ਐਸ ਡੀ ਐੱਮ ਹਰਬੰਸ ਸਿੰਘ ਨੇ ਅੱਜ ਆਪਣੇ ਦਫਤਰ ਵਿਖੇ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਕਾਨੂੰਗੋ ਤੇ ਪਟਵਾਰੀਆਂ ਨੂੰ ਹੜ੍ਹ ਨਾਲ ਹੋਏ ਖ਼ਰਾਬੇ ਬਾਰੇ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਲੋਕਾਂ ਦੇ ਹੋਏ ਨੁਕਸਾਨ ਦੀ ਭਰਵਾਈ ਬਾਰੇ ਵੇਰਵੇ ਦਿੱਤੇ ਤੇ ਮਾਲ ਵਿਭਾਗ ਦੇ ਸਾਰੇ ਅਧਿਕਾਰੀਆਂ ਤੇ ਕਮਚਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਵਿਚ ਜਾਣ ਦੇ ਆਦੇਸ਼ ਜਾਰੀ ਕੀਤੇ ਤਾਂ ਜੋ ਸਮਾਂਬੱਧ ਸੀਮਾ ਵਿਚ ਸਹੀ ਅੰਕੜੇ ਲਏ ਜਾ ਸਕਣ।
ਉਨ੍ਹਾਂ ਕਿਹਾ ਰਾਹਤ ਕਾਰਜਾਂ ਦੇ ਪੜਾਅ ਉਪਰੰਤ ਹੁਣ ਦੂਜੇ ਪੜਾਅ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਿਸ ਤਹਿਤ ਆਮ ਲੋਕਾਂ ਨੂੰ ਰਾਸ਼ਨ ਮੁੱਹਈਆ ਕਰਵਾਉਣ ਸਮੇਤ ਮੈਡੀਕਲ ਕੈਂਪ ਲਗਾ ਕੇ ਦਵਾਈਆਂ ਦੇ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ। ਪਿੰਡ ਪੜ੍ਹੀ ਵਿਖੇ ਐਸ ਡੀ ਐਮ ਹਰਬੰਸ ਸਿੰਘ ਨਦੀ ਟੁੱਟਣ ਕਾਰਨ ਹੋਏ ਨੁਕਸਾਨ ਦੀ ਜ਼ਮੀਨੀ ਪੱਧਰ ਉਤੇ ਸਮੀਖਿਆ ਕਰਨ ਲਈ ਮੌਕੇ ਉਤੇ ਗਏ।
ਇਸ ਉਪਰੰਤ ਐਸ ਡੀ ਐੱਮ ਸਿੰਬਲ ਝੱਲੀਆਂ, ਮਗਰੋੜ, ਗਰੇਵਾਲ, ਕੋਟਲਾ ਨਿਹੰਗ ਸਮੇਤ ਰੂਪਨਗਰ ਸ਼ਹਿਰ ਨੂੰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਆਮ ਲੋਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪ ਸਭ ਦੇ ਹੋਏ ਨੁਕਸਾਨ ਲਈ ਸਰਵੇਖਣ ਕਰਵਾ ਰਹੀ ਹੈ। ਉਨ੍ਹਾਂ ਕਿਹਾ ਰੂਪਨਗਰ ਸ਼ਹਿਰ ਵਿੱਚ ਸਭ ਤੋਂ ਵੱਧ ਨੁਕਸਾਨ ਬਸੰਤ ਨਗਰ ਵਿੱਚ ਹੋਇਆ। ਬਸੰਤ ਨਗਰ ਵਿੱਚ ਪਿਛਲੇ ਦੋ ਦਿਨਾਂ ਤੋਂ ਰਾਹਤ ਕਾਰਜ ਲਗਾਤਾਰ ਚਲ ਰਿਹਾ ਹੈ ਤੇ ਮੀਂਹ ਤੋਂ ਪ੍ਰਭਾਵਿਤ ਇਲਾਕੇ ਵਿੱਚ ਰਾਸ਼ਨ ਵੰਡਿਆ ਗਿਆ ਹੈ।
ਮਾਲ ਅਫਸਰ ਨੇ ਇੱਕ ਕਮੇਟੀ ਬਣਾਈ ਹੈ ਜਿਸ ਵਿੱਚ ਪਟਵਾਰੀਆਂ ਤੇ ਤਹਿਸੀਲਦਾਰ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਸਰਵੇਖਣ ਜਲਦ ਤੋ ਜਲਦ ਕਰਕੇ ਰਿਪੋਰਟ ਪੇਸ਼ ਕੀਤੀ ਜਾਵੇ ਤਾਂ ਜੋ ਪ੍ਰਭਾਵਿਤ ਲੋਕਾਂ ਦੀ ਮਦਦ ਹੋ ਸਕੇ।