ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਸੀਐਸਆਈਆਰ–ਸੈਂਟਰਲ ਸਾਇੰਟਿਫਿਕ ਇੰਸਟਰੂਮੈਂਟਸ ਆਰਗੇਨਾਈਜ਼ੇਸ਼ਨ (CSIR-CSIO), ਚੰਡੀਗੜ੍ਹ ਅਤੇ ਡਿਜ਼ਾਇਨ ਇਨੋਵੇਸ਼ਨ ਸੈਂਟਰ, ਆਈਆਈਟੀ ਰੂੜਕੀ ਦੇ ਸਹਿਯੋਗ ਨਾਲ “ਸਸਟੇਨੇਬਲ ਮੈਨੂਫੈਕਚਰਿੰਗ ਲਈ ਪ੍ਰੋਡਕਟ ਡਿਜ਼ਾਇਨ ਅਤੇ ਡਿਵੈਲਪਮੈਂਟ” ਵਿਸ਼ੇ ‘ਤੇ ਦੋ ਹਫ਼ਤਿਆਂ ਦਾ ਰਿਸਰਚ ਸਕਿਲ ਐਕਸਲੇਰੇਟ ਪ੍ਰੋਗਰਾਮ (RSAP) ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਪ੍ਰੋਗਰਾਮ 9 ਮਾਰਚ ਤੋਂ 21 ਮਾਰਚ 2026 ਤੱਕ ਚੱਲੇਗਾ। ਇਸ ਵਰਕਸ਼ਾਪ ਨੂੰ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ (PSCST), ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਸਰਕਾਰ ਦਾ ਸਹਿਯੋਗ ਪ੍ਰਾਪਤ ਹੈ।ਉਦਘਾਟਨੀ ਸੈਸ਼ਨ ਵਿੱਚ ਇੰਜੀਨੀਅਰ ਨਰਿੰਦਰ ਸਿੰਘ ਜੱਸਲ, ਸੀਨੀਅਰ ਪ੍ਰਿੰਸੀਪਲ ਸਾਇੰਟਿਸਟ, CSIR-CSIO; ਇੰਜੀਨੀਅਰ ਪ੍ਰੀਤਪਾਲ ਸਿੰਘ, ਐਗਜ਼ਿਕਿਊਟਿਵ ਡਾਇਰੈਕਟਰ, PSCST; ਸ਼੍ਰੀ ਰਵਿੰਦਰ ਸਿੰਘ ਹੁੰਡਲ, ਐਡੀਸ਼ਨਲ ਡਾਇਰੈਕਟਰ, DTE&IT, ਪੰਜਾਬ ਸਰਕਾਰ; ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਡਾਇਰੈਕਟਰ, ਪੀਈਸੀ; ਪ੍ਰੋ. ਪਰਮਿੰਦਰ ਜੀਤ ਸਿੰਘ, ਹੈੱਡ, ਮਕੈਨਿਕਲ ਇੰਜੀਨੀਅਰਿੰਗ ਵਿਭਾਗ ਅਤੇ RSAP ਦੇ ਚੇਅਰਪਰਸਨ; ਪ੍ਰੋ. ਸੰਜੀਵ ਕੁਮਾਰ ਅਤੇ ਪ੍ਰੋ. ਸਰਬਜੀਤ ਸਿੰਘ ਸਮੇਤ ਕਈ ਅਕਾਦਮਿਕ ਅਤੇ ਭਾਗੀਦਾਰ ਹਾਜ਼ਰ ਰਹੇ।
ਇਹ ਪ੍ਰੋਗਰਾਮ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਅਤੇ ਇੰਜੀਨੀਅਰ ਪ੍ਰੀਤਪਾਲ ਸਿੰਘ ਦੀ ਸਰਪ੍ਰਸਤੀ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਸਰਬਜੀਤ ਸਿੰਘ, ਇੰਜੀਨੀਅਰ ਨਰਿੰਦਰ ਸਿੰਘ ਜੱਸਲ, ਪ੍ਰੋ. ਐਮ.ਪੀ. ਗਰਗ ਅਤੇ ਡਾ. ਵਿਵੇਕਸ਼ੀਲ ਰਾਜਪੂਤ ਹਨ, ਜਦਕਿ ਚੇਅਰਪਰਸਨ ਪ੍ਰੋ. ਪਰਮਿੰਦਰ ਜੀਤ ਸਿੰਘ, ਪ੍ਰੋ. ਸੰਜੀਵ ਕੁਮਾਰ, ਡਾ. ਦਪਿੰਦਰ ਕੌਰ ਬਖ਼ਸ਼ੀ ਅਤੇ ਪ੍ਰੋ. ਅਨੁਪ੍ਰਭਾ ਕੇ. ਸ਼ਰਮਾ ਹਨ।
ਸ਼ੁਰੂ ਵਿੱਚ ਪ੍ਰੋ. ਪਰਮਿੰਦਰ ਜੀਤ ਸਿੰਘ ਨੇ ਪ੍ਰੋਗਰਾਮ ਦੇ ਉਦੇਸ਼ ਅਤੇ ਢਾਂਚੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪਹਲ ਦਾ ਮਕਸਦ ਰਾਜ ਵਿੱਚ ਰਿਸਰਚ ਸੰਸਕ੍ਰਿਤੀ ਨੂੰ ਮਜ਼ਬੂਤ ਕਰਨਾ ਹੈ। ਇਸ ਦੇ ਜ਼ਰੀਏ ਫੈਕਲਟੀ ਮੈਂਬਰਾਂ ਨੂੰ ਪ੍ਰਮੁੱਖ ਰਿਸਰਚ ਸੰਸਥਾਵਾਂ ਵਿੱਚ ਵਿਸ਼ੇਸ਼ ਤਾਲੀਮ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ, ਜਿਸ ਨਾਲ ਉਹ ਆਪਣੇ ਸੰਸਥਾਨਾਂ ਵਿੱਚ ਨਵੀਨਤਾ ਅਤੇ ਗੁਣਵੱਤਾ ਵਾਲੇ ਅਧਿਐਨ ਨੂੰ ਉਤਸ਼ਾਹਿਤ ਕਰ ਸਕਣਗੇ।
