ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੋਹਾਲੀ ਹਲਕੇ ਦੇ ਉਹਨਾਂ ਪਿੰਡਾਂ ਵਿੱਚ ਸੀਵਰੇਜ ਪ੍ਰਬੰਧ ਅਤੇ ਸੀਵਰ ਟ੍ਰੀਟਮੈਂਟ ਪਲਾਂਟ ਬਣਾਉਣ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਦੀ ਵੱਡੀ ਪੱਧਰ ’ਤੇ ਜ਼ਮੀਨ ਗਮਾਡਾ ਵੱਲੋਂ ਅਕਵਾਇਰ ਕੀਤੀ ਜਾ ਚੁੱਕੀ ਹੈ। ਡਿਪਟੀ ਮੇਅਰ ਨੇ ਆਪਣੇ ਪੱਤਰ ਵਿੱਚ ਦਰਸਾਇਆ ਕਿ ਮੋਹਾਲੀ ਇਲਾਕੇ ਦੇ ਕਈ ਪਿੰਡ ਜਿਵੇਂ ਸੰਭਾਲਕੀ, ਨਾਨੋਮਾਜਰਾ, ਮੌਲੀ ਬੈਦਵਾਨ, ਚਿੱਲਾ, ਰੁੜਕਾ, ਲਾਂਡਰਾਂ, ਚੱਪੜਚਿੜੀ ਖੁਰਦ, ਚੱਪੜਚਿੜੀ ਕਲਾਂ, ਲਖਨੌਰ ਅਤੇ ਬਰਿਆਲੀ ਸਮੇਤ ਕਰੀਬ ਇੱਕ ਦਰਜਨ ਪਿੰਡ ਹੁਣ ਮੋਹਾਲੀ ਨਗਰ ਨਿਗਮ ਦੇ ਅਧੀਨ ਆ ਚੁੱਕੇ ਹਨ।
ਇਸ ਦੇ ਨਾਲ ਲੱਗਦੇ ਪਿੰਡ ਸਿਆਊ, ਪੱਤੋ ਅਤੇ ਸਫੀਪੁਰ ਆਦਿ ਦੀ ਵੀ ਵੱਡੀ ਮਾਤਰਾ ਵਿੱਚ ਜ਼ਮੀਨ ਗਮਾਡਾ ਵੱਲੋਂ ਵਿਕਾਸ ਲਈ ਅਕਵਾਇਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਨਿਕਾਸੀ ਅਤੇ ਸੀਵਰੇਜ ਪ੍ਰਣਾਲੀ ਦੀ ਹੈ।
ਮੌਜੂਦਾ ਸਮੇਂ ਨਾ ਤਾਂ ਢੰਗ ਦੀ ਸੀਵਰ ਲਾਈਨ ਮੌਜੂਦ ਹੈ ਅਤੇ ਨਾ ਹੀ ਕੋਈ ਸੀਵਰ ਟ੍ਰੀਟਮੈਂਟ ਪਲਾਂਟ ਬਣਾਇਆ ਗਿਆ ਹੈ। ਇਸ ਕਾਰਨ ਗੰਦਾ ਪਾਣੀ ਖੇਤਾਂ ਅਤੇ ਖੁੱਲ੍ਹੀਆਂ ਥਾਵਾਂ ਵਿੱਚ ਛੱਡਿਆ ਜਾ ਰਿਹਾ ਹੈ, ਜਿਸ ਨਾਲ ਵਾਤਾਵਰਣ ਪ੍ਰਦੂਸ਼ਣ ਦੇ ਨਾਲ ਨਾਲ ਲੋਕਾਂ ਦੀ ਸਿਹਤ ਉੱਤੇ ਵੀ ਮੰਦਾ ਪ੍ਰਭਾਵ ਪੈ ਰਿਹਾ ਹੈ।
