ਅਜੋਕੇ ਤਕਨਾਲੋਜੀ ਭਰਪੂਰ ਸੰਚਾਰ ਸਾਧਨਾਂ ਰਾਹੀਂ ਪੰਜਾਬੀ ਦੇ ਪ੍ਰਸਾਰ ਅਤੇ ਪ੍ਰਚਾਰ ਨੂੰ ਵਿਸ਼ੇਸ਼ ਤਵੱਜੋਂ ਦੇ ਕੇ ਜਿੱਥੇ ਅਸੀਂ ਆਪਣੀ ਮਾਂ ਬੋਲੀ ਪ੍ਰਤੀ ਬਣਦੀ ਜਿੰਮੇਵਾਰੀ ਨਿਭਾ ਸਕਦੇ ਹਾਂ, ਉਥੇ ਹੀ ਗੁਰੂਆਂ ਪੀਰਾਂ ਦੁਆਰਾ ਨਿਵਾਜੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਸਤਿਕਾਰ ਵੀ ਦੇ ਸਕਦੇ ਹਾਂ। ਇਹ ਵਿਚਾਰ ਡਾ. ਦਵਿੰਦਰ ਸਿੰਘ ਬੋਹਾ ਜਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਨੇ ਅੱਜ ਭਾਸ਼ਾ ਵਿਭਾਗ ਵੱਲੋਂ ਜਿਲਾ ਐਸ.ਏ.ਐਸ.ਨਗਰ ਦੇ ਦੋ ਸ਼ਾਇਰਾਂ ਸੁਖਜਿੰਦਰਜੀਤ ਸਿੰਘ ਸੋਢੀ ਅਤੇ ਮਨਦੀਪ ਕੌਰ ਨਾਗੀ ਦਾ ਵਿਸ਼ੇਸ਼ ਸਨਮਾਨ ਕਰਨ ਮੌਕੇ ਕਰਵਾਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਗਟ ਕੀਤੇ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਇਨਾਂ ਦੋਵੇਂ ਸ਼ਾਇਰਾਂ ਵੱਲੋਂ ਆਜਾਦੀ ਦੇ 75ਵੇਂ ਮਹਾਂ ਉਤਸਵ ਮੌਕੇ ਇੰਡੀਆ ਬੁੱਕ ਆਫ਼ ਰਿਕਾਰਡ ਲਈ 7575 ਕਵਿਤਾਵਾਂ ਦੇ ਬਣਾਏ ਇੱਕ ਰਿਕਾਰਡ ਵਿੱਚ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਕਰਨ ਲਈ ਆਪਣੀਆਂ ਰਚਨਾਵਾਂ ਭੇਜੀਆਂ ਗਈਆਂ ਸਨ, ਜੋ ਕਿ ਇਸ ਵਿਸ਼ੇਸ਼ ਰਿਕਾਰਡ ਦਾ ਹਿੱਸਾ ਬਣੀਆਂ ਹਨ, ਸਮੁੱਚੇ ਪੰਜਾਬੀ ਸਾਹਿਤ ਜਗਤ ਲਈ ਪ੍ਰਸ਼ੰਸ਼ਾਯੋਗ ਗੱਲ ਹੈ।
ਡਾ. ਬੋਹਾ ਨੇ ਕਿਹਾ ਕਿ ਬੁੱਧੀਜੀਵੀਆਂ, ਚਿੰਤਕਾਂ ਅਤੇ ਸਾਹਿਤਕਾਰਾਂ ਦੇ ਨਾਲ-ਨਾਲ ਅਸੀਂ ਖੁਦ ਵੀ ਆਪੋ-ਆਪਣੇ ਤਰੀਕਿਆਂ ਤੇ ਵਸੀਲਿਆਂ ਰਾਹੀਂ ਪੰਜਾਬੀ ਪ੍ਰਤੀ ਹੋਰਨਾਂ ਨੂੰ ਉਤਸ਼ਾਹਿਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਮਾਣਮੱਤੀ ਗੱਲ ਹੈ ਕਿ ਅੱਜ ਪੰਜਾਬੀ ਸਾਹਿਤ ਨੂੰ ਕਿਸੇ ਵੀ ਜੁਬਾਨ ਦੇ ਸਾਹਿਤ ਦੇ ਮੁਕਾਬਲੇ ਨਿਧੜਕਤਾ ਨਾਲ ਪੇਸ਼ ਕੀਤਾ ਜਾ ਸਕਦਾ ਹੈ।
