ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਰੇਕ ਪਰਿਵਾਰ ਦੀ ਸਹਾਇਤਾ ਸਰਕਾਰ ਵੱਲੋਂ ਕੀਤੀ ਜਾਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ ਨੇ ਪਿਛਲੇ ਦਿਨੀ ਲਗਾਤਾਰ ਬਾਰਿਸ਼ ਕਾਰਨ ਪਿੰਡ ਭਿੰਡਰ, ਖਿਲਚੀਆਂ, ਤਿੰਮੋਵਾਲ, ਛੱਜਲਵੱਡੀ ਆਦਿ ਵਿੱਚ ਕਈ ਘਰ ਢਹਿ ਗਏ ਸਨ ਤਾਂ ਮੁਆਇਨ੍ਹਾਂ ਕਰਦਿਆਂ ਕੀਤਾ।
ਵਿਧਾਇਕ ਟੌਂਗ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਤੁਹਾਡੀ ਦੁਖ ਸੁੱਖ ਦੀ ਭਾਈਵਾਲ ਹੈ ਅਤੇ ਜਿੰਨਾਂ ਦੇ ਮਕਾਨ ਢਹਿ ਗਏ ਹਨ ਨੂੰ ਨਿਯਮਾਂ ਅਨੁਸਾਰ ਮੁਆਵਜਾ ਜਲਦ ਹੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲਗਾਤਾਰ ਲੋਕਾਂ ਨੂੰ ਰਾਹਤ ਸਮਗਰੀ ਦੀ ਵੰਡ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਵਿਧਾਇਕ ਟੌਂਗ ਨੇ ਕਿਹਾ ਕਿ ਇਹ ਕੁਦਰਤੀ ਆਫਤ ਹੈ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਕੁਦਰਤੀ ਆਫਤ ਦਾ ਮਿਲਜੁਲ ਕੇ ਮੁਕਾਬਲਾ ਕਰੀਏ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਾਣੀ ਦਾ ਪੱਧਰ ਕੁਝ ਘੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਗਿਰਦਵਾਰੀ ਕਰਾਉਣ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਤੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਹੀ ਮੁਆਵਜਾ ਦਿੱਤਾ ਜਾਵੇਗਾ।