ਉੱਚ ਸਿੱਖਿਆ ਨੂੰ ਨਵੇਂ ਆਯਾਮ ਦੇਣ ਅਤੇ ਵਿਦਿਆਰਥੀਆਂ ਨੂੰ ਕਲਾਸਰੂਮ ਗਿਆਨ ਦੇ ਨਾਲ-ਨਾਲ ਵਿਹਾਰਕ, ਪੇਸ਼ੇਵਰ ਅਤੇ ਸਮਾਜਿਕ ਤੌਰ ‘ਤੇ ਸਮਰੱਥ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਭਾਟੀਆ ਨਿਊਰੋਸਾਈਕਿਆਟ੍ਰਿਕ ਹਸਪਤਾਲ ਐਂਡ ਡੀ-ਐਡੀਕਸ਼ਨ ਸੈਂਟਰ, ਅੰਮ੍ਰਿਤਸਰ ਨਾਲ ਇੱਕ ਸਮਝੌਤਾ ਪੱਤਰ ‘ਤੇ ਹਸਤਾਖ਼ਰ ਕੀਤੇ। ਇਹ ਸਮਝੌਤਾ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਉਚੇਰੀ ਸਿਖਿਆ ਦੀ ਉਨਤੀ ਲਈ ਦੂਰਦਰਸ਼ੀ ਸੋਚ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਨੀਤੀ ਦਾ ਪ੍ਰਤੀਕ ਹੈ।
ਇਸ ਸਮਝੌਤੇ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਚ.ਐਸ. ਸੈਣੀ, ਰਜਿਸਟਰਾਰ ਪ੍ਰੋ. ਕੇ.ਐਸ. ਚਾਹਲ, ਡੀਨ ਵਿਦਿਆਰਥੀ ਭਲਾਈ ਪ੍ਰੋ. ਸਤਨਾਮ ਸਿੰਘ ਦਿਓਲ, ਪ੍ਰੋ. ਵਸੁਧਾ ਸੰਬਿਆਲ, ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ, ਮਨੋਵਿਗਿਆਨ ਵਿਭਾਗ ਦੇ ਮੁਖੀ ਪ੍ਰੋ. ਰੂਪਨ ਢਿੱਲੋਂ ਅਤੇ ਭਾਟੀਆ ਨਿਊਰੋਸਾਈਕਿਆਟ੍ਰਿਕ ਹਸਪਤਾਲ ਦੇ ਡਾਇਰੈਕਟਰ, ਪ੍ਰੋ. ਜੇ.ਪੀ.ਐਸ. ਭਾਟੀਆ ਵੀ ਹਾਜ਼ਰ ਸਨ। ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸਮਝੌਤੇ ਅਧੀਨ ਬੈਚਲਰ ਇਨ ਸਾਈਕੋਲੋਜੀ ਪ੍ਰੋਗਰਾਮ ਦੇ ਵਿਦਿਆਰਥੀ ਯੋਗ ਮਨੋਚਿਕਿਤਸਕਾਂ ਅਤੇ ਮਨੋਵਿਗਿਆਨੀਆਂ ਦੀ ਦੇਖ-ਰੇਖ ਹੇਠ ਕਲੀਨਿਕਲ ਅਤੇ ਪ੍ਰਯੋਗਾਤਮਕ ਸਿਖਲਾਈ ਪ੍ਰਾਪਤ ਕਰਨਗੇ।
ਵਿਦਿਆਰਥੀਆਂ ਨੂੰ ਮਨੋਵਿਗਿਆਨਕ ਮੁਲਾਂਕਣ, ਕਾਉਂਸਲਿੰਗ ਸਹਾਇਤਾ, ਕੇਸ ਅਧਿਐਨ, ਕੇਸ ਵਿਸ਼ਲੇਸ਼ਣ, ਮਨੋ-ਸਿੱਖਿਆ, ਦਸਤਾਵੇਜ਼ੀਕਰਨ ਅਤੇ ਮਾਨਸਿਕ ਸਿਹਤ ਸੇਵਾਵਾਂ ਨਾਲ ਜੁੜੇ ਵੱਖ-ਵੱਖ ਪੱਖਾਂ ਬਾਰੇ ਸਿੱਧਾ ਅਨੁਭਵ ਮਿਲੇਗਾ। ਉਨ੍ਹਾਂ ਦੱਸਿਆ ਕਿ ਬੈਚਲਰ ਇਨ ਸਾਈਕੋਲੋਜੀ ਦੇ ਪਹਿਲੇ ਬੈਚ (2026–2030) ਦੇ ਵਿਦਿਆਰਥੀ ਸੱਤਵੇਂ ਅਤੇ ਅੱਠਵੇਂ ਸਮੈਸਟਰ ਦੌਰਾਨ ਲਾਜ਼ਮੀ ਇੰਟਰਨਸ਼ਿਪ ਅਤੇ ਪ੍ਰਯੋਗਾਤਮਕ ਸਿਖਲਾਈ ਪ੍ਰਾਪਤ ਕਰਨਗੇ।