ਇਸ ਮੌਕੇ ਇੰਡੀਆ ਬੁੱਕ ਆਫ਼ ਰਿਕਾਰਡ ਸਬੰਧੀ ਜਾਣਕਾਰੀ ਦਿੰਦਿਆਂ ਕਵਿੱਤਰੀ ਮਨਦੀਪ ਕੌਰ ਨਾਗੀ ਨੇ ਦੱਸਿਆ ਕਿ ਇੱਕੋ ਸਮੇਂ 7575 ਕਵਿਤਾਵਾਂ ਦੇ ਬਣੇ ਇਸ ਰਿਕਾਰਡ ਵਿੱਚ ਉਨ੍ਹਾਂ ਵੱਲੋਂ ਪੰਜਾਬੀ ਦੀਆਂ ਚਾਰ ਕਿਤਾਬਾਂ ਦੀ ਸੰਪਾਦਨਾ ਕੀਤੀ ਗਈ ਹੈ, ਜਿਨਾਂ ਵਿੱਚ ‘ਮਾਂ’, ‘ਪੰਜਾਬ ਸੋਨੇ ਦੀ ਚਿੜੀ’, ਸੋਚਾਂ ਦੀ ਸਤਰੰਗੀ ਪੀਘ’, ‘ਆਜਾਦੀ ਦੇ ਖੰਭ’ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਅੱਗਿਓ ਵੀ ਉਹ ਆਪਣੇ ਕਿੱਤੇ ਦੇ ਨਾਲ ਨਾਲ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੂਰੀ ਤਰਾਂ ਸੁਹਿਰਦ ਹਨ।
ਇਸ ਮੌਕੇ ਸਾਹਿਤਕਾਰ ਸੁਖਜਿੰਦਰਜੀਤ ਸਿੰਘ ਸੋਢੀ ਨੇ ਕਿਹਾ ਕਿ ਮਾਂ ਬੋਲੀ ਦੀ ਸੇਵਾ ਦੌਰਾਨ ਇਸ ਰਿਕਾਰਡ ਦਾ ਹਿੱਸਾ ਬਣਨਾ ਉਨ੍ਹਾਂ ਲਈ ਬਹੁਤ ਹੀ ਮਾਣ ਅਤੇ ਸੁਭਾਗ ਵਾਲੀ ਗੱਲ ਹੈ ਅਤੇ ਦੇਸ਼ ਦੀਆਂ ਬਾਕੀ ਭਾਸ਼ਾਵਾਂ ਦੇ ਕਵੀਆਂ ਦੇ ਨਾਲ-ਨਾਲ ਉਨ੍ਹਾਂ ਵੱਲੋ ਪੰਜਾਬੀ ਮਾਂ ਬੋਲੀ ’ਚ ਆਪਣੀਆਂ ਕਵਿਤਾਵਾਂ ਲਿਖਤੀ ਰੂਪ ਵਿੱਚ ਪੇਸ਼ ਕਰਕੇ ਤੁੱਛ ਜਿਹਾ ਯੋਗਦਾਨ ਪਾਉਣ ਦਾ ਯਤਨ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਜੇਕਰ ਸਾਡੇ ਅੰਦਰ ਜ਼ਜ਼ਬਾ, ਲਗਨ, ਉਤਸ਼ਾਹ ਅਤੇ ਆਤਮ ਵਿਸ਼ਵਾਸ਼ ਹੈ ਤਾਂ ਕਿਸੇ ਵੀ ਮੰਜਿਲ ਨੂੰ ਆਸਾਨੀ ਨਾਲ ਸਰ ਕੀਤਾ ਜਾ ਸਕਦਾ ਹੈ। ਉਨ੍ਹਾਂ ਮਾਂ ਬੋਲੀ ਦਾ ਰੁਤਬਾ ਕਾਇਮ ਰੱਖਣ ਲਈ ਆਉਣ ਵਾਲੀ ਪੀੜੀ ਨੂੰ ਪੰਜਾਬੀ ਨਾਲ ਜੋੜਣ ਲਈ ਸਾਰਥਿਕ ਯਤਨ ਕਰਨ ਦੀ ਵੀ ਅਪੀਲ ਕੀਤੀ। ਇਸ ਮੌਕੇ ਦੋਵੇਂ ਸਾਹਿਤਕਾਰਾਂ ਵੱਲੋਂ ਇੰਡੀਆ ਬੁੱਕ ਆਫ਼ ਰਿਕਾਰਡ ਦਾ ਹਿੱਸਾ ਬਣੀਆਂ ਆਪਣੀਆਂ ਰਚਨਾਵਾਂ ਪੇਸ਼ ਕਰਕੇ ਰੰਗ ਬੰਨਿਆ ਗਿਆ।
ਇਸ ਮੌਕੇ ਜਿਲਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸ਼ਾਇਰ ਸੁਖਜਿੰਦਰਜੀਤ ਸਿੰਘ ਸੋਢੀ ਅਤੇ ਮਨਦੀਪ ਕੌਰ ਨਾਗੀ ਦਾ ਭਾਸ਼ਾ ਵਿਭਾਗ ਜਿਲਾ ਐਸ.ਏ.ਐਸ.ਨਗਰ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ਜਸਵੀਰ ਸਿੰਘ ਖੇੜਾ, ਜਤਿੰਦਰਪਾਲ ਸਿੰਘ, ਪ੍ਰਭਦੀਪ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਕੌਰ, ਰਾਜਬੀਰ ਕੌਰ, ਹਬੀਬ ਖਾਨ, ਹਰਪ੍ਰੀਤ ਸਿੰਘ, ਹਰਸਿਮਰਨ ਸਿੰਘ, ਜਤਿੰਦਰ ਸਿੰਘ, ਤਜਿੰਦਰ ਸਿੰਘ ਸਮੇਤ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।