ਕੌਮੀ ਕੁਸ਼ਟ ਨਿਵਾਰਨ ਪੰਦਰਵਾੜੇ ਤਹਿਤ ਅੱਜ ਸਿਵਲ ਸਰਜਨ ਡਾ. ਪਰਮਿੰਦਰ ਕੌਰ ਵੱਲੋਂ ਕੁਸ਼ਟ ਨਿਵਾਰਨ ਸਬੰਧੀ ਜਾਗਰੂਕਤਾ ਰੈਲੀ ਨੂੰ ਸਿਵਲ ਹਸਪਤਾਲ ਸੰਗਰੂਰ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਹ ਜਾਗਰੂਕਤਾ ਰੈਲੀ ਬਰਨਾਲਾ ਕੈਂਚੀਆਂ, ਕੌਲਾ ਪਾਰਕ ਤੋਂ ਹੁੰਦੀ ਹੋਈ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਵਿਖੇ ਸਮਾਪਤ ਹੋਈ।
ਇਸ ਮੌਕੇ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਕੁਸ਼ਟ ਰੋਗ ਇਲਾਜਯੋਗ ਹੈ ਅਤੇ ਇਸਦਾ ਇਲਾਜ ਤਾਂ ਹੀ ਸੰਭਵ ਹੈ ਜੇਕਰ ਮੁੱਢਲੀ ਅਵਸਥਾ ਵਿੱਚ ਇਸਦੇ ਚਿੰਨ੍ਹਾਂ ਦੀ ਪਛਾਣ ਕਰਕੇ ਤੁਰੰਤ ਇਲਾਜ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਚਮੜੀ ਦੇ ਰੰਗ ਨਾਲੋਂ ਫਿੱਕਾ, ਇੱਕ ਜਾਂ ਇੱਕ ਤੋਂ ਜ਼ਿਆਦਾ ਦਾਗ/ਧੱਬੇ ਜੋ ਸੁੰਨ ਹੋਣ ਤੇ ਸੁੱਕੇ ਹੋਣ, ਪਸੀਨਾ ਨਾ ਆਉਣਾ, ਖਾਰਸ਼, ਜਲਣ ਜਾਂ ਚੁਭਣ ਨਾ ਹੋਵੇ ਤਾਂ ਕੁਸ਼ਟ ਰੋਗ ਹੋ ਸਕਦਾ ਹੈ।
ਉਨਾਂ ਦੱਸਿਆ ਕਿ ਕੁਸ਼ਟ ਰੋਗ ਤੋਂ ਪ੍ਰਭਾਵਿਤ ਹਿੱਸੇ ‘ਤੇ ਮਰੀਜ ਨੂੰ ਠੰਡੇ -ਤੱਤੇ ਅਤੇ ਕਿਸੇ ਵੀ ਤਰਾਂ ਦੀ ਸੱਟ ਲੱਗਣ ਦਾ ਪਤਾ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਸਾਨੂੰ ਕੁਸ਼ਟ ਰੋਗੀਆਂ ਦੀ ਪਛਾਣ ਜਲਦੀ ਕਰਕੇ ਇਲਾਜ ਕਰਵਾਉਣਾ ਚਾਹੀਦਾ ਹੈ ਤਾਂ ਜੋ ਦਿਵਿਆਂਗ ਹੋਣ ਤੋਂ ਬਚਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਜਾਗਰੂਕਤਾ ਰੈਲੀ ਰਾਹੀ ਕੁਸ਼ਟ ਰੋਗੀਆਂ ਨਾਲ ਕਿਸੇ ਕਿਸਮ ਦਾ ਭੇਦ ਭਾਵ ਨਾ ਕਰਨ ਸਬੰਧੀ ਅਤੇ ਕੁਸ਼ਟ ਰੋਗ ਦੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੁਸ਼ਟ ਦੀ ਜਾਂਚ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਮੁਫਤ ਹੁੰਦਾ ਹੈ। ਇਸ ਮੌਕੇ ਡੀ.ਆਈ.ਓ. ਡਾ. ਅੰਜੂ ਸਿੰਗਲਾ, ਸੀਨੀਅਰ ਮੈਡੀਕਲ ਅਫਸਰ ਡਾ. ਕ੍ਰਿਪਾਲ ਸਿੰਘ, ਡੀ.ਐਮ.ਸੀ. ਡਾ. ਵਿਕਾਸ ਧੀਰ, ਡੀ.ਐਲ.ਓ. ਡਾ. ਨਵਦੀਪ ਅਰੋੜਾ, ਐਨ.ਐਮ.ਐਸ. ਹਰਪਾਲ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।