ਇਹ ਸਿਖਲਾਈ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ ਅਤੇ ਯੂਨੀਵਰਸਿਟੀ ਤੇ ਹਸਪਤਾਲ ਵੱਲੋਂ ਆਪਸੀ ਸਹਿਮਤੀ ਨਾਲ ਤੈਅ ਕੀਤੇ ਸਮਾਂ-ਸਾਰਣੀ ਅਨੁਸਾਰ ਕਰਵਾਈ ਜਾਵੇਗੀ। ਪ੍ਰੋ. ਹਰਵਿੰਦਰ ਸਿੰਘ ਸੈਣੀ ਨੇ ਇਸ ਸਾਂਝ ਨੂੰ ਮਨੋਵਿਗਿਆਨ ਦੀ ਪੇਸ਼ੇਵਰ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਸਾਂਝਾਂ ਕਲਾਸਰੂਮ ਸਿੱਖਿਆ ਅਤੇ ਅਸਲ ਜੀਵਨ ਦੀ ਪੇਸ਼ੇਵਰ ਪ੍ਰਕਿਰਿਆ ਵਿਚਕਾਰ ਪੁਲ ਦਾ ਕੰਮ ਕਰਦੀਆਂ ਹਨ।
ਡਾ. ਰੂਪਨ ਢਿੱਲੋਂ ਨੇ ਕਿਹਾ ਕਿ ਇਹ ਸਮਝੌਤਾ ਵਿਦਿਆਰਥੀਆਂ ਲਈ ਭਵਿੱਖ ਦੇ ਮਾਨਸਿਕ ਸਿਹਤ ਪੇਸ਼ੇਵਰ ਤਿਆਰ ਕਰਨ ਵਿੱਚ ਸਹਾਇਕ ਸਾਬਤ ਹੋਵੇਗਾ। ਡਾ. ਜੇ.ਪੀ.ਐਸ. ਭਾਟੀਆ ਨੇ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਸਾਂਝ ਹੈ ਜੋ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਨਾਲ ਪੂਰੀ ਹੋਈ ਹੈ।
ਉਨ੍ਹਾਂ ਵਿਸ਼ਵਾਸ ਜਤਾਇਆ ਕਿ ਇਹ ਸਹਿਯੋਗ ਦੋਵਾਂ ਸੰਸਥਾਵਾਂ ਲਈ ਲਾਭਕਾਰੀ ਸਾਬਤ ਹੋਣ ਦੇ ਨਾਲ-ਨਾਲ ਪੰਜਾਬ ਵਿੱਚ ਮਾਨਸਿਕ ਸਿਹਤ ਜਾਗਰੂਕਤਾ, ਸਿਖਲਾਈ ਅਤੇ ਸੇਵਾਵਾਂ ਨੂੰ ਨਵੀਂ ਮਜ਼ਬੂਤੀ ਦੇਵੇਗਾ। ਪੰਜ ਸਾਲ ਲਈ ਲਾਗੂ ਰਹਿਣ ਵਾਲਾ ਇਹ ਸਮਝੌਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਉਸ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਾ ਹੈ, ਜਿਸ ਤਹਿਤ ਯੂਨੀਵਰਸਿਟੀ ਉੱਚ ਸਿੱਖਿਆ ਨੂੰ ਨਵੀਨਤਾ, ਪੇਸ਼ੇਵਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਦਿਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨਸ਼ੀਲ ਹੈ।