ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂ ਪੰਜਾਬ) ਵਿਖੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਵੀਰਵਾਰ ਨੂੰ "ਵਿਗਿਆਨ ਸੰਚਾਰ ਰਾਹੀਂ ਵਿਗਿਆਨ ਅਤੇ ਸਮਾਜ ਦਾ ਏਕੀਕਰਨ" ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਲੜੀ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਯੂਨੀਵਰਸਿਟੀ ਦੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ, ਇੰਸਟੀਚਿਊਸ਼ਨਲ ਇਨੋਵੇਸ਼ਨ ਕੌਂਸਲ ਅਤੇ ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਸਟੱਡੀਜ਼ ਵਿਭਾਗ ਦੇ ਸਾਂਝੇ ਉਪਰਾਲੇ ਸਦਕਾ ਸੰਪੰਨ ਹੋਇਆ।
ਇਸ ਲੈਕਚਰ ਲੜੀ ਵਿੱਚ ਸੀਐਸਆਈਆਰ-ਨੈਸ਼ਨਲ ਇੰਸਟੀਚਿਊਟ ਆਫ਼ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ ਦੇ ਡਾਇਰੈਕਟਰ ਪ੍ਰੋ. ਰੰਜਨਾ ਅਗਰਵਾਲ ਅਤੇ ਦ ਡੇਲੀ ਗਾਰਡੀਅਨ ਦੇ ਐਡੀਟਰ ਸ਼੍ਰੀ ਸ਼੍ਰੀਕੁਮਾਰਨ ਐਨ. ਨੇ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ। ਮੁੱਖ ਬੁਲਾਰੇ ਪ੍ਰੋ. ਰੰਜਨਾ ਅਗਰਵਾਲ ਨੇ ਸਮਾਜ ਵਿੱਚ ਵਿਗਿਆਨਕ ਸਾਖਰਤਾ ਦੀ ਮਹੱਤਤਾ ਉਤੇ ਚਾਨਣ ਪਾਇਆ।
ਉਨ੍ਹਾਂ ਵਿਗਿਆਨਕ ਜਾਣਕਾਰੀ ਨੂੰ ਆਮ ਲੋਕਾਂ ਲਈ ਪਹੁੰਚਯੋਗ, ਦਿਲਚਸਪ ਅਤੇ ਸਮਝਣਯੋਗ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਸੀਐਸਆਈਆਰ-ਨਿਸਪਰ ਅਤੇ ਸੀਐਸਆਈਆਰ ਦੀ ਡਿਜੀਟਲ ਲਾਇਬ੍ਰੇਰੀ ਯੂਨਿਟ ਵੱਲੋਂ ਚਲਾਈਆਂ ਜਾ ਰਹੀਆਂ ਬਹੁਭਾਸ਼ਾਈ ਪ੍ਰਕਾਸ਼ਨ ਅਤੇ ਨਾਗਰਿਕ-ਕੇਂਦਰਤ ਵਿਗਿਆਨ ਪਲੇਟਫਾਰਮਾਂ ਦੀ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਵਿਗਿਆਨ ਸੰਚਾਰ ਹਰ ਵਿਗਿਆਨੀ ਦੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਮੀਡੀਆ ਅਤੇ ਹੋਰ ਮਾਧਿਅਮਾਂ ਰਾਹੀਂ ਵਿਗਿਆਨਕ ਜਾਣਕਾਰੀ ਪ੍ਰਸਾਰਿਤ ਕਰਨੀ ਚਾਹੀਦੀ ਹੈ। ਦੂਜੇ ਸੈਸ਼ਨ ਵਿੱਚ, ਸ਼੍ਰੀ ਸ਼੍ਰੀਕੁਮਾਰਨ ਐਨ ਨੇ ਵਿਗਿਆਨ ਸੰਚਾਰ ਬਾਰੇ ਇੱਕ ਪੱਤਰਕਾਰ ਦੇ ਨਜ਼ਰੀਏ ਨੂੰ ਪੇਸ਼ ਕੀਤਾ।
ਉਨ੍ਹਾਂ ਦੱਸਿਆ ਕਿ ਕਿਵੇਂ ਮੁੱਖ ਧਾਰਾ ਦਾ ਮੀਡੀਆ ਵਿਗਿਆਨੀਆਂ ਅਤੇ ਆਮ ਜਨਤਾ ਵਿਚਕਾਰ ਪੁਲ ਦਾ ਕੰਮ ਕਰ ਸਕਦਾ ਹੈ। ਉਨ੍ਹਾਂ ਪੱਤਰਕਾਰਾਂ ਦੀਆਂ ਨੈਤਿਕ ਜ਼ਿੰਮੇਵਾਰੀਆਂ, ਨਿਰਪੱਖ ਰਿਪੋਰਟਿੰਗ ਅਤੇ ਰਿਪੋਰਟਿੰਗ ਦੌਰਾਨ ਦਰਪੇਸ਼ ਚੁਣੌਤੀਆਂ — ਜਿਵੇਂ ਕਿ ਸਮੇਂ ਦੀ ਘਾਟ — ਬਾਰੇ ਵਿਚਾਰ ਸਾਂਝੇ ਕੀਤੇ।
ਉਨ੍ਹਾਂ ਵਿਦਿਆਰਥੀਆਂ ਨੂੰ ਲੇਆਉਟ, ਡਿਜ਼ਾਈਨ, ਸਿਰਲੇਖ, ਕੈਪਸ਼ਨ ਲਿਖਣ ਅਤੇ ਫੋਟੋਆਂ ਅਤੇ ਇਨਫੋਗ੍ਰਾਫਿਕਸ ਰਾਹੀਂ ਵਿਜ਼ੂਅਲ ਕਹਾਣੀ ਦਰਸ਼ਾਉਂਣ ਵਿੱਚ ਕੁਸ਼ਲਤਾ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਗਿਆਨ-ਅਧਾਰਤ ਸਮਾਜ ਦੇ ਨਿਰਮਾਣ ਵਿੱਚ ਵਿਗਿਆਨ ਸੰਚਾਰ ਦੀ ਭੂਮਿਕਾ 'ਤੇ ਚਾਨਣ ਪਾਇਆ।
ਉਨ੍ਹਾਂ ਵਿਗਿਆਨੀਆਂ, ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਤ ਕਰਨ ਅਤੇ ਆਪਣੇ ਖੋਜਕਾਰਜ ਦੀ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਉਣ ਲਈ ਪ੍ਰੇਰਿਤ ਕਰਨ 'ਤੇ ਜ਼ੋਰ ਦਿੱਤਾ। ਸਮਾਗਮ ਦੀ ਸ਼ੁਰੂਆਤ ਵਿੱਚ ਡੀਨ ਇੰਚਾਰਜ ਅਕਾਦਮਿਕ, ਪ੍ਰੋ. ਆਰ. ਕੇ. ਵੁਸੀਰਿਕਾ ਨੇ ਸਵਾਗਤੀ ਭਾਸ਼ਣ ਦਿੱਤਾ।
ਇਸ ਤੋਂ ਬਾਅਦ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਡਾ. ਰੂਬਲ ਕਨੌਜੀਆ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ। ਸਮਾਗਮ ਦਾ ਸੰਚਾਲਨ ਡਾ. ਅਲੀਮ ਖਾਨ ਨੇ ਕੀਤਾ। ਅੰਤ ਵਿੱਚ ਆਈਕਿਊਏਸੀ ਡਾਇਰੈਕਟਰ ਪ੍ਰੋ. ਮੋਨੀਸ਼ਾ ਧੀਮਾਨ, ਨੇ ਸਾਰਿਆਂ ਦਾ ਧੰਨਵਾਦ ਕੀਤਾ।