ਵਿਰਾਸਤੀ ਮੰਚ ਬਟਾਲਾ, ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਦੇ ਅੰਮ੍ਰਿਤਸਰ ਚੈਪਟਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸ਼ਨ ਬਟਾਲਾ, ਸਾਹਿਲ-ਏ-ਬਿਆਸ ਖੇਡ ਤੇ ਸੱਭਿਆਚਾਰਕ ਸੁਸਾਇਟੀ ਦੇ ਅਹੁਦੇਦਾਰਾਂ ਨੇ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ 18ਵੀਂ ਸਦੀ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸਥਿਤ ਨਿਵਾਸ ਸਥਾਨ ਨੂੰ ਇੱਕ ਸੰਸਥਾ ਵੱਲੋਂ ਢਾਹੇ ਜਾਣ ਤੋਂ ਤੁਰੰਤ ਰੋਕਿਆ ਜਾਵੇ ਤਾਂ ਜੋ ਇਹ ਇਤਿਹਾਸਕ ਸਮਾਰਕ ਨਿਸ਼ਾਨੀ ਵਜੋਂ ਕਾਇਮ ਰਹਿ ਸਕੇ।
ਵਿਰਾਸਤੀ ਮੰਚ ਬਟਾਲਾ ਦੇ ਬੁਲਾਰੇ ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਸਿੱਖ ਮਿਸਲਾਂ ਦੇ ਦੌਰ ਦੌਰਾਨ ਸ੍ਰੀ ਹਰਗੋਬਿੰਦਪੁਰ ਸਾਹਿਬ ਸ਼ਹਿਰ ਉੱਘੇ ਸਿੱਖ ਜਰਨੈਲ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਰਾਜਧਾਨੀ ਰਿਹਾ ਹੈ। ਇਥੇ ਹੀ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਨਿਵਾਸ ਸਥਾਨ ਸੀ ਜੋ ਕਿ ਅੱਜ ਵੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਸੰਨ 1803 ਵਿੱਚ ਏਥੇ ਹੀ ਸ. ਜੱਸਾ ਸਿੰਘ ਰਾਮਗੜ੍ਹੀਆ ਦਾ ਅਕਾਲ ਚਲਾਣਾ ਹੋਇਆ ਸੀ।
ਇੰਦਰਜੀਤ ਸਿੰਘ ਹਰਪੁਰਾ ਨੇ ਦੱਸਿਆ ਕਿ ਸਾਲ 2015 ਵਿੱਚ ਰਾਮਗੜ੍ਹੀਆ ਸਿੱਖ ਹੈਰੀਟੇਜ ਟਰੱਸਟ ਵੱਲੋਂ ਇਸ ਇਤਿਹਾਸਕ ਇਮਾਰਤ ਦੀ ਮੁਰੰਮਤ ਅਤੇ ਸੰਭਾਲ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਉਸ ਸਮੇਂ ਦੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਵੱਲੋਂ ਰਖਵਾਇਆ ਗਿਆ ਸੀ।
ਟਰੱਸਟ ਦੇ ਅਹੁਦੇਦਾਰਾਂ ਨੇ ਸੰਗਤ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਰਿਹਾਇਸ਼ ਦੀ ਬਿਲਕੁਲ ਪੁਰਾਣੇ ਨਕਸ਼ੇ ਤਹਿਤ ਮੁਰੰਮਤ ਕਰਕੇ ਸੰਭਾਲ ਕਰਨਗੇ ਪਰ ਇਹ ਦੇਖ ਕੇ ਸਮੂਹ ਵਿਰਾਸਤ ਪ੍ਰੇਮੀਆਂ ਨੂੰ ਬਹੁਤ ਦੁੱਖ ਹੋਇਆ ਹੈ ਕਿ ਇਸ ਇਤਿਹਾਸਕ ਇਮਾਰਤ ਨੂੰ ਪੂਰੀ ਤਰਾਂ ਢਾਹ ਕੇ ਨਵੇਂ ਨਕਸ਼ੇ ਨਾਲ ਨਵੀਂ ਦਿੱਖ ਦਿੱਤੀ ਜਾ ਰਹੀ ਹੈ ਜੋ ਕਿ ਕਿਸੇ ਤਰ੍ਹਾਂ ਵੀ ਪਹਿਲਾਂ ਵਾਂਗ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸੇਵਾ ਕਰ ਰਹੀ ਟਰੱਸਟ ਨੇ ਜੋ ਇਮਾਰਤ ਦੀ ਮੁਰੰਮਤ ਤੇ ਸੰਭਾਲ ਦਾ ਨੀਂਹ ਪੱਥਰ ਰੱਖਿਆ ਸੀ ਉਸ ਦੇ ਬਿਲਕੁਲ ਉੱਲਟ ਜਾ ਕੇ ਕੰਮ ਕੀਤਾ ਹੈ।