ਬੇਦੀ ਨੇ ਇਹ ਵੀ ਕਿਹਾ ਕਿ ਮੋਹਾਲੀ ਇਲਾਕੇ ਵਿੱਚ ਨਵੇਂ ਸੈਕਟਰ ਤੇਜ਼ੀ ਨਾਲ ਵਿਕਸਿਤ ਹੋ ਰਹੇ ਹਨ ਅਤੇ ਉਨ੍ਹਾਂ ਵਿੱਚ ਵੱਡੇ ਪੱਧਰ ’ਤੇ ਸੀਵਰ ਲਾਈਨਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੇ ਨਵੇਂ ਵੱਸ ਰਹੇ ਸੈਕਟਰਾਂ ਦੀਆਂ ਨਵੀਆਂ ਬਣ ਰਹੀਆਂ ਸੀਵਰ ਲਾਈਨਾਂ ਨਾਲ ਨੇੜਲੇ ਪਿੰਡਾਂ ਦੀਆਂ ਲਾਈਨਾਂ ਨੂੰ ਵੀ ਜੋੜਿਆ ਜਾਵੇ, ਤਾਂ ਜੋ ਪਿੰਡਾਂ ਦੇ ਵਸਨੀਕਾਂ ਨੂੰ ਵੀ ਸ਼ਹਿਰੀ ਸਹੂਲਤਾਂ ਦਾ ਲਾਭ ਮਿਲ ਸਕੇ।
ਜਿੱਥੇ ਸੀਵਰ ਲਾਈਨਾਂ ਮੌਜੂਦ ਨਹੀਂ ਹਨ, ਉੱਥੇ ਨਵੀਆਂ ਲਾਈਨਾਂ ਪਾਉਣ ਅਤੇ ਜਿੱਥੇ ਛੋਟੀਆਂ ਲਾਈਨਾਂ ਹਨ, ਉਨ੍ਹਾਂ ਨੂੰ ਵੱਡੀਆਂ ਲਾਈਨਾਂ ਨਾਲ ਬਦਲਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੀ ਵੱਡੀ ਮਾਤਰਾ ਵਿੱਚ ਜ਼ਮੀਨ ਪਹਿਲਾਂ ਹੀ ਡਿਵੈਲਪਮੈਂਟ ਲਈ ਲਈ ਜਾ ਚੁੱਕੀ ਹੈ ਅਤੇ ਕਈ ਪਿੰਡ ਹੁਣ ਆਉਣ ਵਾਲੇ ਸਮੇਂ ਵਿੱਚ ਸੈਕਟਰਾਂ ਦਾ ਹਿੱਸਾ ਬਣ ਰਹੇ ਹਨ।
ਇਸ ਲਈ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਵੀ ਸ਼ਹਿਰੀ ਬੁਨਿਆਦੀ ਸਹੂਲਤਾਂ ਮਿਲਣੀਆਂ ਬਹੁਤ ਜ਼ਰੂਰੀ ਹਨ। ਡਿਪਟੀ ਮੇਅਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਮਾਡਾ, ਪੰਚਾਇਤ ਵਿਭਾਗ ਅਤੇ ਪਬਲਿਕ ਹੈਲਥ ਵਿਭਾਗ ਦੇ ਤਾਲਮੇਲ ਨਾਲ ਇੱਕ ਸਪਸ਼ਟ ਨੀਤੀ ਤਿਆਰ ਕੀਤੀ ਜਾਵੇ।
ਜਿਸ ਨਾਲ ਇਨ੍ਹਾਂ ਪਿੰਡਾਂ ਦੀ ਸੀਵਰੇਜ ਸਮੱਸਿਆ ਦਾ ਪੱਕਾ ਅਤੇ ਲੰਬੇ ਸਮੇਂ ਲਈ ਹੱਲ ਨਿਕਲ ਸਕੇ। ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦ ਲੋੜੀਂਦੀ ਕਾਰਵਾਈ ਕਰੇਗੀ। ਇਸ ਪੱਤਰ ਦੀ ਕਾਪੀ ਕਾਪੀ ਡਿਪਟੀ ਕਮਿਸ਼ਨਰ, ਮੋਹਾਲੀ ਅਤੇ ਮੁੱਖ ਪ੍ਰਸ਼ਾਸਕ ਗਮਾਡਾ ਨੂੰ ਵੀ ਭੇਜੀ ਗਈ ਹੈ।