ਮੋਹਾਲੀ ਦੇ ਸੈਕਟਰ 66 ਵਿੱਚ ਸਥਿਤ ਜੁਬਲੀ ਵਾਕ ਮਾਲ ਦੇ ਪਿੱਛੇ ਬਣੀਆਂ ਗਲਤ ਬੈਕ-ਸਾਈਡ ਐਂਟਰੀਆਂ ਕਾਰਨ ਇਲਾਕੇ ਵਿੱਚ ਟਰੈਫਿਕ ਜਾਮ, ਹਾਦਸਿਆਂ ਅਤੇ ਗੰਦਗੀ ਦੀ ਸਮੱਸਿਆ ਗੰਭੀਰ ਹੋ ਗਈ ਹੈ। ਇਸ ਮਾਮਲੇ ਨੂੰ ਲੈ ਕੇ ਸੋਮਵਾਰ ਸਵੇਰੇ ਇਲਾਕਾ ਵਾਸੀ ਇਕੱਠੇ ਹੋਏ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ।
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੌਕੇ ‘ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਮਾਲ ਨਾਲ ਜੁੜੀਆਂ ਗਲਤ ਐਂਟਰੀਆਂ ਕਾਰਨ ਡਿਲਿਵਰੀ ਵਾਹਨ, ਕੈਬਾਂ ਅਤੇ ਹੋਰ ਟਰੈਫਿਕ ਰਿਹਾਇਸ਼ੀ ਇਲਾਕਿਆਂ ਵਿਚੋਂ ਲੰਘ ਰਹੇ ਹਨ, ਜਿਸ ਨਾਲ ਰੋਜ਼ਾਨਾ ਜਾਮ ਅਤੇ ਹਾਦਸਿਆਂ ਦਾ ਖਤਰਾ ਬਣਿਆ ਹੋਇਆ ਹੈ। ਡਿਪਟੀ ਮੇਅਰ ਬੇਦੀ ਨੇ ਕਿਹਾ ਕਿ ਇੱਥੋਂ ਦੇ ਕੌਂਸਲਰ ਮਾਸਟਰ ਚਰਨ ਸਿੰਘ ਵੱਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਇੱਥੋਂ ਦੀਆਂ ਸਮੱਸਿਆਵਾਂ ਦਿਖਾਉਣ ਲਈ ਸੱਦਿਆ ਗਿਆ ਸੀ ਅਤੇ ਇੱਥੇ ਦੇਖ ਕੇ ਪਤਾ ਲੱਗਦਾ ਹੈ ਕਿ ਇਲਾਕਾ ਵਾਸੀਆਂ ਨੂੰ ਸਹੀ ਮਾਇਨੇ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬੇਦੀ ਨੇ ਕਿਹਾ, “ਗਲਤ ਯੋਜਨਾ ਅਤੇ ਬਿਨਾਂ ਸੋਚੇ ਸਮਝੇ ਬਣਾਈਆਂ ਐਂਟਰੀਆਂ ਦਾ ਨੁਕਸਾਨ ਹੁਣ ਸਥਾਨਕ ਲੋਕ ਭੁਗਤ ਰਹੇ ਹਨ। ਲੋਕਾਂ ਦੇ ਘਰਾਂ ਅੱਗੇ ਵਾਹਨਾਂ ਦੀ ਲੰਮੀ ਕਤਾਰ ਲੱਗਦੀ ਹੈ, ਜਿਸ ਨਾਲ ਐਮਰਜੈਂਸੀ ਹਾਲਾਤ ਵਿੱਚ ਵੀ ਰਸਤਾ ਨਹੀਂ ਮਿਲਦਾ।” ਇਹ ਮਕਾਨ ਕਿਉਂਕਿ ਮਾਲ ਦੇ ਪਿਛਲੇ ਪਾਸੇ ਤਾਂ ਹਨ ਪਰ ਇਹਨਾਂ ਦੀ ਐਂਟਰੀ ਮਾਲ ਵਾਲੇ ਪਾਸੇ ਖੁੱਲਦੀ ਹੈ ਇਸ ਕਰਕੇ ਸਮੱਸਿਆ ਹੋਰ ਵੀ ਵੱਧਦੀ ਹੈ।
ਉਨ੍ਹਾਂ ਇਲਾਕੇ ਵਿੱਚ ਫੈਲ ਰਹੀ ਗੰਦਗੀ ਅਤੇ ਸੀਵਰੇਜ ਸਮੱਸਿਆ ‘ਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਕੁਝ ਕਮਰਸ਼ੀਅਲ ਇਕਾਈਆਂ ਵੱਲੋਂ ਗਲਤ ਤਰੀਕੇ ਨਾਲ ਪੰਪਿੰਗ ਕਰਕੇ ਗੰਦਾ ਪਾਣੀ ਬਾਹਰ ਸੁੱਟਿਆ ਜਾ ਰਿਹਾ ਹੈ, ਜਿਸ ਨਾਲ ਬਦਬੂ ਅਤੇ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ।
“ਇਸ ਨਾਲ ਸਭ ਤੋਂ ਵੱਧ ਤਕਲੀਫ਼ ਭੈਣਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਹੋ ਰਹੀ ਹੈ। ਡਿਪਟੀ ਮੇਅਰ ਬੇਦੀ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ, ਕਿ ਪ੍ਰਸ਼ਾਸਨ ਤੁਰੰਤ ਜ਼ਮੀਨੀ ਹਕੀਕਤ ਦੇਖੇ। ਲੋਕ ਟੈਕਸ ਭਰਦੇ ਹਨ, ਇਸ ਲਈ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮਿਲਣੀਆਂ ਹੀ ਚਾਹੀਦੀਆਂ ਹਨ। ਬੇਤਰਤੀਬੀ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਸਿਵਲ ਪ੍ਰਸ਼ਾਸਨ, ਟਰੈਫਿਕ ਪੁਲਿਸ ਅਤੇ ਪਬਲਿਕ ਹੈਲਥ ਵਿਭਾਗ ਨੂੰ ਤੁਰੰਤ ਸਾਂਝਾ ਨਿਰੀਖਣ ਕਰਕੇ ਗਲਤ ਐਂਟਰੀਆਂ ਬੰਦ ਕਰਨ, ਟਰੈਫਿਕ ਪ੍ਰਬੰਧ ਸੁਧਾਰਨ ਅਤੇ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਕਿਹਾ। ਬੇਦੀ ਨੇ ਦੋਹਰਾਇਆ ਕਿ ਜੇ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਥਾਨਕ ਲੋਕਾਂ ਨਾਲ ਮਿਲ ਕੇ ਸੰਘਰਸ਼ ਕੀਤਾ ਜਾਵੇਗਾ।