ਵਿਸ਼ਵ ਦੀ ਵੰਨ ਸਟਾਪ ਸ਼ਾਪਿੰਗ ਈ-ਕਾਮਰਸ ਕੰਪਨੀ 'ਫਲਿੱਪਕਾਰਟ' ਨੇ ਦੇਸ਼ ਦੇ ਉੱਦਮੀ ਕਿਸਾਨਾਂ ਤੋਂ ਦਾਲਾਂ, ਚੌਲ ਅਤੇ ਦਲੀਆ ਖਰੀਦਣ ਵਿੱਚ ਇੱਛਾ ਪ੍ਰਗਟ ਕੀਤੀ ਹੈ। ਇਸ ਖਰੀਦਦਾਰੀ ਨੂੰ ਸਿਰੇ ਚਾੜਨ ਲਈ ਕੰਪਨੀ ਵੱਲੋਂ ਕੇਂਦਰੀ ਮਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ (ਇਨਵੈਸਟ ਇੰਡੀਆ) ਨੂੰ 1800 ਕਰੋੜ ਰੁਪਏ ਦੀ ਖਰੀਦਦਾਰੀ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ। ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਦੀਪ ਸਿੰਘ ਬਰਾੜ ਨੇ ਜ਼ਿਲ੍ਹਾ ਫਰੀਦਕੋਟ ਦੇ ਉੱਦਮੀ ਕਿਸਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ ਹੈ।
ਇਸ ਸੰਬੰਧੀ ਉੱਦਮੀ ਕਿਸਾਨਾਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਭਾਰਤ ਸਰਕਾਰ ਦੀ ਯੋਜਨਾ 'ਇੱਕ ਜ਼ਿਲ੍ਹਾ ਇੱਕ ਉਤਪਾਦ' ਤਹਿਤ ਮੂੰਗੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਉੱਤੇ ਜ਼ੋਰ ਲਗਾ ਰਿਹਾ ਹੈ, ਇਸ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਜ਼ਿਲ੍ਹੇ ਦੇ ਮੂੰਗੀ ਅਤੇ ਹੋਰ ਦਾਲਾਂ ਦੇ ਉਤਪਾਦਕ ਆਪਣੇ ਉਤਪਾਦਾਂ ਦੀ ਬਰੈਂਡਿੰਗ ਕਰਕੇ ਕੰਪਨੀ ਰਾਹੀਂ ਵਿਸ਼ਵ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਇੰਨਵੈਸਟ ਇੰਡੀਆ ਦੀ ਕੋਰ ਕਮੇਟੀ ਦੇ ਮੈਂਬਰ ਸ੍ਰ. ਇਸ਼ਦੀਪ ਸਿੰਘ ਵੱਲੋਂ ਇਸ ਸਕੀਮ ਅਧੀਨ ਕਿਸਾਨਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਕ ਜ਼ਿਲ੍ਹਾ ਇਕ ਪ੍ਰੋਡਕਟ ਸਕੀਮ ਅਧੀਨ ਉਕਤ ਕੰਪਨੀ ਕਿਸਾਨਾਂ ਤੋਂ ਦਾਲਾਂ, ਚੌਲ ਅਤੇ ਦਲੀਏ ਦੀ ਵੱਡੀ ਮਾਤਰਾ ਵਿਚ ਖਰੀਦ ਕਰੇਗੀ। ਇਸ ਸਕੀਮ ਅਧੀਨ ਜ਼ਿਲ੍ਹਾ ਫਰੀਦਕੋਟ ਤੋਂ ਵਧੇਰੇ ਚੌਲ ਦੀ ਖਰੀਦ ਕੀਤੀ ਜਾਵੇਗੀ। ਇਸ ਸਕੀਮ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ।
ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਤਪਾਦਾਂ ਦੇ ਸੈਂਪਲ (ਨਮੂਨੇ) ਜਲਦ ਤੋਂ ਜਲਦ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਇਹ ਸੈਂਪਲ ਇਨਵੈਸਟ ਇੰਡੀਆ ਵੱਲੋਂ ਕੰਪਨੀ ਨੂੰ ਭੇਜੇ ਜਾਣਗੇ। ਜਿਹੜੇ ਸੈਂਪਲ ਕੰਪਨੀ ਦੇ ਮਾਪਦੰਡਾਂ ਨੂੰ ਪੂਰਾ ਕਰਨਗੇ ਉਨ੍ਹਾਂ ਨੂੰ ਸਪਲਾਈ ਲਈ ਆਰਡਰ ਕੰਪਨੀ ਵੱਲੋਂ ਜਾਰੀ ਕੀਤਾ ਜਾਵੇਗਾ। ਵਧੇਰੀ ਜਾਣਕਾਰੀ ਲਈ ਸੰਪਰਕ ਨੰਬਰ 9914700548 ਉੱਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਰੀਦਕੋਟ ਵਿਚ ਤਕਰੀਬਨ 10000 ਹੈਕਟੇਅਰ ਬਾਸਮਤੀ ਅਤੇ 104000 ਹੈਕਟਰ ਰਕਬੇ ਵਿਚ ਪਰਮਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਜੇਕਰ ਇਹ ਸਕੀਮ ਅਧੀਨ ਫਸਲ ਦੀ ਖਰੀਦਦਾਰੀ ਹੋਵੇਗੀ ਤਾਂ ਭਵਿੱਖ ਵਿਚ ਬਾਸਮਤੀ ਅਧੀਨ ਕਾਫੀ ਰਕਬਾ ਵਧਣ ਦੀ ਸੰਭਾਵਨਾ ਹੈ। ਇਸ ਮੌਕੇ ਸ੍ਰ. ਸੁਖਮਿੰਦਰ ਸਿੰਘ ਰੇਖੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ, ਅਗਾਂਹ ਵਧੂ ਕਿਸਾਨ ਜਗਮੀਤ ਸਿੰਘ ਬੇਗੂਵਾਲਾ, ਬਲਧੀਰ ਸਿੰਘ, ਰਾਜਿੰਦਰ ਸਿੰਘ ਕਿੰਗਰਾ, ਵਿਸ਼ਵ ਇੰਦਰ ਸਿੰਘ ਰਣ ਸਿੰਘ ਵਾਲਾ, ਰਾਜਿੰਦਰ ਸਿੰਘ ਕਿੰਗਰਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਅਤੇ ਕਾਰੋਬਾਰੀ ਹਾਜ਼ਰ ਸਨ।