ਪੰਜਾਬ ਸਰਕਾਰ ਵੱਲੋਂ ਜੋਸ਼ੋ ਖਰੋਸ਼ ਨਾਲ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵਿਧਾਨ ਸਭਾ ਹਲਕਾ ਅਮਲੋਹ ਤੋਂ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੰਡੀ ਗੋਬਿੰਦਗੜ ਦੇ ਵਾਰਡ ਨੰਬਰ 28 ਵਿਖੇ ਜਨਤਕ ਸਭਾ ਦੌਰਾਨ ਭਰਵੇ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਇੱਕ ਸਭਾ ਨਹੀਂ, ਬਲਕਿ ਉਮੀਦ ਦੀ ਲਹਿਰ ਹੈ ਜਿਸ ਦਾ ਹਰ ਇੱਕ ਕਦਮ, ਨਸ਼ਾ ਮੁਕਤ ਅਤੇ ਖੁਸ਼ਹਾਲ ਪੰਜਾਬ ਵੱਲ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਨੂੰ ਆਪਣੀ ਚੌਕਸੀ ਹੋਰ ਵਧਾਉਣ ਦੀ ਲੋੜ ਹੈ ਜਿਸ ਨਾਲ ਨਸ਼ਿਆਂ ਜਿਹੀ ਸਮਾਜਿਕ ਬੁਰਾਈ ਦਾ ਮੁਕੰਮਲ ਖਾਤਮਾ ਯਕੀਨੀ ਬਣਾਇਆ ਜਾ ਸਕੇ। ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਨਸ਼ੇ ਦੀ ਬਿਮਾਰੀ ਨਾਲ ਪੀੜਤ ਵਿਅਕਤੀਆਂ ਨੂੰ ਇਲਾਜ ਸੁਵਿਧਾਵਾਂ ਪ੍ਰਦਾਨ ਕਰਨ ਲਈ ਸਰਕਾਰ ਨੇ ਸਰਵੋਤਮ ਪ੍ਰਬੰਧ ਕੀਤੇ ਹਨ ਅਤੇ ਬਤੌਰ ਨਾਗਰਿਕ ਆਪਣਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਜਿਹੇ ਪੀੜਤਾਂ ਦੀ ਮਦਦ ਲਈ ਅੱਗੇ ਆਈਏ ਅਤੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਉਣ ਲਓ ਮਨੋਬਲ ਉੱਚਾ ਚੁੱਕੀਏ।
ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਨਸ਼ਿਆਂ ਜਿਹੀ ਮਾਰੂ ਸਮਾਜਿਕ ਬੁਰਾਈ ਵਿਰੁੱਧ ਆਪਣੇ ਸਾਰਿਆਂ ਦੇ ਇੱਕਜੁੱਟ ਹੋਣ ਦੀ ਲੋੜ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਪਰਿਵਾਰ ਨੂੰ ਨਸ਼ਿਆਂ ਕਾਰਨ ਆਪਣੇ ਪਿਆਰੇ ਨੂੰ ਗਵਾਉਣ ਦਾ ਦਰਦ ਨਾ ਝੱਲਣਾ ਪਵੇ। ਉਹਨਾਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਸ਼ਾਮਿਲ ਲੋਕਾਂ ਵਿਰੁੱਧ ਪੰਜਾਬ ਸਰਕਾਰ ਸਖਤ ਕਾਰਵਾਈ ਕਰ ਰਹੀ ਹੈ ਅਤੇ ਹਰੇਕ ਨਾਗਰਿਕ ਨੂੰ ਵੱਧ ਚੜ ਕੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਇਸ ਜੰਗ ਦਾ ਸਰਗਰਮ ਹਿੱਸਾ ਬਣਨਾ ਚਾਹੀਦਾ ਹੈ।