ਜਿ਼ਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਆਪਣੇ ਤਜਰਬੇ ਤੇ ਹੁਨਰ ਦੇ ਆਧਾਰ 'ਤੇ ਗਿਆਨ ਦਾ ਚਾਨਣ ਫੈਲਾਉਣ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਦੀਆਂ ਸਰਵੋਤਮ ਪ੍ਰਾਪਤੀਆਂ ਲਈ ਸਨਮਾਨਿਤ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਿੱਖਿਆ ਵਿਭਾਗ ਤੇ ਸਾਂਝੀ ਸਿੱਖਿਆ ਫਾਊਂਡੇਸ਼ਨ ਦੇ ਸਹਿਯੋਗ ਨਾਲ 7 ਨਵੰਬਰ ਨੂੰ ਆਮ ਖਾਸ ਬਾਗ ਵਿਖੇ ਸਿੱਖਿਆ ਸੰਵਾਦ ਕਰਵਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਅੱਜ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਮੌਜੂਦਗੀ ਵਿੱਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਸਾਂਝੀ ਸਿੱਖਿਆ ਫਾਊਂਡੇਸ਼ਨ ਦੇ ਅਹੁਦੇਦਾਰਾਂ ਨਾਲ ਸਮਾਗਮ ਦੀਆਂ ਮੁਢਲੀਆਂ ਤਿਆਰੀਆਂ ਵਜੋਂ ਮੀਟਿੰਗ ਕਰਦਿਆਂ ਕੀਤਾ।
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਹ ਮਹਿਸੂਸ ਕਰ ਰਹੇ ਹਨ ਕਿ ਸਾਡੇ ਹੋਣਹਾਰ ਅਧਿਆਪਕ ਗਿਆਨ ਦਾ ਦੀਪਕ ਜਗਾਉਣ ਲਈ ਸਖ਼ਤ ਮਿਹਨਤ ਕਰਦੇ ਹਨ ਅਤੇ ਸਿੱਖਿਆ ਦੇ ਖੇਤਰ ਵਿੱਚ ਵਿਲੱਖਣ ਪ੍ਰਾਪਤੀਆਂ ਦਰਜ ਕਰਦੇ ਹਨ। ਇਸ ਲਈ ਇਨ੍ਹਾਂ ਅਨੁਭਵੀ ਅਧਿਆਪਕਾਂ ਨੂੰ ਇੱਕ ਸਾਂਝੇ ਮੰਚ 'ਤੇ ਲਿਆ ਕੇ ਸਨਮਾਨਤ ਕਰਦੇ ਹੋਏ ਹੱਲਾਸ਼ੇਰੀ ਦੇਣਾ ਸਮੇਂ ਦੀ ਅਹਿਮ ਲੋੜ ਹੈ।
ਉਨ੍ਹਾਂ ਕਿਹਾ ਕਿ 7 ਨਵੰਬਰ ਦੇ ਉਲੀਕੇ ਜਾ ਰਹੇ ਸਮਾਗਮ ਦੌਰਾਨ ਜਿਥੇ ਜਿ਼ਲ੍ਹੇ ਦੇ ਸਰਕਾਰੀ ਸਕੂਲਾਂ ਦੇ 100 ਪ੍ਰਤਿਭਾਸ਼ਾਲੀ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਥੇ ਹੀ ਵਿਸ਼ੇਸ਼ ਪ੍ਰਦਰਸ਼ਨੀ ਅਤੇ ਦੇਸ਼ ਦੇ ਵੱਖ—ਵੱਖ ਰਾਜਾਂ ਵਿੱਚੋਂ ਆਉਣ ਵਾਲੇ ਸਿੱਖਿਆ ਮਾਹਿਰਾਂ ਦੇ ਨਾਲ ਸੰਵਾਦ ਵੀ ਭਵਿੱਖ ਵਿੱਚ ਹੋਰ ਮੱਲਾਂ ਮਾਰਨ ਦੇ ਸਮਰੱਥ ਬਣਾਏਗਾ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਕਿਹਾ ਕਿ ਇਹ ਇੱਕ ਵਿਲੱਖਣ ਉਦਮ ਸਾਬਤ ਹੋਵੇਗਾ ਅਤੇ ਸਮਰਪਣ ਭਾਵਨਾ ਨਾਲ ਅਣਥੱਕ ਮਿਹਨਤ ਕਰਨ ਵਿੱਚ ਜੁਟੇ ਰਹਿਣ ਵਾਲੇ ਸਾਰੇ ਹੀ ਅਧਿਆਪਕਾਂ ਨੂੰ ਨਿਰੰਤਰ ਹੱਲਾਸ਼ੇਰੀ ਦੇਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਮੀਟਿੰਗ ਵਿੱਚ ਜਿ਼ਲ੍ਹਾ ਮਾਲ ਅਫਸਰ ਕਰੁਣ ਗੁਪਤਾ, ਜਿ਼ਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਵਿੰਦਰ ਕੌਰ, ਉਪ ਜਿ਼ਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਕਮਲਜੀਤ ਕੌਰ, ਸਾਂਝੀ ਸਿੱਖਿਆ ਫਾਊਂਡੇਸ਼ਨ ਦੀ ਜਿ਼ਲ੍ਹਾ ਟੀਮ ਵੀ ਮੌਜੂਦ ਸੀ।