ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਅੱਜ ਨੈਸ਼ਨਲ ਲੈਪਰੋਸੀ ਇੰਰੈਡੀਕੇਸ਼ਨ ਪ੍ਰੋਗਰਾਮ ਅਧੀਨ ਡਾਕਟਰਾਂ ਅਤੇ ਪੈਰਾ ਮੈਡੀਕਲ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਬੋਲਦਿਆਂ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਕੁਸ਼ਟ ਰੋਗ ਮਾਈਕ੍ਰੋਬੈਕਟੀਰੀਆਂ ਐਮ ਲੈਪਰਾ ਦੇ ਕਾਰਨ ਹੁੰਦਾ ਹੈ। ਇਹ ਰੋਗ ਜ਼ਿਆਦਾਤਰ ਚਮੜੀ ਅਤੇ ਨਸਾਂ ਨੂੰ ਪ੍ਰਭਾਵਿਤ ਕਰਦਾ ਹੈ।
ਜੇਕਰ ਇਸਦਾ ਇਲਾਜ ਸਮੇਂ ਤੇ ਨਾ ਕੀਤਾ ਜਾਵੇ, ਤਾਂ ਇਸ ਰੋਗ ਨਾਲ ਅੰਗਾਂ ਵਿੱਚ ਵਿਗਾੜ ਆਉਣਾ ਸ਼ੁਰੂ ਹੋ ਜਾਂਦਾ ਹੈ। ਜ਼ਿਲ੍ਹਾਂ ਲੈਪਰੋਸੀ ਅਫਸਰ ਡਾ. ਅਮਨਦੀਪ ਕੌਰ ਨੇ ਕੁਸ਼ਟ ਰੋਗ ਦੇ ਮੁੱਖ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਭਾਗੀਦਾਰਾਂ ਨੂੰ ਕਿਹਾ ਕਿ ਫੀਲਡ ਸਰਵੇ ਦੌਰਾਨ ਜੇਕਰ ਉਨ੍ਹਾਂ ਨੂੰ ਕੋਈ ਅਜਿਹੇ ਚਿੰਨ ਤੇ ਲੱਛਣਾਂ ਵਾਲਾ ਵਿਅਕਤੀ ਮਿਲਦਾ ਹੈ ਤਾਂ ਉਹ ਉਸਨੂੰ ਜ਼ਿਲ੍ਹਾ ਹਸਪਤਾਲ ਵਿਖੇ ਤੈਨਾਤ ਚਮੜੀ ਦੇ ਮਾਹਰ ਡਾਕਟਰ ਕੋਲ ਦਿਖਾਣਾ ਯਕੀਨੀ ਬਣਾਉਣ ਅਤੇ ਉਸ ਦਾ ਸੰਪੂਰਨ ਇਲਾਜ ਕਰਵਾਉਣ ਲਈ ਉਸਦੀ ਹਰ ਪੱਖ ਤੋਂ ਸੰਭਵ ਮਦਦ ਕਰਨ ਅਤੇ ਇਲਾਜ ਦੌਰਾਨ ਉਸ ਦੀ ਸਹੀ ਤਰੀਕੇ ਨਾਲ ਫੋਲੋ ਅਪ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ। ਇਸ ਤੋਂ ਪ੍ਰਭਾਵਿਤ ਵਿਅਕਤੀ ਨੂੰ ਨਫ਼ਰਤ ਨਾ ਕੀਤੀ ਜਾਵੇ ਸਗੋਂ ਉਸ ਨੂੰ ਇਲਾਜ ਕਰਵਾਉਣ ਵਿੱਚ ਪੂਰਾ ਸਹਿਯੋਗ ਕੀਤਾ ਜਾਵੇ। ਉਨ੍ਹਾਂ ਨੇ ਕੁਸ਼ਟ ਰੋਗ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਮੜੀ ਤੇ ਹਲਕੇ ਪੀਲੇ ਰੰਗ ਦੇ ਚਟਾਕ ਪੈਣਾ, ਉਸ ਭਾਗ ਦਾ ਸੁੰਨ ਹੋ ਜਾਣਾ, ਹੱਥਾਂ ਪੈਰਾਂ ਦੀਆਂ ਉਂਗਲਾਂ ਦਾ ਝੜ ਜਾਣਾ, ਗਰਮ ਅਤੇ ਠੰਡੀ ਵਸਤੂ ਦਾ ਪਤਾ ਨਾ ਲੱਗਣਾ, ਚਿਹਰਾ ਚਮਕਦਾਰ ਹੋਣਾ, ਪਸੀਨਾ ਨਾ ਆਉਣਾ ਆਦਿ ਕੁਸ਼ਟਰੋਗ ਦੇ ਲੱਛਣ ਹੋ ਸਕਦੇ ਹਨ।
ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲਗਾ ਕੇ ਇਸ ਦਾ ਇਲਾਜ ਕਰਵਾਉਣਾ ਅਤਿ ਜਰੂਰੀ ਹੁੰਦਾ ਹੈ ਤਾਂ ਜੋ ਵਿਅਕਤੀ ਨੂੰ ਇਸ ਰੋਗ ਨਾਲ ਹੋਣ ਵਾਲੀ ਅਪੰਗਤਾ ਤੋ ਬਚਾਇਆ ਜਾ ਸਕੇ। ਇਹ ਬਿਮਾਰੀ ਇਲਾਜ ਯੋਗ ਹੈ ਅਤੇ ਇਸ ਦਾ ਇਲਾਜ ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਐਮ.ਡੀ.ਟੀ.ਦੁਆਰਾ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਸਵਪਨਜੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਅਤੇ ਐਨ.ਐਮ.ਐਸ. ਪਰਮਜੀਤ ਕੌਰ ਆਦਿ ਹਾਜ਼ਰ ਸਨ।