ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ “ਖੇਡਾਂ ਵਤਨ ਪੰਜਾਬ ਦੀਆਂ-2023” ਅਧੀਨ ਬਲਾਕ ਪੱਧਰੀ ਮੁਕਾਬਲੇ ਜਿ਼ਲ੍ਹਾ ਮੋਗਾ ਵਿਖੇ ਵੀ ਸ਼ੁਰੂ ਹੋ ਚੁੱਕੇ ਹਨ। ਬਲਾਕ ਪੱਧਰੀ ਇਹ ਮੁਕਾਬਲੇ 10 ਸਤੰਬਰ ਤੱਕ ਚੱਲਣਗੇ। ਬਲਾਕ ਪੱਧਰੀ ਖੇਡਾਂ ਦੇ ਪਹਿਲੇ ਦਿਨ ਅੱਜ ਖਿਡਾਰੀਆਂ ਨੇ ਪੂਜੇ ਜ਼ੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਖੇਡ ਮੈਦਾਨਾਂ ਦੀਆਂ ਰੌਣਕਾਂ ਨੂੰ ਵਧਾਇਆ। ਬਲਾਕ ਬਾਘਾਪੁਰਾਣਾ ਦੀਆਂ ਖੇਡਾਂ ਵਿਧਾਇਕ ਸ੍ਰ. ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਰਸਮੀ ਤੌਰ ਉੱਪਰ ਸ਼ੁਰੂ ਕਰਵਾਈਆਂ ਗਈਆਂ।
ਇਸ ਮੌਕੇ ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖਿਡਾਰੀਆਂ ਦੇ ਚੰਗੇ ਅਤੇ ਨਸ਼ਾ ਰਹਿਤ ਭਵਿੱਖ ਲਈ ਹੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਲੈ ਕੇ ਆਈ ਹੈ। ਉਨ੍ਹਾਂ ਦੱਸਿਆ ਕਿ ਖੇਡ ਮੈਦਾਨਾਂ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਇਕੱਠ ਤੋਂ ਅੰਦਾਜਾ ਲਗਾਇਆ ਜਾ ਸਕਦੈ ਕਿ ਨੌਜਵਾਨ ਪੀੜ੍ਹੀ ਖੇਡਾਂ ਦੇ ਰਾਹਾਂ ਵੱਲ ਤੁਰ ਰਹੀ ਹੈ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਬਹੁਤਾ ਸਮਾਂ ਨਹੀਂ ਲੱਗੇਗਾ। ਇਸ ਮੋਕੇ ਉਨ੍ਹਾਂ ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਸ੍ਰੀ ਦੀਪਕ ਅਰੋੜਾ ਅਤੇ ਚੇਅਰਮੈਨ ਜਿ਼ਲ੍ਹਾ ਯੋਜਨਾ ਕਮੇਟੀ ਮੋਗਾ ਹਰਮਨਜੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਬਲਾਕ ਧਰਮਕੋਟ ਵਿਖੇ ਸੰਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਾਲੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਖਿਡਾਰੀਆਂ ਨੂੰ ਸੰਬੋਧਨ ਕੀਤਾ। ਜਿ਼ਲ੍ਹਾ ਖੇਡ ਅਫ਼ਸਰ ਸ੍ਰੀਮਤੀ ਨਵਦੀਪ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਹਿਲੇ ਦਿਨ ਬਲਾਕ ਧਰਮਕੋਟ ਵਿਖੇ ਤਕਰੀਬਨ 11 ਸੌ ਖਡਾਰੀ ਸ਼ਾਮਿਲ ਹੋਏ ਤੇ ਖੇਡ ਕਬੱਡੀ ਅੰਡਰ-14 ਵਿੱਚ ਆਦਰਸ਼ ਸਕੂਲ ਮਨਾਵਾਂ ਅਤੇ ਪਿੰਡ ਮਨਾਵਾਂ ਦੀਆਂ ਟੀਮਾਂ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈਆਂ।
ਅੰ.17 ਵਿੱਚ ਪਿੰਡ ਮਨਾਵਾਂ ਅਤੇ ਸਰਕਾਰੀ ਹਾਈ ਸਕੂਲ, ਮਨਾਵਾਂ ਫਾਈਨਲ ਵਿੱਚ ਖੇਡਣਗੀਆਂ। ਇਸਤੋਂ ਇਲਾਵਾ ਵਾਲੀਬਾਲ, ਖੋ-ਖੋ, ਫੁੱਟਬਾਲ, ਅਥਲੈਟਿਕਸ ਦੇ ਮੈਚ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਲਈ ਰਿਫਰੈਸ਼ਮੈਂਟ ਅਤੇ ਦੁਪਹਿਰ ਦੇ ਖਾਣੇ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।