ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂ ਪੰਜਾਬ) ਨੇ ਸਿੱਖਿਆ ਸੰਸਕ੍ਰਿਤੀ ਉੱਥਾਨ ਨਿਆਸ (ਐਸਐਸਯੂਐਨ) ਪੰਜਾਬ ਦੇ ਸਹਿਯੋਗ ਨਾਲ "ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਦੇ ਪ੍ਰਭਾਵਸ਼ਾਲੀ ਲਾਗੂਕਰਨ" ਵਿਸ਼ੇ 'ਤੇ ਇੱਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ। ਇਹ ਸਮਾਗਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਹੋਇਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸਿੱਖਿਆ ਸ਼ਾਸਤਰੀਆਂ ਅਤੇ ਨੀਤੀ ਨਿਰਮਾਤਾਵਾਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਵਿੱਚ ਐਸਐਸਯੂਐਨ ਦੇ ਰਾਸ਼ਟਰੀ ਸਕੱਤਰ ਡਾ. ਅਤੁਲ ਕੋਠਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਦਘਾਟਨ ਭਾਸ਼ਣ ਦਿੱਤਾ। ਉਨ੍ਹਾਂ ਦੇ ਨਾਲ-ਨਾਲ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜੀਵ ਸੂਦ ਅਤੇ ਐਸਐਸਯੂਐਨ ਦੇ ਉੱਤਰੀ ਖੇਤਰ ਕੋਆਰਡੀਨੇਟਰ ਸ਼੍ਰੀ ਜਗਰਾਮ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ। ਮਾਲਵਾ ਖੇਤਰ ਦੇ ਕਈ ਪ੍ਰਮੁੱਖ ਸਿੱਖਿਆ ਸ਼ਾਸਤਰੀਆਂ ਨੇ ਵੀ ਵਰਕਸ਼ਾਪ ਵਿੱਚ ਭਾਗ ਲਿਆ।
ਆਪਣੇ ਸਵਾਗਤੀ ਸੰਬੋਧਨ ਵਿੱਚ ਪ੍ਰੋ. ਤਿਵਾਰੀ ਨੇ ਐਨਈਪੀ-2020 ਦੀ ਭੂਮਿਕਾ 'ਤੇ ਰੌਸ਼ਨੀ ਪਾਈ ਅਤੇ ਯੂਨੀਵਰਸਿਟੀ ਵੱਲੋਂ ਲਾਗੂ ਕੀਤੀਆਂ ਮੁੱਖ ਪਹਿਲਕਦਮੀਆਂ ਜਿਵੇਂ ਕਿ ਐਲਓਸੀਐਫ-ਅਧਾਰਤ ਪਾਠਕ੍ਰਮ, ਅਕਾਦਮਿਕ ਬੈਂਕ ਆਫ ਕ੍ਰੈਡਿਟ, ਮੂਕਸ-ਅਧਾਰਤ ਕ੍ਰੈਡਿਟ ਟ੍ਰਾਂਸਫਰ, ਇੰਟਰਨਸ਼ਿਪ-ਐਂਬੈਡਡ ਕੋਰਸ, ਮਲਟੀਪਲ ਐਂਟਰੀ ਐਗਜ਼ਿਟ ਸਿਸਟਮ ਆਦਿ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਨਾਵਚਾਰ ਅਤੇ ਮੁੱਲ-ਅਧਾਰਿਤ ਸਿੱਖਿਆ ਪ੍ਰਤੀ ਯੂਨੀਵਰਸਿਟੀ ਦੀ ਵਚਨਬੱਧਤਾ ਪ੍ਰਗਟਾਈ।