ਵਿਰਾਸਤੀ ਮੰਚ ਬਟਾਲਾ, ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਦੇ ਅੰਮ੍ਰਿਤਸਰ ਚੈਪਟਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸ਼ਨ ਬਟਾਲਾ, ਸਾਹਿਲ-ਏ-ਬਿਆਸ ਖੇਡ ਤੇ ਸੱਭਿਆਚਾਰਕ ਸੁਸਾਇਟੀ ਦੇ ਅਹੁਦੇਦਾਰਾਂ ਨੇ ਕਿਹਾ ਹੈ ਕਿ ਇਹ ਇਤਿਹਾਸਕ ਵਿਰਾਸਤ ਕਿਸੇ ਇੱਕ ਵਿਅਕਤੀ ਜਾਂ ਖਾਸ ਟਰੱਸਟ ਦੀ ਨਹੀਂ ਹੈ ਬਲਕਿ ਇਸ ਨਾਲ ਸਮੁੱਚੇ ਸਿੱਖ ਪੰਥ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਇਮਾਰਤ ਨੂੰ ਢਾਹੁਣਾ ਬੰਦ ਕਰਵਾ ਕੇ ਟਰੱਸਟ ਕੋਲੋਂ ਪਹਿਲਾਂ ਦੇ ਨਕਸ਼ੇ ਮੁਤਾਬਕ ਹੀ ਇਮਾਰਤ ਤਿਆਰ ਕਰਵਾਈ ਜਾਵੇ। ਜੇਕਰ ਟਰੱਸਟ ਅਜਿਹਾ ਕਰਨ ਤੋਂ ਨਾਂਹ ਕਰਦੀ ਹੈ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਵਿਰਾਸਤੀ ਮੰਚ ਬਟਾਲਾ, ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਦੇ ਅੰਮ੍ਰਿਤਸਰ ਚੈਪਟਰ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫਾਊਂਡੇਸ਼ਨ ਬਟਾਲਾ, ਸਾਹਿਲ-ਏ-ਬਿਆਸ ਖੇਡ ਤੇ ਸੱਭਿਆਚਾਰਕ ਸੁਸਾਇਟੀ ਦੇ ਅਹੁਦੇਦਾਰਾਂ ਨੇ ਰਾਜ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਿੱਚ ਇਤਿਹਾਸਕ ਤਲਾਬ ਤੋਂ ਇਲਾਵਾ ਹੋਰ ਵੀ ਜਿਹੜੀਆਂ ਇਤਿਹਾਸਕ ਥਾਵਾਂ ਉੱਪਰ ਨਜ਼ਾਇਜ ਕਬਜ਼ੇ ਹੋਏ ਉਨ੍ਹਾਂ ਨੂੰ ਛੁਡਵਾ ਕੇ ਸਰਕਾਰ ਆਪਣੇ ਅਧੀਨ ਲਵੇ।
ਸ. ਜੱਸਾ ਸਿੰਘ ਰਾਮਗੜ੍ਹੀਆ ਦੇ ਨਿਵਾਸ ਸਥਾਨ ਦੇ ਦੌਰੇ ਮੌਕੇ ਉਪਰਕੋਤ ਸੰਸਥਾਵਾਂ ਦੇ ਅਹੁਦੇਦਾਰ ਬਲਦੇਵ ਸਿੰਘ ਰੰਧਾਵਾ, ਗਗਨਦੀਪ ਸਿੰਘ ਵਿਰਕ, ਰਾਜਪ੍ਰੀਤ ਸਿੰਘ ਢਿਲੋਂ, ਠੇਕੇਦਾਰ ਕੁਲਵਿੰਦਰ ਸਿੰਘ ਲਾਡੀ ਜੱਸਲ, ਗੁਰਦਰਸ਼ਨ ਸਿੰਘ ਬਟਾਲਾ, ਸੁਖਦੇਵ ਸਿੰਘ ਰੰਧਾਵਾ, ਪ੍ਰੋ. ਜਸਬੀਰ ਸਿੰਘ, ਮਾਸਟਰ ਜੋਗਿੰਦਰ ਸਿੰਘ ਅੱਚਲੀਗੇਟ, ਬੀ.ਪੀ.ਓ. ਪੋਹਲਾ ਸਿੰਘ, ਹਰਪ੍ਰੀਤ ਸਿੰਘ ਨਿਰਗੁਣ, ਹਰਜੀਤ ਸਿੰਘ ਸੋਖੀ, ਸਰਪੰਚ ਗੁਰਦੀਪ ਸਿੰਘ ਹਰਦਾਨ, ਸਰਪੰਚ ਸਿਕੰਦਰ ਸਿੰਘ ਕਰਨਾਮਾ, ਸਰਪੰਚ ਮਨਦੀਪ ਸਿੰਘ ਟਨਾਣੀਵਾਲ, ਭੁਪਿੰਦਰ ਸਿੰਘ ਸਰਪੰਚ ਮਾੜੀ ਪੰਨਵਾਂ, ਰੁਪਿੰਦਰ ਸਿੰਘ ਗੁਰਾਇਆ ਮਾੜੀ ਬੁਚੀਆਂ, ਅਜਮੇਰ ਸਿੰਘ, ਜੋਗਾ ਸਿੰਘ ਮਾੜੀ ਪੰਨਵਾਂ, ਧਰਮ ਸਿੰਘ ਪੰਨੂ, ਜਥੇਦਾਰ ਸਰਬਜੀਤ ਸਿੰਘ, ਰਾਜਨ ਮਾਨ ਅੰਮ੍ਰਿਤਸਰ, ਹਰਬਖਸ਼ ਸਿੰਘ ਬਟਾਲਾ, ਬਲਵਿੰਦਰ ਸਿੰਘ ਪੰਜਗਰਾਈਆਂ, ਗੁਰਪ੍ਰੀਤ ਸਿੰਘ ਚਾਵਲਾ, ਭੁਪਿੰਦਰ ਸਿੰਘ ਪ੍ਰਿੰਸ ਵੀ ਹਾਜ਼ਰ ਸਨ।