ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ (ਈਸੀਈ) ਅਤੇ ਮਕੈਨੀਕਲ ਇੰਜੀਨੀਅਰਿੰਗ (ਐਮਈ) ਵਿਭਾਗਾਂ ਨੇ ਸਾਂਝੇ ਤੌਰ ’ਤੇ ਦੋ ਮਹੱਤਵਪੂਰਨ ਅੰਤਰਰਾਸ਼ਟਰੀ ਕਾਨਫਰੰਸਾਂ ਦਾ ਆਯੋਜਨ ਕੀਤਾ। ਏਆਈਸੀਟੀਈ ਵੱਲਂੋ ਸਪਾਂਸਰ ਕੀਤੇ ਗਏ ‘ਇੰਟਰਨੈਸ਼ਨਲ ਕਾਨਫਰੰਸ ਆੱਨ ਇਨੋਵੇਸ਼ਨਜ਼ ਇਨ ਕਮਿਊਨੀਕੇਸ਼ਨ ਕੰਪਿਊਟਿੰਗ ਐਂਡ ਸਾਇੰਸਜ਼ (ਆਈਸੀਸੀਐਸ 2025) ਅਤੇ ‘ਇੰਟਰਨੈਸ਼ਨਲ ਕਾਨਫਰੰਸ ਆੱਨ ਕੰਟੈਂਪਰੇਰੀ ਐਡਵਾਂਸਜ਼ ਇਨ ਮਕੈਨੀਕਲ ਇੰਜੀਨੀਅਰਿੰਗ (ਆਈਸੀਸੀਏਐਮਈ 2025), ਜੋ ਕਿ ਟੇਲਰ ਐਂਡ ਫਰਾਂਸਿਸ, ਸੀਆਰਸੀ ਪ੍ਰੈਸ ਅਤੇ ਈਰਾਨੀ ਜਰਨਲ ਆਫ਼ ਸਾਇੰਸ ਐਂਡ ਟੈਕਨਾਲੋਜੀ (ਸਪ੍ਰਿੰਗਰ) ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ।
ਕਾਨਫਰੰਸਾਂ ਨੇ ਖੇਤਰ ਭਰ ਦੇ ਪ੍ਰਸਿੱਧ ਅਕਾਦਮਿਕ, ਉਦਯੋਗਿਕ ਆਗੂਆਂ, ਨੀਤੀ ਨਿਰਮਾਤਾ, ਫੰਡਿੰਗ ਏਜੰਸੀਆਂ, ਖੋਜਕਰਤਾਵਾਂ ਅਤੇ ਨਵੀਨਤਾਕਾਰਾਂ ਨੂੰ ਇਕੋ ਮੰਚ ’ਤੇ ਇਕੱਠਾ ਕੀਤਾ।ਇਨ੍ਹਾਂ ਦਾ ਮੁੱਖ ਉਦੇਸ਼ ਉਦਯੋਗ ਅਕਾਦਮਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਬਹੁ-ਅਨੁਸ਼ਾਸਨੀ ਖੋਜ ਨੂੰ ਬੜਾਵਾ ਦੇਣਾ ਅਤੇ ਭਾਗੀਦਾਰਾਂ ਵਿੱਚ ਨਵੀਨਤਾਕਾਰੀ ਸੋਚ ਨੂੰ ਉਤਸ਼ਾਹਿਤ ਕਰਨਾ ਸੀ। ਇਸ ਮੌਕੇ ਉਦਘਾਟਨੀ ਸੈਸ਼ਨ ਵਿੱਚ ਮੁੱਖ ਮਹਿਮਾਨ ਸ਼੍ਰੀ ਪ੍ਰਭਜੋਤ ਸਿੰਘ (ਆਈਏਐਸ), ਡਾਇਰੈਕਟਰ ਜਨਰਲ, ਡਾਇਰੈਕਟੋਰੇਟ ਆਫ਼ ਟੈਕਨੀਕਲ ਐਜੂਕੇਸ਼ਨ, ਹਰਿਆਣਾ ਦੀ ਵਿਸ਼ੇਸ਼ ਮੌਜੂਦਗੀ ਦੇਖੀ ਗਈ।