ਮੁੱਖ ਮਹਿਮਾਨ ਡਾ. ਅਤੁਲ ਕੋਠਾਰੀ ਨੇ ਆਪਣੇ ਭਾਸ਼ਣ ਵਿੱਚ ਐਨਈਪੀ-2020 ਨੂੰ ਭਾਰਤ-ਕੇਂਦ੍ਰਿਤ, ਵਿਦਿਆਰਥੀ-ਕੇਂਦ੍ਰਿਤ ਅਤੇ ਭਾਰਤੀ ਸੰਸਕਾਰਾਂ ਤੇ ਮੂਲ ਪਦਾਰਥਾਂ 'ਤੇ ਆਧਾਰਿਤ ਨੀਤੀ ਦੱਸਦੇ ਹੋਏ, ਰੱਟਨ ਦੀ ਥਾਂ ਅਨੁਭਵ ਅਧਾਰਿਤ ਸਿੱਖਿ ਅਤੇ ਹੁਨਰ ਵਿਕਾਸ ਨੂੰ ਪਾਠਕ੍ਰਮ ਦਾ ਹਿੱਸਾ ਬਣਾਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ "ਵੋਕਲ ਫਾਰ ਲੋਕਲ" ਦੀ ਵਿਸਨ ਅਨੁਸਾਰ ਖੇਤਰੀ ਭਾਸ਼ਾਵਾਂ ਅਤੇ ਸਵਦੇਸ਼ੀ ਗਿਆਨ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਦੀ ਲੋੜ ਨੂੰ ਵੀ ਉਜਾਗਰ ਕੀਤਾ।
ਡਾ. ਰਾਜੀਵ ਸੂਦ ਨੇ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਐਨਈਪੀ ਲਾਗੂ ਕਰਨ ਦੇ ਤਜਰਬਿਆਂ ਨੂੰ ਸਾਂਝਾ ਕੀਤਾ ਅਤੇ ਸੀਯੂ ਪੰਜਾਬ ਦੀ ਮੂਲ ਭੂਮਿਕਾ ਦੀ ਸ਼ਲਾਘਾ ਕੀਤੀ। ਸੀਯੂ ਪੰਜਾਬ ਦੇ ਪਰੋ ਵਾਈਸ-ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਨੌਜਵਾਨਾਂ ਵਿੱਚ ਆਧੁਨਿਕ ਹੁਨਰ ਵਿਕਸਤ ਕਰਨ ਲਈ ਐਨਈਪੀ ਦੀ ਪ੍ਰਭਾਵਸ਼ਾਲੀ ਲਾਗੂਕਰਨ ਦੀ ਲੋੜ ਉੱਤੇ ਵਧੇਰੇ ਜ਼ੋਰ ਦਿੱਤਾ।
ਤਕਨੀਕੀ ਸੈਸ਼ਨਾਂ ਦੀ ਅਗਵਾਈ ਸ਼੍ਰੀ ਜਗਰਾਮ ਅਤੇ ਡਾ. ਸੂਰਿਆਨਾਰਾਇਣ ਬਿਸਵਾਲ ਨੇ ਕੀਤੀ। ਇਨ੍ਹਾਂ ਵਿੱਚ ਵੱਖ-ਵੱਖ ਸੰਸਥਾਵਾਂ ਵੱਲੋਂ ਐਨਈਪੀ ਲਾਗੂਕਰਨ ਨਾਲ ਜੁੜੀਆਂ ਕੇਸ ਸਟੱਡੀਜ਼ ਅਤੇ ਸ੍ਰੇਸ਼ਠ ਅਭਿਆਸਾਂ ਦੀ ਪੇਸ਼ਕਸ਼ ਕੀਤੀ ਗਈ, ਜਿਸ ਨਾਲ ਰੋਡਮੈਪ ਦਾ ਖਾਕਾ ਤਿਆਰ ਹੋਇਆ।ਵਰਕਸ਼ਾਪ ਦੀ ਸ਼ੁਰੂਆਤ ਕੋਆਰਡੀਨੇਟਰ ਪ੍ਰੋ. ਵਿਪਨ ਪਾਲ ਸਿੰਘ ਨੇ ਪ੍ਰੋਗਰਾਮ ਦੇ ਵਿਸ਼ੇ ਤੇ ਚਾਨਣਾ ਪਾਇਆ।
ਸਟੇਜ ਸੰਚਾਲਨ ਡਾ. ਕੁਲਭੂਸ਼ਣ ਸ਼ਰਮਾ ਨੇ ਕੀਤਾ। ਉਦਘਾਟਨੀ ਸਮਾਰੋਹ ਵਿੱਚ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਰਸਮੀ ਧੰਨਵਾਦ ਪ੍ਰਸਤਾਵ ਪੇਸ਼ ਕੀਤਾ। ਸਮਾਰੋਹ ਦੇ ਅੰਤ ਵਿੱਚ ਡਾ. ਸਮੀਰ ਮਹਾਜਨ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।