ਜਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ ਦੀ ਦੇਖ-ਰੇਖ ਹੇਠ "ਵਿਸ਼ਵ ਜ਼ੂਨੋਸਿਸ ਦਿਵਸ" ਮਨਾਇਆ ਗਿਆ। ਇਸ ਮੌਕੇ ਤੇ ਹਸਪਤਾਲ ਵਿੱਚ ਇਲਾਜ ਕਰਾਉਣ ਲਈ ਆਏ ਮਰੀਜ਼ਾਂ ,ਉਹਨਾਂ ਦੇ ਵਾਰਿਸਾਂ ਅਤੇ ਸਕੇ ਸਬੰਧੀਆਂ ਨੂੰ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ।
ਜਾਗਰੂਕ ਕਰਦਿਆਂ ਡਾ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਹਲਕਾਅ, ਇੰਨਫਲੂਐਜਾ, ਬਰੂਸੀਲੋਸਿਸ, ਪਲੇਗ, ਤਪਦਿਕ, ਧੱਦਰ ਰੋਗ, ਸਵਾਇਨ ਫਲੂ, ਬਰਡ ਫਲੂ, ਇਬੋਲਾ , ਡਿਪਥੀਰੀਆ, ਫੀਤਾ ਕਿਰਮ, ਚਿਕਨਗੁਣੀਆ, ਜਪਾਨੀ ਇਨਸੇਫਲਾਈਟਸ, ਰਿਕਟਸੀਓਸਿਸ, ਆਦਿ ਜ਼ੂਨੋਟਿਕ ਬਿਮਾਰੀਆਂ ਹੁੰਦੀਆਂ ਹਨ ਜੋ ਜਾਨਵਰਾਂ ਵੱਲੋਂ ਮਨੁੱਖ ਨੂੰ ਕੱਟਣ ਨਾਲ ਜਾਂ ਮਨੁੱਖੀ ਸਰੀਰ ਦੇ ਲਾਗ ਵਾਲੇ ਜਾਨਵਰ ਦੇ ਸਰੀਰਕ ਤਰਲ ਪਦਾਰਥ ਦੇ ਸੰਪਰਕ ਵਿੱਚ ਆਉਣ ਨਾਲ ਵਾਇਰਸ, ਬੈਕਟੀਰੀਆ, ਫੰਜਾਈ, ਪਰਾਈਓਨ, ਜਾਂ ਪਰਜੀਵੀਆਂ ਰਾਹੀਂ ਮਨੁੱਖੀ ਸਰੀਰ ਵਿੱਚ ਪ੍ਰਵੇਸ਼ ਕਰਦੀਆਂ ਹਨ।
ਉਹਨਾਂ ਕਿਹਾ ਕਿ ਇਹ ਬਿਮਾਰੀਆਂ ਮਨੁੱਖੀ ਸਰੀਰ ਲਈ ਇੱਕ ਗੰਭੀਰ ਖਤਰਾ ਹੁੰਦੀਆਂ ਹਨ ਇਸ ਲਈ ਇਹਨਾਂ ਤੋਂ ਬਚਣ ਲਈ ਸੁਚੇਤ ਰਿਹਾ ਜਾਵੇ। ਸੀਨੀਅਰ ਮੈਡੀਕਲ ਅਫਸਰ ਡਾ ਬਲਕਾਰ ਸਿੰਘ ਨੇ ਕਿਹਾ ਕਿ ਜ਼ੂਨੋਸਿਸ ਬਿਮਾਰੀਆਂ ਜਾਨਵਰਾਂ ਵਿੱਚ ਪੈਦਾ ਹੁੰਦੀਆਂ ਹਨ ਜਦੋਂ ਮਨੁੱਖੀ ਸਰੀਰ ਇਹਨਾਂ ਜਾਨਵਰਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਇਹ ਮਨੁੱਖਾਂ ਵਿੱਚ ਫੈਲ ਜਾਂਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਬਿਮਾਰੀਆਂ ਤੋਂ ਬਚਣ ਲਈ ਇਹ ਜਰੂਰੀ ਹੁੰਦਾ ਹੈ ਕਿ ਆਪਣੇ ਸੰਪਰਕ ਵਿੱਚ ਆਉਣ ਵਾਲੇ ਜਾਨਵਰਾਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ, ਘਰੇਲੂ ਪਾਲਤੂ ਜਾਨਵਰਾਂ ਦਾ ਸਹੀ ਸਮੇਂ ਤੇ ਪਸ਼ੂ ਚਕਿਤਸਕ ਕੋਲੋਂ ਨਿਰੀਖਣ ਕਰਵਾ ਕੇ ਨਿਰਧਾਰਤ ਟੀਕਾਕਰਨ ਕਰਵਾਇਆ ਜਾਵੇ, ਜਾਨਵਰਾਂ ਦੇ ਮਲ ਮੂਤਰ ਦਾ ਸਹੀ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇ ਅਤੇ ਰੋਗੀ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖਰਾ ਰੱਖਿਆ ਜਾਵੇ।
ਜਿਲਾ ਐਪੀਡਿਮੋਲੋਜਿਸਟ ਡਾਕਟਰ ਦੀਪਤੀ ਅਤੇ ਡਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਘਰਾਂ ਵਿੱਚ ਆਉਣ ਵਾਲੇ ਜਾਨਵਰਾਂ ਜਿਵੇਂ ਚੂਹੇ, ਛਿਪਕਲੀਆਂ ਡੱਡੂ ਆਦਿ ਦੀ ਰੋਕਥਾਮ ਕੀਤੀ ਜਾਵੇ। ਉਹਨਾਂ ਕਿਹਾ ਕਿ ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੇ ਖਾਦ ਪਦਾਰਥ ਜਿਵੇਂ ਦੁੱਧ, ਅੰਡਾ ਮੀਟ ਆਦਿ ਨੂੰ ਚੰਗੀ ਤਰ੍ਹਾਂ ਪਕਾ ਕੇ ਹੀ ਇਸਤੇਮਾਲ ਕੀਤਾ ਜਾਵੇ।
ਇਸ ਮੌਕੇ ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਸਰਿਤਾ ,ਮੈਡੀਕਲ ਅਫਸਰ ਡਾ ਸੰਪਨ, ਡੀਪੀਐਮ ਕਸੀਤਿਜ ਸੀਮਾ, ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਸਵਿੰਦਰ ਕੌਰ,ਬੀਸੀਸੀ ਅਮਰਜੀਤ ਸਿੰਘ, ਜਿਲਾ ਸਕੂਲ ਹੈਲਥ ਕੋਆਰਡੀਨੇਟਰ ਹਰਪਾਲ ਸਿੰਘ ਸੋਢੀ, ਜਗਜੀਤ ਸਿੰਘ ,ਮਾਨਵ ਸ਼ਾਹ, ਧਰਮ ਸਿੰਘ ਆਦਿ ਹਾਜ਼ਰ ਸਨ।