ਡਾ. ਰਵਜੋਤ ਗਰੇਵਾਲ, ਐਸ.ਐਸ.ਪੀ ਸੰਗਰੂਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਸੰਗਰੂਰ ਅਤੇ ਸਿਟੀ ਸੰਗਰੂਰ ਦੇ ਏਰੀਆ ਵਿੱਚ ਲੁੱਟ-ਖੋਹ/ਚੋਰੀ ਦੀ ਵਾਰਦਾਤ ਟਰੇਸ ਕਰਕੇ 02 ਮੁਲਜ਼ਮਾਂ ਨੂੰ ਕਾਬੂ ਕਰਕੇ, ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤੀ ਜ਼ੈੱਨ ਕਾਰ, ਖੋਹ ਕੀਤੇ 02 ਮੋਬਾਈਲ ਫੋਨ ਅਤੇ ਸਕੂਟਰੀ ਬ੍ਰਾਮਦ ਕਰਾਈ ਗਈ।
ਡਾ. ਰਵਜੋਤ ਗਰੇਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 27.05.2026 ਨੂੰ ਰਾਜ ਕੁਮਾਰ ਪੁੱਤਰ ਮੱਘਰ ਚੰਦ ਵਾਸੀ ਕ੍ਰਿਸ਼ਨਾ ਬਸਤੀ ਪਟਿਆਲਾ ਨੇ ਇਤਲਾਹ ਦਿੱਤੀ ਕਿ ਉਹ ਸਵੇਰੇ ਸਾਈਕਲ 'ਤੇ ਸੰਗਰੂਰ ਤੋਂ ਪਿੰਡ ਘਾਬਦਾ ਵੱਲ ਜਾ ਰਿਹਾ ਸੀ ਤਾਂ ਵਕਤ ਕਰੀਬ 05:00 ਵਜੇ ਸਵੇਰੇ ਸੰਗਰੂਰ ਵਾਲੇ ਪਾਸੇ ਤੋਂ ਇੱਕ ਜ਼ੈੱਨ ਕਾਰ ਰੰਗ ਚਿੱਟਾ ਆਈ, ਜਿਸ ਵਿੱਚੋਂ ਇੱਕ ਨੌਜਵਾਨ ਉਤਰਿਆ, ਜਿਸ ਦਾ ਮੂੰਹ ਬੰਨਿਆ ਹੋਇਆ ਸੀ, ਨੇ ਰਾਜ ਕੁਮਾਰ ਨੂੰ ਘੇਰ ਕੇ ਉਸ ਪਾਸੋਂ ਮੋਬਾਈਲ ਫੋਨ IPHONE 15 PRO MAX ਖੋਹ ਲਿਆ ਤੇ ਭੱਜ ਗਏ।
ਰਾਜ ਕੁਮਾਰ ਦੇ ਬਿਆਨ ਤੇ ਮੁਕੱਦਮਾ 85 ਮਿਤੀ 27.05.2026 ਅ/ਧ 304(2) BNS ਥਾਣਾ ਸਦਰ ਸੰਗਰੂਰ ਬਰਖਿਲਾਫ ਨਾਮਲੂਮ ਮੁਲਜ਼ਮਾਂ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਮੁਕੱਦਮੇ ਨੂੰ ਟਰੇਸ ਕਰਨ ਲਈ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਨਿਗਰਾਨੀ ਹੇਠ ਦਲਬੀਰ ਸਿੰਘ ਸਿੱਧੂ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਸੰਗਰੂਰ ਦੀ ਅਗਵਾਈ ਹੇਠ ਥਾਣੇਦਾਰ ਅਵਤਾਰ ਸਿੰਘ, ਮੁੱਖ ਅਫਸਰ ਥਾਣਾ ਸਦਰ ਸੰਗਰੂਰ ਦੀਆਂ ਟੀਮਾਂ ਬਣਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਦੌਰਾਨੇ ਤਫਤੀਸ਼ ਮਿਤੀ 27.05.2026 ਨੂੰ 12 ਘੰਟਿਆਂ ਦੇ ਅੰਦਰ ਮੁਲਜ਼ਮ ਹਰਮਨਪ੍ਰੀਤ ਸਿੰਘ ਪੁੱਤਰ ਵਾਸੀ ਖੁਰਾਣਾ ਤੇ ਪ੍ਰਭਜੋਤ ਸਿੰਘ ਵਾਸੀ ਅਕਬਰਪੁਰ ਨਾਮਜ਼ਦ ਕਰਕੇ ਕਾਬੂ ਕਰਕੇ ਉਨ੍ਹਾਂ ਪਾਸੋਂ ਵਾਰਦਾਤ ਸਮੇਂ ਵਰਤੀ ਕਾਰ ਅਤੇ ਖੋਹ ਕੀਤਾ IPHONE 15 PRO MAX ਤੇ ਫੋਨ ਮਾਰਕਾ ਵੀਵੋ, ਐਕਟਿਵਾ ਸਕੂਟਰੀ ਨੰਬਰ DL-12SE-1445 ਬ੍ਰਾਮਦ ਕਰਾਏ ਗਏ। ਡੂੰਘਾਈ ਨਾਲ ਪੁੱਛ-ਗਿੱਛ ਕਰਨ ਤੇ ਇਹ ਗੱਲ ਸਾਹਮਣੇ ਆਈ ਕਿ ਉਕਤ ਵਾਰਦਾਤ ਤੋਂ ਪਹਿਲਾਂ ਉਨ੍ਹਾਂ ਨੇ ਮਿਤੀ 27.05.2026 ਨੂੰ ਹੀ ਉਕਤ ZEN ਕਾਰ ਵਿੱਚ ਨੇੜੇ, ਮਹਿਲ ਮੁਬਾਰਕ ਗੁਰਦੁਆਰਾ ਸਾਹਿਬ, ਸੰਗਰੂਰ ਤੋਂ ਤੇਜਿੰਦਰ ਸਿੰਘ ਭੁੱਲਰ ਵਾਸੀ ਸੰਗਰੂਰ ਦੀ ਕੁੱਟ ਮਾਰ ਕਰਕੇ ਉਸ ਪਾਸੋਂ ਸਕੂਟਰੀ ਖੋਹ ਕੀਤੀ ਸੀ।
ਜਿਸ ਸਬੰਧੀ ਮੁਕੱਦਮਾ ਨੰਬਰ 92 ਮਿਤੀ 27.05.2026 ਅ/ਧ 307,126(2),115(2),3(5) BNS ਥਾਣਾ ਸਿਟੀ ਸੰਗਰੂਰ ਬਰਖਿਲਾਫ ਨਾਮਲੂਮ ਵਿਅਕਤੀਆਨ ਰਜਿਸਟਰ ਕੀਤਾ ਗਿਆ। ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਨੇ ਵਾਰਦਾਤ ਸਮੇਂ ਵਰਤੀ ਕਾਰ ਸਿਸ਼ੂ ਸਕੂਲ ਸੰਗਰੂਰ ਪਾਸੋਂ ਚੋਰੀ ਕੀਤੀ ਸੀ। ਮੁਲਜ਼ਮਾਂ ਪਾਸੋਂ ਪੁੱਛ-ਗਿੱਛ ਜਾਰੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।