ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਕੁਝ ਅਨਾਜ ਮੰਡੀਆਂ ਵਿੱਚ ਝੋਨੇ ਦੀ ਆਮਦ ਹੋਣ ਦੇ ਨਾਲ ਹੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਅੱਜ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅਨਾਜ ਮੰਡੀ ਖਮਾਣੋ ਵਿਖੇ ਦੌਰਾ ਕਰਕੇ ਝੋਨੇ ਦੀ ਸਰਕਾਰੀ ਖਰੀਦ ਆਰੰਭ ਕਰਵਾਈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਕਿਸਾਨ ਵੀਰਾਂ ਨੂੰ ਅਨਾਜ ਮੰਡੀਆਂ ਵਿੱਚ ਹਰ ਸੁਵਿਧਾ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਸੀਜ਼ਨ ਦੌਰਾਨ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਲ ਪੇਸ਼ ਨਹੀਂ ਆਵੇਗੀ। ਇਸ ਮੌਕੇ ਉਨ੍ਹਾਂ ਨੇ ਕਿਸਾਨ ਵੱਲੋਂ ਲਿਆਂਦੀ ਜਿਣਸ ਦੀ ਬੋਲੀ ਵੀ ਲਗਵਾਈ ਅਤੇ ਮੌਕੇ ਉਤੇ ਹੀ ਫ਼ਸਲ ਦੀ ਖਰੀਦ ਕੀਤੀ ਗਈ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਆੜ੍ਹਤੀਆਂ ਅਤੇ ਕਿਸਾਨਾਂ ਦੀ ਇਕੱਤਰਤਾ ਦੌਰਾਨ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ, ਖਰੀਦ, ਲਿਫਟਿੰਗ ਅਤੇ ਸਮੇਂ ਸਿਰ ਅਦਾਇਗੀ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਦਾਣੇ ਦਾਣੇ ਦੀ ਖਰੀਦ ਅਤੇ ਚੁਕਾਈ ਕਰਨ ਲਈ ਵਚਨਬੱਧ ਹੈ।
ਸ੍ਰੀ ਹੈਪੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਝੋਨੇ ਦੀ ਖਰੀਦ, ਲਿਫਟਿੰਗ, ਬਾਰਦਾਨੇ ਦੀ ਉਪਲਬਧਤਾ, ਟਰਾਂਸਪੋਰਟੇਸ਼ਨ, ਲੇਬਰ ਸਮੇਤ ਬਿਜਲੀ, ਪੀਣ ਲਈ ਸਾਫ਼ ਪਾਣੀ, ਸਾਫ਼ ਸਫ਼ਾਈ, ਪਖਾਨਿਆਂ ਦੀ ਸੁਵਿਧਾ ਸਬੰਧੀ ਕੋਈ ਵੀ ਲਾਪਰਵਾਹੀ ਨਾ ਵਰਤਣ ਲਈ ਸਪੱਸ਼ਟ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਵਿਧਾਇਕ ਨੇ ਕਿਹਾ ਕਿ ਹਲਕਾ ਬਸੀ ਪਠਾਣਾ ਅਧੀਨ ਆਉਂਦੀਆ ਸਮੂਹ ਅਨਾਜ ਮੰਡੀਆਂ ਦੀ ਨਿਗਰਾਨੀ ਉਪ ਮੰਡਲ ਮੈਜਿਸਟਰੇਟ ਕਰ ਰਹੇ ਹਨ ਅਤੇ ਸਾਰੀਆਂ ਸਰਕਾਰੀ ਖਰੀਦ ਏਜੰਸੀਆਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਇਸ ਮੌਕੇ ਦਰਸ਼ਨ ਸਿੰਘ ਸ਼ਾਹੀ, ਗੋਗੀ ਅਮਰਾਲਾ, ਹਰਭਜਨ ਸਿੰਘ, ਗੁਰਮੁਖ ਕਲੇਰ, ਮਨਪ੍ਰੀਤ ਪੱਡਾ, ਜਿਮੀ ਸ਼ਰਮਾ, ਕੰਵਲਜੀਤ ਭੁੱਲਰ, ਕੁਲਵੰਤ ਸਿੰਘ ਢਿੱਲੋ, ਰਣਜੀਤ ਸਿੰਘ ਭੱਟੀ, ਸ਼ੈਂਟੀ ਭਾਰਦਵਾਜ, ਰਣਜੀਤ ਸਿੰਘ ਪੰਮਾ, ਤਜਿੰਦਰ ਸਿੰਘ ਢਿੱਲੋ, ਜੁਝਾਰ ਸਿੰਘ ਕੰਗ, ਦਲਵਿੰਦਰ ਸਰਪੰਚ, ਗੁਰਦੀਪ ਸਿੰਘ ਪ੍ਰਧਾਨ, ਮਨਦੀਪ ਧਨੌਲਾ, ਰਾਜ ਕੁਮਾਰ ਤੋਂ ਇਲਾਵਾ ਮਾਰਕੀਟ ਕਮੇਟੀ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਮੌਜੂਦ ਸਨ।