ਇੰਜੀਨੀਅਰ ਨਰਿੰਦਰ ਸਿੰਘ ਜੱਸਲ ਨੇ CSIR-CSIO ਦੀ ਭੂਮਿਕਾ ਉੱਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਇਹ ਸੰਸਥਾ ਅਧੁਨਿਕ ਵਿਗਿਆਨਕ ਉਪਕਰਣਾਂ ਅਤੇ ਰਿਸਰਚ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਰਾਹੀਂ ਭਾਗੀਦਾਰਾਂ ਨੂੰ ਨਵੇਂ ਉਤਪਾਦਾਂ ਦੀ ਲੋੜ ਦੀ ਪਛਾਣ, ਪ੍ਰੋਡਕਟ ਲਾਈਫ ਸਾਈਕਲ ਅਤੇ ਡਿਜ਼ਾਇਨ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਮਿਲੇਗੀ।
ਇੰਜੀਨੀਅਰ ਪ੍ਰੀਤਪਾਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਵੱਲੋਂ ਕੀਤੀਆਂ ਜਾ ਰਹੀਆਂ ਵਾਤਾਵਰਣ ਸੰਬੰਧੀ ਪਹਲਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਖ਼ਾਸ ਕਰਕੇ ਪਰਾਲੀ ਪ੍ਰਬੰਧਨ ਨਾਲ ਜੁੜੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਸਟੇਨੇਬਲ ਮੈਨੂਫੈਕਚਰਿੰਗ ਲਈ ਪਰਿਆਵਰਣ-ਮਿਤਰ ਸਮੱਗਰੀ, ਲਾਈਫ ਸਾਈਕਲ ਵਿਸ਼ਲੇਸ਼ਣ ਅਤੇ ਸਰਕੂਲਰ ਇਕਾਨੋਮੀ ਦੇ ਸਿਧਾਂਤਾਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ।
ਸ਼੍ਰੀ ਰਵਿੰਦਰ ਸਿੰਘ ਹੁੰਡਲ ਨੇ ਅਕਾਦਮਿਕ ਅਤੇ ਉਦਯੋਗਿਕ ਸਹਿਯੋਗ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਭਾਗੀਦਾਰਾਂ ਨੂੰ ਉਦਯੋਗਿਕ ਤਜਰਬਾ, ਆਟੋਮੇਸ਼ਨ ਤਕਨਾਲੋਜੀ ਅਤੇ ਅਧੁਨਿਕ ਰਿਸਰਚ ਸੁਵਿਧਾਵਾਂ ਨਾਲ ਜਾਣੂ ਕਰਵਾਉਂਦੇ ਹਨ।ਇਸ ਮੌਕੇ ਪ੍ਰੋ. ਰਾਜੇਸ਼ ਕੁਮਾਰ ਭਾਟੀਆ, ਡਾਇਰੈਕਟਰ, ਪੀਈਸੀ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਸੰਸਥਾ ਦੀ ਸ਼ਾਨਦਾਰ ਵਿਰਾਸਤ ਅਤੇ ਉੱਚ ਪੱਧਰੀ ਰਿਸਰਚ ਸਹੂਲਤਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਅੰਤ ਵਿੱਚ ਪ੍ਰੋ. ਸੰਜੀਵ ਕੁਮਾਰ ਵੱਲੋਂ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਦੋ ਹਫ਼ਤਿਆਂ ਦੇ ਪ੍ਰੋਗਰਾਮ ਦੌਰਾਨ ਪ੍ਰੋਡਕਟ ਡਿਜ਼ਾਇਨ ਅਤੇ ਮੈਨੂਫੈਕਚਰਿੰਗ, ਹਾਈਬ੍ਰਿਡ ਮੈਨੂਫੈਕਚਰਿੰਗ ਮੈਥਡਸ, ਬਿਗ ਡਾਟਾ ਅਤੇ ਆਈਓਟੀ ਅਧਾਰਿਤ ਮੈਨੂਫੈਕਚਰਿੰਗ, ਮੈਨੂਫੈਕਚਰਿੰਗ ਆਪਰੇਸ਼ਨਜ਼ ਲਈ ਐਡਵਾਂਸਡ ਐਨਾਲਿਸਿਸ ਅਤੇ ਉਦਯੋਗ ਵਿੱਚ ਰੋਬੋਟਿਕਸ ਦੀਆਂ ਐਪਲੀਕੇਸ਼ਨਜ਼ ਵਰਗੇ ਵਿਸ਼ਿਆਂ ‘ਤੇ ਵਿਸ਼ੇਸ਼ਗਿਆ ਲੈਕਚਰ, ਇੰਟਰੈਕਟਿਵ ਸੈਸ਼ਨ ਅਤੇ ਪ੍ਰੈਕਟੀਕਲ ਟ੍ਰੇਨਿੰਗ ਕਰਵਾਈ ਜਾਵੇਗੀ।