ਜ਼ਿਮਨੀ ਚੋਣ ਤਰਨ ਤਾਰਨ-2025 ਲਈ ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਖ਼ਰਚਾ ਅਬਜ਼ਰਵਰ ਸ਼੍ਰੀ ਮਨਜ਼ਰੁਲ ਹਸਨ, ਆਈ.ਆਰ.ਏ.ਐੱਸ. ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਮਨੀ ਚੋਣ ਲਈ ਗਠਿਤ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਸ੍ਰੀ ਰਾਹੁਲ, ਆਈ.ਏ.ਐੱਸ., ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਸ. ਕਰਨਵੀਰ ਸਿੰਘ, ਡਾ. ਅਮਨਦੀਪ ਸਿੰਘ, ਚੋਣ ਤਹਿਸੀਲਦਾਰ ਅਰਮਿੰਦਰਪਾਲ ਸਿੰਘ ਸਮੇਤ ਵੱਖ-ਵੱਖ ਅਧਿਕਾਰੀ ਮੌਜੂਦ ਸਨ।
ਖਰਚਾ ਆਬਜ਼ਰਵਰ, ਸ਼੍ਰੀ ਮਨਜ਼ਰੁਲ ਹਸਨ ਨੇ ਮੀਟਿੰਗ ਦੌਰਾਨ ਵੱਖ-ਵੱਖ ਟੀਮਾਂ ਦੇ ਨੋਡਲ ਅਫਸਰਾਂ ਨੂੰ ਕਿਹਾ ਕਿ ਉਹ ਮਾਣਯੋਗ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਚੋਣਾਂ ਦੇ ਕੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਨੂੰ 40 ਲੱਖ ਰੁਪਏ ਤੱਕ ਚੋਣ ਖ਼ਰਚਾ ਕਰਨ ਦੀ ਇਜਾਜਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਚੋਣ ਅਮਲਾ ਉਮੀਦਵਾਰ ਦੇ ਸਮੁੱਚੇ ਚੋਣ ਪ੍ਰਚਾਰ ਉੱਪਰ ਤਿੱਖੀ ਨਜ਼ਰ ਰੱਖੇ ਅਤੇ ਉਸ ਵੱਲੋਂ ਕੀਤੇ ਜਾਂਦੇ ਹਰ ਖਰਚੇ ਨੂੰ ਆਪਣੇ ਸ਼ੈਡੋ ਰਜਿਸਟਰ ਵਿੱਚ ਦਰਜ ਕਰੇ। ਇਸ ਤੋਂ ਇਲਾਵਾ ਉਮੀਦਵਾਰ ਵੱਲੋਂ ਵੀ ਆਪਣਾ ਇੱਕ ਖਰਚਾ ਰਜ਼ਿਸਟਰ ਲਗਾਇਆ ਜਾਵੇਗਾ ਅਤੇ ਜਿਸ ਵਿੱਚ ਉਹ ਆਪਣੇ ਸਾਰੇ ਖਰਚਿਆਂ ਨੂੰ ਨਾਲ ਦੀ ਨਾਲ ਹੀ ਦਰਜ ਕਰੇਗਾ।
ਉਨ੍ਹਾਂ ਦੱਸਿਆ ਕਿ ਚੋਣ ਅਮਲੇ ਵੱਲੋਂ ਉਮੀਦਵਾਰ ਦੇ ਚੋਣ ਖਰਚਾ ਰਜਿਸਟਰ ਦਾ ਸ਼ੈਡੋ ਰਿਜਸਟਰ ਨਾਲ ਮਿਲਾਨ ਵੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਗਠਿਤ ਫਲਾਇੰਗ ਸਕੂਐਡ, ਸਟੈਟਿਕ ਸਰਵੇਲੈਂਸ ਟੀਮਾਂ ਆਦਿ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਚੋਣਾਂ ਦੌਰਾਨ ਸ਼ਰਾਬ ਅਤੇ ਨਕਦੀ ਦੀ ਵਰਤੋਂ ਨੂੰ ਰੋਕਣ ਲਈ ਸ਼ਰਾਬ ਦੇ ਉਤਪਾਦਨ/ਸ਼ਰਾਬ ਦੇ ਠੇਕਿਆਂ ’ਤੇ ਨਿਗਰਾਨੀ ਰੱਖਣ ਦੇ ਨਾਲ-ਨਾਲ ਵਾਹਨਾਂ ਦੀ ਚੈਕਿੰਗ ਖ਼ਾਸ ਕਰ ਅੰਤਰ-ਜ਼ਿਲ੍ਹਾ ਨਾਕਿਆਂ ’ਤੇ ਯਕੀਨੀ ਬਣਾਉਣ ਲਈ ਢੁਕਵੇਂ ਅਮਲ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਨਿਯਮਿਤ ਤੌਰ ’ਤੇ ਜਾਂਚ ਕੀਤੀ ਜਾਵੇ ਅਤੇ ਪੋਸਟਾਂ ਦੀ ਪ੍ਰਮੋਸ਼ਨ/ਬੂਸਟਿੰਗ ’ਤੇ ਹੋਏ ਖ਼ਰਚੇ ਨੂੰ ਉਮੀਦਵਾਰਾਂ ਦੇ ਚੋਣ ਖ਼ਰਚੇ ਵਿੱਚ ਦਰਜ ਕੀਤਾ ਜਾਵੇ। ਇਸ ਮੌਕੇ ਖ਼ਰਚਾ ਅਬਜ਼ਰਵਰ, ਮਨਜ਼ਰੁਲ ਹਸਨ ਨੇ ਕਿਹਾ ਕਿ ਉਹ ਜ਼ਿਮਨੀ ਚੋਣ ਦੌਰਾਨ ਤਰਨ ਤਾਰਨ ਜ਼ਿਲ੍ਹੇ ਵਿੱਚ ਹੀ ਮੌਜੂਦ ਰਹਿਣਗੇ ਅਤੇ ਕੋਈ ਵੀ ਵਿਅਕਤੀ ਚੋਣ ਖ਼ਰਚੇ ਨਾਲ ਮੁੱਤਲਕ ਮਾਮਲੇ ਵਿੱਚ ਉਨ੍ਹਾਂ ਦੇ ਮੋਬਾਇਲ ਨੰਬਰ 79860-95244 `ਤੇ ਸੰਪਰਕ ਕਰ ਸਕਦਾ ਹੈ।
ਇਸ ਮੌਕੇ ਜ਼ਿਲ੍ਹਾ ਚੋਣ ਅਫ਼ਸਰ, ਸ੍ਰੀ ਰਾਹੁਲ ਨੇ ਜ਼ਿਮਨੀ ਚੋਣ ਤਰਨ ਤਾਰਨ ਦੀਆਂ ਤਿਆਰੀਆਂ ਸਬੰਧੀ ਸਾਰੀ ਜਾਣਕਾਰੀ ਖਰਚਾ ਆਬਜ਼ਰਵਰ ਨਾਲ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਨਿਰਪੱਖ ਅਤੇ ਅਜ਼ਾਦਾਨਾ ਮਹੌਲ ਵਿੱਚ ਨੇਪਰੇ ਚਾੜ੍ਹੀ ਜਾਵੇਗੀ।