ਭਾਰਤ ਨੂੰ ਪੋਲੀਓ ਮੁਕਤ ਰੱਖਣ ਦੇ ਉਦੇਸ਼ ਨਾਲ 28, 29 ਅਤੇ 30 ਜੂਨ 2026 ਨੂੰ ਹੋਣ ਵਾਲੀ ਪਲੱਸ ਪੋਲੀਓ ਮੁਹਿੰਮ ਦੀਆਂ ਤਿਆਰੀਆਂ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮਹੱਤਵਪੂਰਨ ਮੀਟਿੰਗ। ਡਿਪਟੀ ਕਮਿਸ਼ਨਰ ਫਰੀਦਕੋਟ ਸ਼੍ਰੀ ਰਾਹੁਲ ਚਾਬਾ, ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹੁਸਨਪਾਲ ਸਿੰਘ ਸਿੱਧੂ ਨੇ ਪਲੱਸ ਪੋਲੀਓ ਮੁਹਿੰਮ ਸਬੰਧੀ ਵਿਸਥਾਰਪੂਰਵਕ ਦੱਸਦਿਆਂ ਜ਼ਿਲ੍ਹੇ ਵਿੱਚ ਕੀਤੀਆਂ ਜਾ ਰਹੀਆਂ ਤਿਆਰੀਆਂ, ਟੀਮਾਂ ਦੀ ਤਾਇਨਾਤੀ, ਉੱਚ ਜੋਖਮ ਵਾਲੇ ਖੇਤਰਾਂ ਦੀ ਕਵਰੇਜ ਅਤੇ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਪੰਜ ਬਲਾਕਾਂ ਬਾਜਾਖਾਨਾ, ਜੈਤੋ, ਕੋਟਕਪੂਰਾ, ਫਰੀਦਕੋਟ ਅਤੇ ਜੰਡ ਸਾਹਿਬ ਦੀ ਕੁੱਲ ਅਨੁਮਾਨਿਤ ਆਬਾਦੀ 6,20,617 ਹੈ, ਜਿੱਥੇ 0 ਤੋਂ 5 ਸਾਲ ਉਮਰ ਵਰਗ ਦੇ 56,313 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੁਹਿੰਮ ਦੀ ਸਫਲਤਾ ਲਈ ਜ਼ਿਲ੍ਹੇ ਵਿੱਚ 330 ਬੂਥ, 555 ਹਾਊਸ-ਟੂ-ਹਾਊਸ ਟੀਮਾਂ, 11 ਮੋਬਾਈਲ ਟੀਮਾਂ ਅਤੇ 17 ਟਰਾਂਜ਼ਿਟ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 111 ਏ.ਐਨ.ਐਮਜ਼, 450 ਆਸ਼ਾ ਵਰਕਰਜ਼, 165 ਆਂਗਣਵਾੜੀ ਵਰਕਰਜ਼, 467 ਹੋਰ ਕਰਮਚਾਰੀ, 61 ਸੁਪਰਵਾਈਜ਼ਰ ਅਤੇ 1,242 ਵੈਕਸੀਨੇਟਰ ਮੁਹਿੰਮ ਵਿੱਚ ਆਪਣੀਆਂ ਸੇਵਾਵਾਂ ਨਿਭਾਉਣਗੇ।
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਉੱਚ ਜੋਖਮ ਵਾਲੇ ਖੇਤਰਾਂ (High Risk Areas) ਵਿੱਚ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਨ੍ਹਾਂ ਖੇਤਰਾਂ ਵਿੱਚ 235 ਸਲੱਮ ਇਲਾਕੇ, 3 ਟੱਪਰੀਵਾਸ ਬਸਤੀਆਂ, 75 ਇੱਟਾਂ ਦੇ ਭੱਠੇ ਅਤੇ 371 ਹੋਰ ਉੱਚ ਜੋਖਮ ਵਾਲੇ ਸਥਾਨ ਸ਼ਾਮਲ ਹਨ, ਜਿੱਥੇ ਬੱਚਿਆਂ ਦੀ 100 ਫੀਸਦੀ ਕਵਰੇਜ ਯਕੀਨੀ ਬਣਾਉਣ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਸ਼੍ਰੀ ਰਾਹੁਲ ਚਾਬਾ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਪਲੱਸ ਪੋਲੀਓ ਮੁਹਿੰਮ ਨੂੰ ਪੂਰੀ ਸਫਲਤਾ ਨਾਲ ਨੇਪਰੇ ਚਾੜ੍ਹਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੋਲੀਓ ਵਰਗੀ ਗੰਭੀਰ ਬਿਮਾਰੀ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਹਰ ਯੋਗ ਬੱਚੇ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ ਅਤੇ ਇਸ ਕਾਰਜ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਲੱਸ ਪੋਲੀਓ ਮੁਹਿੰਮ ਦੌਰਾਨ ਆਪਣੇ 0 ਤੋਂ 5 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਜ਼ਰੂਰ ਪਿਲਾਉਣ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਬੱਚਾ ਇਸ ਮੁਹਿੰਮ ਤੋਂ ਵਾਂਝਾ ਨਾ ਰਹੇ। ਮੀਟਿੰਗ ਵਿੱਚ ਸਿਹਤ ਵਿਭਾਗ, ਸਿੱਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਪੁਲਿਸ ਵਿਭਾਗ, ਪੰਚਾਇਤੀ ਰਾਜ ਸੰਸਥਾਵਾਂ, ਨਗਰ ਕੌਂਸਲਾਂ, ਆਵਾਜਾਈ ਵਿਭਾਗ, ਖੁਰਾਕ ਅਤੇ ਸਪਲਾਈ ਵਿਭਾਗ, ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਰੈੱਡ ਕਰਾਸ, ਆਈਐਮਏ ਫਰੀਦਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਆਪਣੇ ਵਿਭਾਗਾਂ ਵੱਲੋਂ ਮੁਹਿੰਮ ਦੀ ਸਫਲਤਾ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਸਿਹਤ ਵਿਭਾਗ ਫਰੀਦਕੋਟ ਤੋਂ ਸੀਨੀਅਰ ਮੈਡੀਕਲ ਅਫਸਰ ਜੰਡ ਸਾਹਿਬ ਅਰਸ਼ਦੀਪ ਸਿੰਘ ਬਰਾੜ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾ. ਮਨਜੀਤ ਕ੍ਰਿਸ਼ਨ ਭੱਲਾ, ਡਾ. ਗੀਤਿਕਾ ਧਵਨ ਐਚਐਮਓ ਜੈਤੋ, ਮਾਸ ਮੀਡੀਆ ਟੀਮ ਤੋਂ ਡਿਪਟੀ ਮਾਸ ਮੀਡੀਆ ਅਫ਼ਸਰ ਸੁਧੀਰ ਕੁਮਾਰ ਧੀਰ, ਲਖਵਿੰਦਰ ਸਿੰਘ ਕੈਂਥ, ਡਾ. ਪ੍ਰਭਦੀਪ ਸਿੰਘ ਚਾਵਲਾ, ਫਲੈਗ ਚਾਵਲਾ ਬਲਾਕ ਐਜੂਕੇਟਰ ਬਲਾਕ ਬਾਜਾਖਾਨਾ , ਰਜਿੰਦਰ ਕੁਮਾਰ ਬਲਾਕ ਐਜੂਕੇਟਰ ਬਲਾਕ ਜੰਡ ਸਾਹਿਬ, ਇਕਬਾਲ ਸਿੰਘ ਅਕਾਊਂਟੈਂਟ ਜੰਡ ਸਾਹਿਬ ਵੀ ਹਾਜ਼ਰ ਸਨ।