ਸਭ ਨੇ ਸਤਿਗੁਰੂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੰਕਲਪ ਲਿਆ।