ਸਿਹਤ ਸੰਭਾਲ ਦੇ ਖੇਤਰ ਵਿਚ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦੋ ਅਹਿਮ ਸਮਝੌਤੇ ਕੀਤੇ ਗਏ ਹਨ। ਪਹਿਲਾ ਸਮਝੌਤਾ ਪੀ.ਜੀ.ਆਈ.ਐਮ.ਈ.ਆਰ. ਚੰਡੀਗੜ੍ਹ ਅਧੀਨ ਅਰੋਗਿਆ ਸੀਆਈਬੀਓਡੀ ਅਫੌਰਡੇਬਲ ਹੈਲਥਕੇਅਰ ਫਾਊਂਡੇਸ਼ਨ ਅਤੇ ਨਿਰੋਗਿਆ ਲਾਈਫ ਲਾਈਨ ਫਾਊਂਡੇਸ਼ਨ ਨਾਲ ਕਲਮਬੱਧ ਹੋਇਆ ਹੈ ਜਿਸ ਦਾ ਉਦੇਸ਼ ਦੋਵਾਂ ਸੰਸਥਾਵਾਂ ਵਿਚਕਾਰ ਗਿਆਨ, ਸਰੋਤਾਂ ਅਤੇ ਮੁਹਾਰਤ ਨੂੰ ਸਾਂਝਾ ਕਰਨ ਦੇ ਨਾਲ ਨਾਲ ਅਰੋਗਿਯਾ ਸੀਆਈਬੀਓਡੀ ਮੁਹਿੰਮ ਦੇ ਤਹਿਤ ਅਕਾਦਮਿਕ ਸਹਿਯੋਗ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨਾ ਹੈ।
ਨਿਵੇਦਿਤਾ ਚੈਰੀਟੇਬਲ ਟਰੱਸਟ ਨਾਲ ਹੋਏ ਦੂਜੇ ਸਮਝੌਤੇ ਦਾ ਉਦੇਸ਼ ਪੋਸ਼ਣ ਉਤਸਵ ਅਤੇ ਸਪਤ ਸਿੰਧੂ ਮੁਹਿੰਮ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ 'ਤੇ ਕੇਂਦ੍ਰਿਤ ਹੈ। ਦੋਵੇਂ ਸਹਿਯੋਗ ਸੱਭਿਆਚਾਰਕ ਅਭਿਆਸਾਂ ਰਾਹੀਂ ਸਾਡੀ ਸਭਿਅਤਾ ਦੇ ਅਮੀਰ ਸਮਾਜਿਕ-ਸੱਭਿਆਚਾਰਕ ਇਤਿਹਾਸ ਅਤੇ ਵਿਰਾਸਤ ਨੂੰ ਮੁੜ ਖੋਜਣ ਅਤੇ ਸਾਂਝਾ ਕਰਨ ਲਈ ਤਿਆਰ ਕੀਤੇ ਗਏ ਹਨ।
ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਸਮਕਾਲੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਅਕਾਦਮਿਕ ਖੇਤਰ ਨੂੰ ਆ ਰਹੇ ਨਵੀਂ ਸਮੇਂ ਨਾਲ ਜੋੜਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪਹਿਲਕਦਮੀਆਂ ਯੂਨੀਵਰਸਿਟੀ ਦੀ ਦੇਸ਼ ਭਰ ਦੇ ਬਾਇਓਮੈਡੀਕਲ ਡਿਵਾਈਸਾਂ, ਯੰਤਰਾਂ, ਦਵਾਈ, ਫਾਰਮਾ ਸੈਕਟਰ ਅਤੇ ਬਾਇਓਟੈਕਨਾਲੋਜੀ ਦੇ ਖੇਤਰ ਵਿੱਚ ਹੁਨਰ ਵਿਕਸਤ ਕਰਨ ਅਤੇ ਪ੍ਰਭਾਵਸ਼ਾਲੀ ਖੋਜ ਅਤੇ ਵਿਕਾਸ ਦੀ ਵਚਨਬੱਧਤਾ 'ਤੇ ਪਹਿਰਾ ਦਿੰਦਿਆਂ ਹਨ।
ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ, ਡਾਇਰੈਕਟਰ ਗਲੋਬਲ ਰੈਂਕਿੰਗ ਐਂਡ ਕੋਲੈਬੋਰੇਸ਼ਨ ਸੈੱਲ ਨੇ ਕਿਹਾ ਕਿ ਭਾਰਤ ਨੇ ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਹਾਲਾਂਕਿ, ਅਸੀਂ ਅਜੇ ਵੀ ਸਿਹਤ ਸੰਭਾਲ ਵਿੱਚ ਨਵੀਨਤਾ ਅਤੇ ਖੋਜ ਦੇ ਖੇਤਰਾਂ ਤੋਂ ਪਿੱਛੇ ਹਾਂ ਜਿਸ ਕਾਰਨ ਦੇਸ਼ ਵਿੱਚ ਸਿਹਤ ਸੰਭਾਲ ਲਾਗਤ ਵਿੱਚ ਵਾਧਾ ਹੋਇਆ ਹੈ।
ਆਈ.ਸੀ.ਐਮ.ਆਰ.- ਸੀਆਈਬੀਓਡੀ ਦਾ ਉਦੇਸ਼ ਭਾਰਤੀ ਸਿਹਤ ਸੰਭਾਲ ਖੇਤਰ ਵਿੱਚ ਨਵੀਨਤਾ ਅਤੇ ਖੋਜ ਨੂੰ ਵਧਾਉਣਾ ਹੈ। ਇਸ ਉਦੇਸ਼ਾਂ ਵਿਚ ਹਰ ਇਕ ਨਾਗਰਿਕ ਨੂੰ ਚੰਗੀ ਸਿਹਤਮੰਦ ਜੀਵਨ ਸ਼ੈਲੀ ਦੇਣਾ ਮੁੱਖ ਰੂਪ ਵਿਚ ਸ਼ਾਮਿਲ ਹੈ। ਸਮਝੌਤੇ 'ਤੇ ਡਾ. ਹਰਵਿੰਦਰ ਸਿੰਘ ਸੈਣੀ, ਡੀਨ ਵਿਿਦਆਰਥੀ ਭਲਾਈ ਅਤੇ ਡਾ. ਵਰਿੰਦਰ ਗਰਗ, ਪ੍ਰਿੰਸੀਪਲ ਇਨਵੈਸਟੀਗੇਟਰ, ਆਈਸੀਐਮਆਰ-ਸੈਂਟਰ ਫਾਰ ਇਨੋਵੇਸ਼ਨ ਐਂਡ ਬਾਇਓ-ਡਿਜ਼ਾਈਨ (ਸੀਆਈਬੀਓਡੀ), ਪੀਜੀਆਈਐਮਈਆਰ ਚੰਡੀਗੜ੍ਹ ਨੇ ਦਸਤਖਤ ਕੀਤੇ।
ਇਸ ਮੌਕੇ ਪ੍ਰੋਫੈਸਰ ਵੰਦਨਾ ਭੱਲਾ (ਡਾਇਰੈਕਟਰ ਰਿਸਰਚ), ਪ੍ਰੋਫੈਸਰ ਪ੍ਰੀਤ ਮਹਿੰਦਰ ਸਿੰਘ ਬੇਦੀ (ਡਾਇਰੈਕਟਰ), ਡਾ. ਤੇਜਵੰਤ ਸਿੰਘ ਕੰਗ (ਮੁਖੀ), ਡਾ. ਵਾਸੂਧਾ ਸੰਬਿਆਲ (ਪ੍ਰੋਫੈਸਰ), ਡਾ. ਹਰੀਸ਼ ਕੁਮਾਰ (ਯੂਆਈਈਟੀ, ਪੀਯੂ) ਅਤੇ ਡਾ. ਸਮਿਤੀ ਝੱਜ (ਕਾਰਜਕਾਰੀ ਪ੍ਰਬੰਧਕ, ਪੀਜੀਆਈ ਚੰਡੀਗੜ੍ਹ) ਅਤੇ ਦੋਵਾਂ ਯੂਨੀਵਰਸਿਟੀਆਂ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਡਾ. ਹਰੀਸ਼ ਕੁਮਾਰ ਨੇ ਕਿਹਾ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਦੀ ਅਗਵਾਈ ਹੇਠ ਸੀਆਈਬੀਓਡੀ ਦਾ ਯੂਨੀਵਰਸਿਟੀ ਨਾਲ ਮਿਲ ਕੇ ਕੰਮ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡਾ ਮਿਸ਼ਨ ਕਿਫਾਇਤੀ ਸਿਹਤ ਸੰਭਾਲ ਵਿੱਚ ਮੌਜੂਦਾ ਰੁਕਾਵਟਾਂ ਲਈ ਨਵੀਨਤਾਕਾਰੀ ਹੱਲ ਲੱਭਣਾ ਹੈ।