ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿਚ ਸਥਾਨ ਬਣਾਉਣ ਵਾਲੇ 9 ਵਿਦਿਆਰਥੀਆਂ ਅਤੇ ਦਸਵੀਂ ਦੇ ਮੈਰਿਟ ਵਾਲੇ 2 ਵਿਦਿਆਰਥੀਆਂ ਦਾ ਸਨਮਾਨ ਕੀਤਾ। ਓਹਨਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਾਰ੍ਹਵੀਂ ਵਿੱਚ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ ਅਤੇ ਇਹ ਵਿਦਿਆਰਥੀ ਸਿਰਫ ਅਕਾਦਮਿਕ ਖੇਤਰ ਵਿਚ ਹੀ ਨਹੀਂ, ਬਲਕਿ ਖੇਡ ਤੇ ਹੋਰ ਗਤੀਵਿਧੀਆਂ ਵਿਚ ਵੀ ਅੱਗੇ ਹਨ।
ਬਾਰ੍ਹਵੀਂ ਵਿਚੋਂ ਜ਼ਿਲ੍ਹੇ ਵਿਚੋਂ ਪਹਿਲੇ ਸਥਾਨ ਅਤੇ ਮੈਰਿਟ ਵਿਚ 5ਵਾਂ ਰੈਂਕ ਹਾਸਲ ਕਰਨ ਵਾਲੀ ਨਿਸ਼ਾ ਰਾਣੀ ਸੂਬਾ ਪੱਧਰ ਦੀ ਨੈੱਟਬਾਲ ਦੀ ਖਿਡਾਰਨ ਹੈ। ਇਸੇ ਤਰ੍ਹਾਂ ਭਦੌੜ ਸਕੂਲ ਦੀ ਰਿਪਨਦੀਪ ਕੌਰ ਨੇ ਕੌਮੀ ਪੱਧਰ 'ਤੇ ਪੇਂਟਿੰਗ ਵਿਚ ਨਾਮ ਚਮਕਾਇਆ ਤੇ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਨਿਸ਼ੂ ਗਾਇਕੀ ਵਿਚ ਅੱਗੇ ਵਧ ਰਹੀ ਹੈ।
ਫਰਵਾਹੀ ਸਕੂਲ ਦੀ ਸੋਨੀਆ ਦੇ ਪਿਤਾ ਰਾਜ ਮਿਸਤਰੀ ਹਨ ਅਤੇ ਆਮ ਘਰ ਨਾਲ ਸਬੰਧਤ ਹੋਣ ਦੇ ਬਾਵਜੂਦ ਆਪਣੀ ਮਿਹਨਤ ਸਦਕਾ ਸਾਇੰਸ ਗਰੁੱਪ ਵਿਚ ਮੱਲਾਂ ਮਾਰੀਆਂ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਬੱਚਿਆਂ ਦੇ ਰੂ ਬ ਰੂ ਹੋਏ ਅਤੇ ਸੁਨਹਿਰੇ ਭਵਿਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਓਹਨਾਂ ਸਕੂਲ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਓਹਨਾਂ ਬਾਰ੍ਹਵੀਂ ਵਿੱਚ ਮੈਰਿਟ ਸੂਚੀ ਸਥਾਨ ਬਣਾਉਣ ਵਾਲੇ ਬੱਚਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀ ਵਿਦਿਆਰਥਣ ਨਿਸ਼ਾ ਰਾਣੀ ਪੁੱਤਰੀ ਜਸਵੀਰ ਸਿੰਘ ਅਤੇ ਸੁਮਨਪ੍ਰੀਤ ਕੌਰ ( 500 ਵਿੱਚੋਂ 496 ਅੰਕ (99.20%) ਹਾਸਲ ਕਰਕੇ ਸੂਬੇ ਵਿੱਚੋਂ 5ਵਾਂ ਸਥਾਨ ਹਾਸਲ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਸ਼ਹਿਣਾ ਦੀ ਵਿਦਿਆਰਥਣ ਤਨਵੀਰ ਕੌਰ ਪੁੱਤਰੀ ਕਰਮਜੀਤ ਸਿੰਘ ਅਤੇ ਪਰਮਜੀਤ ਕੌਰ, ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਦੇ ਦਿਵਿਆਜੋਤ ਸਿੰਘ ਕਲੇਰ ਪੁੱਤਰ ਚਮਕੌਰ ਸਿੰਘ ਅਤੇ ਇੰਦੂ ਸਿਮਕ ( 491-491 ਅੰਕ (98.20% ) ਨਾਲ 10ਵਾਂ ਸਥਾਨ ਹਾਸਲ ਕੀਤਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਰਾਘਵ ਕੌਸ਼ਲ ਪੁੱਤਰ ਰਾਕੇਸ਼ ਕੁਮਾਰ ਅਤੇ ਰਮਨਦੀਪ ਕੌਰ (488 ਅੰਕ (97.60%) ਨੇ 13ਵਾਂ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸ਼ਹਿਣਾ ਦੀ ਜਸਮੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਅਤੇ ਪਰਦੀਪ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੀ ਮਹਿਕਪ੍ਰੀਤ ਕੌਰ ਪੁੱਤਰੀ ਗੁਰਤੇਜ ਸਿੰਘ ਆਈ ਪਰਮਜੀਤ ਕੌਰ ( 486-486 ਅੰਕ (97.20%) ਲੈ ਕੇ 15ਵਾਂ ਸਥਾਨ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਦੌੜ ਦੀਆਂ ਨਿਸ਼ੂ ਪੁੱਤਰੀ ਮੇਜਰ ਖਾਨ ਅਤੇ ਸਿਮਰਜੀਤ ਕੌਰ ਅਤੇ ਰਿਪਨਪ੍ਰੀਤ ਕੌਰ ਪੁੱਤਰੀ ਗੁਰਜੰਟ ਸਿੰਘ ਅਤੇ ਪੁਸ਼ਪਿੰਦਰ ਕੌਰ (ਦੋਵੇਂ 485-485 (97 ਫੀਸਦੀ) ਅੰਕ ਨਾਲ 16ਵੇਂ ਨੰਬਰ ’ਤੇ ਰਹੀਆਂ) ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੀ ਸੋਨੀਆ ਕੌਰ ਪੁੱਤਰੀ ਜਗਸੀਰ ਸਿੰਘ ਅਤੇ ਵੀਰਪਾਲ ਕੌਰ (484 ਅੰਕ (96.80%) ਰੈਂਕ 16ਵਾਂ) ਦਾ ਸਨਮਾਨ ਕੀਤਾ।
ਇਸ ਤੋਂ ਇਲਾਵਾ 10ਵੀਂ ਦੀ ਮੈਰਿਟ ਸੂਚੀ ਵਿਚ ਆਉਣ ਵਾਲੀ ਸਕੂਲ ਆਫ ਐਮੀਨੈਂਸ ਬਰਨਾਲਾ ਦੀ ਵਿਦਿਆਰਥਣ ਅੰਜਲੀ ਪੁੱਤਰੀ ਰਾਜਪਾਲ ਸਿੰਘ (97.38% ਅੰਕ,12ਵਾਂ ਰੈਂਕ) ਅਤੇ ਸਰਵਹਿੱਤਕਾਰੀ ਬਰਨਾਲਾ ਦੀ ਨੀਤਿਕਾ ਪੁੱਤਰੀ ਪ੍ਰਮੋਦ ਕੁਮਾਰ (96.61 ਫੀਸਦੀ, ਰੈਂਕ 15ਵਾਂ) ਦਾ ਸਨਮਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਨੀਤਇੰਦਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਨੇ ਸਕੂਲ ਮੁਖੀ ਸੁਖਪੁਰਾ ਰਾਕੇਸ਼ ਕੁਮਾਰ, ਸਕੂਲ ਇੰਚਾਰਜ ਮੌੜਾ ਪ੍ਰਵੀਨ ਕੁਮਾਰੀ, ਪ੍ਰਿੰਸੀਪਲ ਰਾਜੇਸ਼ ਕੁਮਾਰ, ਪ੍ਰਿੰਸੀਪਲ ਵਸੁੰਧਰਾ ਕਪਿਲਾ ਭਦੌੜ (ਲੜਕੀਆਂ), ਪ੍ਰਿੰਸੀਪਲ ਨਿਦਾ ਅਲਤਾਫ਼ ਪੀ ਐਮ ਸ਼੍ਰੀ ਫਰਵਾਹੀ, ਪ੍ਰਿੰਸੀਪਲ ਵਿਨਸੀ ਜਿੰਦਲ ਬਰਨਾਲਾ (ਕੰਨਿਆ), ਸਕੂਲ ਮੁਖੀ ਸ਼ਹਿਣਾ (ਕੰਨਿਆ) ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਅਤੇ ਓਹਨਾਂ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਦਿੱਤੀ।
ਇਸ ਮੌਕੇ ਡੀਆਰਸੀ ਕਮਲਦੀਪ, ਡੀਐਸਐਮ ਕੁਲਦੀਪ ਸਿੰਘ ਕਮਲ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਅਕਾਦਮਿਕ ਸੁਪੋਰਟ ਗਰੁੱਪ ਦੇ ਮੈਂਬਰ ਵੀ ਮੌਜੂਦ ਸਨ।