ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜ਼ਿਲ੍ਹਾ ਭਰ ਵਿਚ 01ਜੁਲਾਈ ਤੋਂ 31 ਅਗਸਤ ਤੱਕ "ਦਸਤ ਰੋਕੂ ਮੁਹਿੰਮ" ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੌਰਾਨ ਜਿਲਾ ਹਸਪਤਾਲ ਵਿਖੇ ਆਪਣਾ ਇਲਾਜ ਕਰਾਉਣ ਲਈ ਆਏ ਮਰੀਜ਼ਾਂ ਅਤੇ ਉਹਨਾਂ ਦੇ ਵਾਰਸ ਜਿਨਾਂ ਦੇ ਘਰਾਂ ਵਿੱਚ ਪੰਜ ਸਾਲ ਤੱਕ ਦੇ ਛੋਟੇ ਬੱਚੇ ਹਨ ਨੂੰ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਵੱਲੋਂ ਓ.ਆਰ.ਐਸ ਦੇ ਪੈਕਟ ਵੰਡੇ ਗਏ।
ਛੋਟੇ ਬੱਚਿਆਂ ਦੇ ਮਾਤਾ ਪਿਤਾ ਨੂੰ ਪੈਕਟ ਵੰਡਦਿਆਂ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਬੱਚਿਆਂ ਵਿੱਚ ਦਸਤ ਲੱਗਣ ਦੀ ਸੂਰਤ ਵਿੱਚ ਜੀਵਨ ਰੱਖਿਆਕ ਘੋਲ (ਓ ਆਰ ਐਸ) ਦਾ ਇੱਕ ਅਹਿਮ ਰੋਲ ਹੁੰਦਾ ਹੈ ਅਜਿਹੀ ਹਾਲਤ ਵਿੱਚ ਇਹ ਬੱਚੇ ਲਈ ਇੱਕ ਅੰਮ੍ਰਿਤ ਸਮਾਨ ਸਿੱਧ ਹੁੰਦਾ ਹੈ ।ਉਹਨਾਂ ਕਿਹਾ ਕਿ ਜੇਕਰ ਇਹ ਘੋਲ ਦਸਤ ਲੱਗਣ ਦੀ ਸੂਰਤ ਵਿੱਚ ਤੁਰੰਤ ਸ਼ੁਰੂ ਕਰ ਦਿੱਤਾ ਜਾਵੇ ਤਾਂ ਬੱਚੇ ਦੇ ਸਰੀਰ ਵਿੱਚੋਂ ਪਾਣੀ ਖਤਮ ਹੋਣ ਦੀ ਗੰਭੀਰ ਸਥਿਤੀ ਤੋਂ ਬੱਚੇ ਨੂੰ ਬਚਾਇਆ ਜਾ ਸਕਦਾ ਹੈ।
ਉਹਨਾਂ ਇਹ ਵੀ ਕਿਹਾ ਕਿ ਛੋਟੇ ਬੱਚਿਆਂ ਵਾਲੇ ਘਰਾਂ ਵਿੱਚ ਓਆਰਐਸ ਦਾ ਪੈਕਟ ਜਰੂਰ ਰੱਖਣਾ ਚਾਹੀਦਾ ਹੈ । ਉਹਨਾਂ ਦੱਸਿਆ ਕਿ ਇਕ ਲੀਟਰ ਪਾਣੀ ਉਬਾਲ ਕੇ ਠੰਡਾ ਕਰਕੇ ਉਸ ਵਿੱਚ ਇਹ ਪੈਕਟ ਘੋਲ ਕੇ ਬੱਚੇ ਨੂੰ 24 ਘੰਟੇ ਦੌਰਾਨ ਪਿਲਾਇਆ ਜਾ ਸਕਦਾ ਹੈ ਅਤੇ 24 ਘੰਟੇ ਬਾਅਦ ਦੂਸਰੇ ਪੈਕਟ ਦੀ ਵਰਤੋਂ ਕੀਤੀ ਜਾ ਸਕਦੀ ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਇਹ ਪੈਕਟ ਸਾਰੇ ਸਿਹਤ ਕੇਂਦਰਾਂ ਵਿੱਚ ਮੁਫਤ ਉਪਲਬਧ ਕਰਵਾਏ ਜਾ ਰਹੇ ਹਨ ਅਤੇ ਉਮਰ ਅਨੁਸਾਰ ਬੱਚਿਆਂ ਨੂੰ ਜਿੰਕ ਦੀਆਂ ਗੋਲੀਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਬੱਚਿਆਂ ਦੇ ਮਾਹਰ ਡਾ ਗੁਰਮਹਿੰਦਰ ਸਿੰਘ ਅਤੇ ਡਾ ਸਤਵਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਦਸਤ ਲੱਗਣ ਦੀ ਹਾਲਤ ਵਿੱਚ ਜੇਕਰ ਮੁਢਲੀ ਸਹਾਇਤਾ ਨਾ ਦਿੱਤੀ ਜਾਵੇ ਤਾਂ ਉਹਨਾਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਜੋ ਬੱਚਿਆਂ ਲਈ ਜਾਨਲੇਵਾ ਹੋ ਸਕਦੀ ਹੈ। ਉਹਨਾਂ ਕਿਹਾ ਕਿ ਦਸਤ ਲਗਣ ਤੇ ਤੁਰੰਤ ਬੱਚੇ ਨੂੰ ਓ.ਆਰ.ਐਸ ਦਾ ਘੋਲ ਦੇਣਾ ਸ਼ੁਰੂ ਕਰ ਦਿੱਤਾ ਜਾਵੇ ਤਾਂ ਜੋ ਬੱਚੇ ਦੀ ਹਾਲਤ ਨੂੰ ਗੰਭੀਰ ਹੋਣ ਤੋਂ ਬਚਾਇਆ ਜਾ ਸਕੇ।
ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਆਉਣ ਵਾਲੇ ਜਿਹੜੇ ਬੱਚੇ ਦਸਤਾਂ ਤੋਂ ਪੀੜਤ ਹੋਣਗੇ ਉਹਨਾਂ ਨੂੰ 14 ਦਿਨਾਂ ਤੱਕ ਉਮਰ ਮੁਤਾਬਿਕ ਜਿੰਕ ਦੀਆਂ ਗੋਲੀਆਂ ਵੀ ਖਿਲਾਈਆਂ ਜਾਣਗੀਆਂ ਕਿਉਂਕਿ ਜਿੰਕ ਦੀ ਗੋਲੀ ਖਾਣ ਨਾਲ ਜਿਥੇ ਬੱਚਿਆਂ ਦੇ ਦਸਤ ਜਲਦੀ ਠੀਕ ਹੁੰਦੇ ਹਨ ਉਥੇ ਬੱਚਿਆਂ ਨੂੰ ਦੁਬਾਰਾ ਦਸਤ ਲਗਣ ਦੇ ਮੌਕੇ ਵੀ ਘਟ ਜਾਂਦੇ ਹਨ। ਉਹਨਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਿੰਕ ਅਤੇ ਓ.ਆਰ.ਐੱਸ ਕਾਰਨਰ ਵੀ ਬਣਾਏ ਗਏ ਹਨ ਤਾਂ ਜੋ ਲੋੜ ਪੈਣ ਤੇ ਬੱਚੇ ਦਾ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ।
ਉਹਨਾਂ ਇਹ ਵੀ ਦੱਸਿਆ ਕਿ ਇਸ ਮੁਹਿੰਮ ਤਹਿਤ ਲੋਕਾਂ ਨੂੰ ਸਾਫ ਸਫਾਈ, ਹੱਥ ਧੌਣ ਦੀ ਤਕਨੀਕ ਤੇ ਮੱਹਤਤਾ, ਸ਼ੁੱਧ ਪਾਣੀ ਦੀ ਵਰਤੋ ਅਤੇ ਪਾਣੀ ਵਾਲੀਆਂ ਟੈਂਕੀਆਂ ਦੀ ਸਫਾਈ, ਸਿਹਤ ਸੰਸਥਾਵਾਂ, ਸਕੂਲਾਂ, ਆਂਗਣਵਾੜੀ ਕੇਦਰਾਂ ਵਿੱਚ ਵੀ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।