ਇਸ ਦੌਰਾਨ ਇਨ੍ਹਾਂ ਨਾਲ ਪ੍ਰਸੀਡਿੰਗ ਗੈਸਟ ਡਾ.ਮਨੀਸ਼ ਕੁਮਾਰ ਹੁੱਡਾ, ਡਾਇਰੈਕਟਰ (ਤਕਨਾਲੋਜੀ), ਇੰਡੀਆ ਸੈਮੀਕੰਡਕਟਰ ਮਿਸ਼ਨ (ਆਈਐਸਐਮ), ਇਲੈਕਟ੍ਰਾਨਿਕਸ ਅਤੇ ਆਈਟੀ (ਐਮਈਆਈਟੀਵਾਈ), ਭਾਰਤ ਸਰਕਾਰ, ਅਤੇ ਗੈਸਟ ਆਫ ਆਨਰ ਡਾ.ਰੁਪਿੰਦਰ ਸਿੰਘ, ਪ੍ਰੋਫੈਸਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਐਨਆਈਟੀਟੀਟੀਆਰ ਚੰਡੀਗੜ੍ਹ ਆਦਿ ਨੇ ਵੀ ਸ਼ਮੂਲੀਅਤ ਕੀਤੀ।ਇਨ੍ਹਾਂ ਮਹਿਮਾਨਾਂ ਦਾ ਸਵਾਗਤ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਵਿਨੈ ਭਾਟੀਆ, ਐੱਚਓਡੀ (ਈਸੀਈ), ਡਾ.ਰਚਿਨ ਗੋਇਲ, ਐੱਚਓਡੀ (ਐਮਈ), ਅਤੇ ਸੀਜੀਸੀ ਲਾਂਡਰਾਂ ਦੇ ਡੀਨ ਅਤੇ ਡਾਇਰੈਕਟਰਾਂ ਵੱਲੋਂ ਕੀਤਾ ਗਿਆ।
ਸੱਦੇ ਗਏ ਦਿੱਗਜਾਂ ਵੱਲੋਂ ਮੁੱਖ ਭਾਸ਼ਣ ਦੇਣ ਉਪਰੰਤ ਪਤਵੰਤਿਆਂ ਨੇ ਕਾਨਫਰੰਸ ਦੀ ਕਾਰਵਾਈ ਜਾਰੀ ਕੀਤੀ। ਮੁੱਖ ਮਹਿਮਾਨ ਸ਼੍ਰੀ ਪ੍ਰਭਜੋਤ ਸਿੰਘ (ਆਈਏਐਸ) ਨੇ ਕਾਨਫਰੰਸ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡੇਟਾ ਸਾਇੰਸ ਵਰਗੀਆਂ ਉੱਭਰ ਰਹੀਆਂ ਤਕਨਾਲੋਜੀਆਂ ਉਦਯੋਗਾਂ ਅਤੇ ਸਮਾਜਾਂ ਨੂੰ ਬੇਮਿਸਾਲ ਗਤੀ ਨਾਲ ਬਦਲ ਰਹੀਆਂ ਹਨ। ਉਨ੍ਹਾਂ ਨੇ ਨੌਜਵਾਨ ਦਿਮਾਗਾਂ ਨੂੰ ਹੌਂਸਲੇ, ਦ੍ਰਿੜਤਾ ਅਤੇ ਨਵੀਨਤਾ ਦੀ ਭਾਵਨਾ ਨਾਲ ਇਨ੍ਹਾਂ ਖੇਤਰਾਂ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਭਵਿੱਖ ਉਨ੍ਹਾਂ ਦਾ ਹੈ ਜੋ ਸਿੱਖਣ, ਅਨੁਕੂਲ ਹੋਣ ਅਤੇ ਕਿਸੇ ਉਦੇਸ਼ (ਮਕਸਦ) ਨਾਲ ਅਗਵਾਈ ਕਰਨ ਲਈ ਤਿਆਰ ਹਨ। ਇਸ ਉਪਰੰਤ ਡਾ.ਮਨੀਸ਼ ਕੁਮਾਰ ਹੁੱਡਾ ਨੇ ਭਾਰਤ ਦੇ ਤਕਨੀਕੀ ਵਿਕਾਸ ਵਿੱਚ ਸੈਮੀਕੰਡਕਟਰਾਂ ਦੀ ਮਹੱਤਵਪੂਰਨ ਭੂਮਿਕਾ ਤੇ ਚਾਨਣਾ ਪਾਇਆ।
ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਕਈ ਵੱਡੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਮਹੱਤਵਪੂਰਨ ਸਰਕਾਰੀ ਫੰਡਿੰਗ ਯੋਜਨਾਵਾਂ ਵੀ ਲਾਗੂ ਕੀਤੀਆਂ ਜਾ ਰਹੀਆਂ ਹਨ, ਇਹ ਸਭ ਈਕੋਸਿਸਟਮ ਦੀ ਸਿਰਜਣਾ ਵਿੱਚ ਮਦਦਗਾਰ ਹੋਣਗੀਆਂ ਜੋ ਕਿ ਨਵੀਨਤਾ, ਸਵੈ ਨਿਰਭਰਤਾ ਅਤੇ ਵਿਸ਼ਵਵਿਆਪੀ ਮੁਕਾਬਲੇਬਾਜ਼ੀ ਨੂੰ ਮਜ਼ਬੂਤ ਬਣਾਉਣਗੀਆਂ। ਇਸ ਦੌਰਾਨ ਡਾ.ਰੁਪਿੰਦਰ ਸਿੰਘ ਨੇ ਆਪਣੇ ਭਾਸ਼ਣ ਵਿੱਚ ਅੰਤਰ ਅਨੁਸ਼ਾਸਨੀ ਸਹਿਯੋਗ (ਕ੍ਰਾਸ ਡਿਿਸਪਲਿਨਰੀ) ਦੀ ਮਹੱਤਤਾ ਬਾਰੇ ਗੱਲ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਵੇਂ ਅੰਤਰ ਅਨੁਸ਼ਾਸਨੀ ਖੋਜ, ਨਵੀਨਤਾਕਾਰੀ ਪ੍ਰੋਜੈਕਟਾਂ ਅਤੇ ਪੇਟੈਂਟਾਂ ਵੱਲੋਂ ਸਮਰਥਤ, ਅਕਾਦਮਿਕ ਉੱਤਮਤਾ ਅਤੇ ਅਸਲ ਸੰਸਾਰ ਪ੍ਰਭਾਵ ਨੂੰ ਚਲਾਉਣ ਦੀ ਕੁੰਜੀ ਹੈ।
ਕਾਨਫਰੰਸਾਂ ਦੌਰਾਨ ਪੇਪਰ ਪੇਸ਼ਕਾਰੀਆਂ, ਪੋਸਟਰ ਮੁਕਾਬਲੇ, ਅਤੇ ਵਿਚਾਰ ਉਕਸਾਉਣ ਵਾਲੇ ਤਕਨੀਕੀ ਸੈਸ਼ਨ ਵੀ ਸ਼ਾਮਲ ਸਨ, ਜਿਨ੍ਹਾਂ ਨੇ ਸੀਜੀਸੀ ਦੇ ਵਿਿਦਆਰਥੀਆਂ, ਫੈਕਲਟੀ, ਖੋਜਕਰਤਾਵਾਂ ਅਤੇ ਉਦਯੋਗ ਮਾਹਰਾਂ ਨੂੰ ਇੱਕ ਅਨਮੋਲ ਮੰਚ ਪ੍ਰਦਾਨ ਕੀਤਾ।ਅੰਤ ਵਿੱਚ ਪੇਪਰ ਪੇਸ਼ਕਾਰੀਆਂ ਅਤੇ ਪੋਸਟਰ ਮੁਕਾਬਲਿਆਂ ਦੇ ਜੇਤੂਆਂ ਦੇ ਸਨਮਾਨ ਨਾਲ ਕਾਨਫਰੰਸਾਂ ਸਫਲਤਾਪੂਰਵਕ ਸਮਾਪਤ ਹੋਈਆਂ।